ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ

ਲੁਧਿਆਣਾ (ਸਮਾਜਵੀਕਲੀ) :  ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ 3 ਨਸ਼ਾ ਤਸਕਰਾਂ ਨੂੰ 967 ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਏਆਈਜੀ ਲੁਧਿਆਣਾ ਰੇਂਜ ਸਨੇਹਦੀਪ ਸ਼ਰਮਾ ਨੇ ਦੱਸਿਆ ਹੈ ਕਿ ਪੁਲੀਸ ਨੇ 615 ਗ੍ਰਾਮ ਹੈਰੋਇਨ ਸਮੇਤ ਰਾਜ ਕੁਮਾਰ ਉਰਫ ਰਾਜੂ ਵਾਸੀ ਮੁਹੱਲਾ ਵਿਜੇ ਨਗਰ ਡਾਬਾ ਅਤੇ ਸੁਮੀਤ ਕੁਮਾਰ ਵਾਸੀ ਨਿਊ ਕੁਲਦੀਪ ਨਗਰ ਬਸਤੀ ਜੋਧੇਵਾਲ ਨੂੰ ਮੋਟਰਸਾਈਕਲ ’ਤੇ ਵਿਜੇ ਨਗਰ ਤੋਂ ਸੰਜੇ ਗਾਂਧੀ ਕਾਲੋਨੀ ਜਾਂਦਿਆਂ ਗੰਦਾ ਨਾਲਾ ਪਾਣੀ ਵਾਲੀ ਟੈਂਕੀ ਕੋਲ ਗ੍ਰਿਫ਼ਤਾਰ ਕਰਕੇ ਪੁਲੀਸ ਅਧਿਕਾਰੀ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਹੈਂਡ ਬੈਗ ਵਿੱਚੋਂ ਲੁਕੋ ਕੇ ਰੱਖੀ ਹੈਰੋਇਨ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਉਰਫ ਰਾਜੂ ਵਿਹਲਾ ਹੀ ਰਹਿੰਦਾ ਹੈ, ਜਦਕਿ ਸੁਮੀਤ ਕੁਮਾਰ ਓਵਰਲਾਕ ਦਾ ਕੰਮ ਕਰਦਾ ਹੈ। ਉਹ ਦੋਵੇਂ ਖੁਦ ਨਸ਼ੇ ਦੇ ਆਦੀ ਹਨ ਅਤੇ ਪਿਛਲੇ ਤਿੰਨ ਚਾਰ ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਸਨ। ਉਨ੍ਹਾਂ ਇਹ ਖੇਪ ਦਿੱਲੀ ਤੋਂ ਕਿਸੇ ਨਾਈਜੀਰੀਅਨ ਪਾਸੋਂ ਸਸਤੇ ਭਾਅ ਤੇ ਖਰੀਦੀ ਸੀ, ਜਿਸ ਨੂੰ ਉਨ੍ਹਾਂ ਅੱਗੇ ਮਹਿੰਗੇ ਭਾਅ ’ਤੇ ਵੇਚਣਾ ਸੀ। ਪੁਲੀਸ ਵੱਲੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਪੁਛਗਿੱਛ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਨਸ਼ਾ ਤਸਕਰ ਨੂੰ 352 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਐੱਸਟੀਐੱਫ ਦੀ ਟੀਮ ਨੇ ਜਨਵਰੀ ਮਹੀਨੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 1 ਕਿੱਲੋ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੂੰ ਅਜੇ ਕੁਮਾਰ ਉਰਫ ਕਾਕੂ ਦੀ ਭਾਲ ਸੀ ਅਤੇ ਉਹ ਪੁਲੀਸ ਤੋਂ ਬਚਾਅ ਲਈ ਲੁਕਦਾ ਆ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਉਸ ਨੂੰ ਮਾਡਲ ਟੂਮ ਸਥਿਤ ਗੋਲ ਮਾਰਕੀਟ ਦੇ ਇੱਕ ਸ਼ੋਅਰੂਮ ਵਿੱਚੋਂ ਗ੍ਰਿਫ਼ਤਾਰ ਕਰਨ ਉਪਰੰਤ ਕੀਤੀ ਪੁੱਛ ਪੜਤਾਲ ਦੌਰਾਨ ਉਸ ਦੇ ਘਰ ਮਾਨ ਨਗਰ ਡਾਬਾ ਰੋਡ ਵਿੱਚ ਰੱਖੀ ਹੈਰੋਇਨ ਪੀਪੀਐੱਸ ਪਵਨਜੀਤ ਦੀ ਹਾਜ਼ਰੀ ਵਿੱਚ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਮਾਰ ਉਰਫ ਕਾਕੂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਪੁਲੀਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।

Previous articleਤੇਜ਼ ਨ੍ਹੇਰੀ ਕਾਰਨ ਦਰੱਖ਼ਤ ਡਿੱਗੇ
Next articleਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ