ਪਟਿਆਲਾ (ਸਮਾਜਵੀਕਲੀ) : ਕਾਂਗਰਸ ਆਗੂ ਤੇ ਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਅੱਜ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ। ਇਨ੍ਹਾਂ ਦੋਵਾਂ ਜੀਆਂ ਨੇ ਆਪਣੇ ਅਸਤੀਫ਼ੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭੇਜ ਦਿੱਤੇ ਹਨ। ਸੰਧੂ ਜੋੜੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਗੁੱਟ ’ਚ ਸ਼ਾਮਲ ਹੋ ਰਹੀ ਹੈ। ਇਸ ਸਬੰਧੀ ਰਸਮੀ ਐਲਾਨ ਉਨ੍ਹਾਂ ਵੱਲੋਂ ਢੀਂਡਸਾ ਦੀ ਹਾਜ਼ਰੀ ’ਚ ਸੋਮਵਾਰ ਨੂੰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੰਧੂ ਦੇ ਮਾਤਾ ਮਰਹੂਮ ਜਸਦੇਵ ਕੌਰ ਸੰਧੂ ਤਿੰਨ ਵਾਰ ਅਤੇ ਪਿਤਾ ਮਰਹੂਮ ਜਸਦੇਵ ਸਿੰਘ ਸੰਧੂ ਪੰਜ ਵਾਰ ਵਿਧਾਇਕ ਰਹੇ ਹਨ। ਪਿਤਾ ਇੱਕ ਵਾਰ ਮੰਤਰੀ ਅਤੇ ਇੱਕ ਵਾਰ ਐੱਸ.ਐੱਸ ਬੋਰਡ ਦੇ ਚੇਅਰਮੈਨ ਵੀ ਰਹੇ ਸਨ। ਤੇਜਿੰਦਰਪਾਲ ਸੰਧੂ ਵੀ 2000 ਤੋਂਂ 2002 ਤੱਕ ਐੱਸ.ਐੱਸ ਬੋਰਡ ਦੇ ਚੇਅਰਮੈਨ ਰਹੇ ਹਨ। ਸਾਲ 2012 ’ਚ ਹਲਕਾ ਸਨੌਰ ਤੋਂ ਅਕਾਲੀ ਉਮੀਦਵਾਰ ਵਜੋਂ ਲੜੀ ਵਿਧਾਨ ਸਭਾ ਦੀ ਚੋਣ ਦੌਰਾਨ ਤੇਜਿੰਦਰਪਾਲ ਸੰਧੂ ਕਾਂਗਰਸ ਦੇ ਲਾਲ ਸਿੰਘ ਤੋਂ ਕਰੀਬ 3900 ਵੋਟਾਂ ਨਾਲ ਹਾਰ ਗਏ ਸਨ।
ਪਰ 2017 ’ਚ ਅਕਾਲੀ ਦਲ ਨੇ ਸਨੌਰ ਤੋਂ ਹਰਿੰਦਰਪਾਲ ਚੰਦੂਮਾਜਰਾ ਨੂੰ ਟਿਕਟ ਦੇ ਦਿੱਤੀ, ਜਿਸ ਦੌਰਾਨ ਸੰਧੂ ਦੀ ਪਤਨੀ ਅਨੂਪਿੰਦਰ ਕੌਰ ਸੰਧੂ ਨੇ ਹਲਕਾ ਘਨੌਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਪਰ ਮਾਰਚ 2018 ਵਿਚ ਸੰਧੂ ਜੋੜੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਕਾਂਗਰਸ ’ਚ ਸ਼ਾਮਲ ਹੋ ਗਈ। ਇਥੇ ਵੀ ਬਣਦਾ ਸਤਿਕਾਰ ਨਾ ਮਿਲਦਾ ਦੇਖ ਸੰਧੂ ਜੋੜੀ ਨੇ ਕਾਂਗਰਸ ਨੂੰ ਵੀ ਅਲਵਿਦਾ ਆਖ ਦਿੱਤੀ ਹੈ। ਸ੍ਰੀ ਸੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।