ਜਗਰਾਉਂ (ਸਮਾਜਵੀਕਲੀ) : ਇੱਥੇ ਬੀਤੀ ਰਾਤ ਆਈ ਤੇਜ਼ ਨ੍ਹੇਰੀ ਨੇ ਪਾਵਰਕੌਮ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਅੱਜ ਦੂਸਰੇ ਦਿਨ ਵੀ ਬਿਜਲੀ ਕਾਮੇ ਸ਼ਾਮ ਤੱਕ ਸੜਕਾਂ, ਖੇਤਾਂ, ਰਸਤਿਆਂ ’ਤੇ ਪਏ ਟੁੱਟੇ ਖੰਭੇ ਚੁੱਕਣ ਵਿੱਚ ਲੱਗੇ ਰਹੇ। ਤੇਜ਼ ਨ੍ਹੇਰੀ ਅਤੇ ਬਾਰਸ਼ ਨੇ ਸਮੁੱਚੇ ਇਲਾਕੇ ਵਿੱਚ ਦਰੱਖਤਾਂ ਅਤੇ ਖੰਭਿਆਂ ਦਾ ਵੱਡਾ ਨੁਕਸਾਨ ਕੀਤਾ ਹੈ।
ਇਸੇ ਦੌਰਾਨ ਇੱਕ ਕਾਰ ’ਤੇ ਦਰੱਖਤ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਨ੍ਹੇਰੀ ਕਾਰਨ ਸਿੱਧਵਾਂ ਬੇਟ-ਜਗਰਾਉਂ-ਜਲੰਧਰ ਮਾਰਗ ’ਤੇ ਡਿੱਗੇ ਭਾਰੀ ਸਫੈਦਿਆਂ ਕਾਰਨ ਸ਼ਹਿਰਾਂ ਦਾ ਸੰਪਰਕ ਟੁੱਟਿਆ ਤੇ ਆਵਾਜਾਈ ਵੀ ਠੱਪ ਰਹੀ। ਇਸੇ ਤਰ੍ਹਾਂ ਰਾਏਕੋਟ ਰੋਡ, ਲੁਧਿਆਣਾ-ਫਿਰੋਜ਼ਪੁਰ ਮਾਰਗ, ਅਲੀਗੜ੍ਹ-ਮਲਕ-ਚੀਮਨਾਂ ਆਦਿ ਸਾਰੇ ਰਸਤੇ ਬੰਦ ਰਹੇ। ਅਚਨਚੇਤੀ ਹੋਏ ਨੁਕਸਾਨ ਕਾਰਨ ਦੋ ਦਿਨ ਤੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਿੱਚ ਹਫੜਾ-ਦਫੜਾ ਮੱਚੀ ਹੋਈ ਹੈ।
ਬਿਜਲੀ ਸਪਲਾਈ ਵੀ ਠੱਪ ਹੋ ਗਈ, ਲੰਬੀ ਜੱਦੋ-ਜਹਿਦ ਉਪਰੰਤ ਬਿਜਲੀ ਕਾਮਿਆਂ ਨੇ ਘਰਾਂ ਦੀ ਸਪਲਾਈ ਤਾਂ ਚਲਾ ਦਿੱਤੀ ਪਰ ਖੇਤਾਂ ਦੀ ਸਪਲਾਈ ਚਾਲੂ ਕਰਨ ਲਈ ਵੱਡੀ ਗਿਣਤੀ ਵਿੱਚ ਟੁੱਟੇ ਖੰਭਿਆਂ ਨੂੰ ਬਦਲਣ ਦਾ ਕੰਮ ਸਾਰਾ ਦਿਨ ਚੱਲਦਾ ਰਿਹਾ। ਬਿਜਲੀ ਸਪਾਲਾਈ ਠੱਪ ਹੋਣ ਕਾਰਨ ਪਿੰਡ ਪੋਨਾਂ, ਸਿੱਧਵਾਂ, ਜਗਰਾਉਂ ਪੱਤੀ ਮਲਕ, ਗਗੜਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ ਜਰਨੇਟਰਾਂ ’ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਿਆ।
ਪਾਵਰਕੌਮ ਵਿਭਾਗ ਦੇ ਐੱਸਡੀਓ ਕੰਗ, ਜੇਈ ਮਨਜੀਤ ਸਿੰਘ ਅਤੇ ਲਾਈਨਮੈਨ ਬੂਟਾ ਸਿੰਘ ਅਨੁਸਾਰ ਵਿਭਾਗ ਦਾ ਵੱਡਾ ਨੁਕਸਾਨ ਹੋਇਆ ਹੈ, ਜਲਦੀ ਲਾਈਨਾਂ ਦੀ ਮੁਰੰਮਤ ਕਰਨ ਮਗਰੋਂ ਟੁੱਟੇ ਖੰਭੇ ਬਦਲ ਕੇ ਸਪਲਾਈ ਚਾਲੂ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਾ ਆਵੇ।