ਸਾਊਦੀ ਅਰਬ ਵਿੱਚ ਪੰਜਾਬੀ ਡਰਾਈਵਰ ਦੀ ਮੌਤ

ਜਲੰਧਰ (ਸਮਾਜਵੀਕਲੀ) :  ਇੱਥੋ ਥੋੜੀ ਦੂਰ ਨਕੋਦਰ ਨੇੜਲੇ ਪਿੰਡ ਰਹੀਮਪੁਰ ਦੇ ਇੱਕ ਵਿਅਕਤੀ ਦੀ ਸਾਊਦੀ ਅਰਬ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ (52) ਵਜੋਂ ਹੋਈ ਹੈ ਜੋ ਕਿ ਉੱਥੇ ਟਰਾਲਾ ਚਲਾਉਂਦਾ ਸੀ। ਇੱਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਪਰਮਜੀਤ ਸਿੰਘ ਛੇ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ।

ਮ੍ਰਿਤਕ ਦੇ ਦੋ ਬੱਚੇ ਤੇ ਪਤਨੀ ਪਿੰਡ ’ਚ ਹੀ ਰਹਿੰਦੇ ਹਨ ਜਦੋਂਕਿ ਉਸ ਦਾ ਇੱਕ ਭਾਣਜਾ ਸਾਊਦੀ ਅਰਬ ’ਚ ਹੀ ਰਹਿੰਦਾ ਹੈ। ਉਸ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਪਰਮਜੀਤ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਫੋਨ ’ਤੇ ਪਰਮਜੀਤ ਨਾਲ ਗੱਲ ਹੋਈ ਸੀ। ਉਸ ਵੇਲੇ ਪਰਮਜੀਤ ਨੇ ਬਿਮਾਰ ਹੋਣ ਜਾਂ ਕੋਈ ਹੋਰ ਸਰੀਰਕ ਤਕਲੀਫ਼ ਹੋਣ ਦੀ ਕੋਈ ਗੱਲ ਨਹੀਂ ਸੀ ਕੀਤੀ।

ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਪਰਮਜੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣਾ ਚਾਹੁੰਦੇ ਹਨ ਪਰ ਉਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਕੋਵਿਡ-19 ਮਹਾਮਾਰੀ ਕਾਰਨ ਹੋਈ ਹੈ ਜਿਸ ਕਾਰਨ ਲਾਸ਼ ਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ। ਰਹੀਮਪੁਰ ਪਿੰਡ ਦੇ ਕੁਝ ਹੋਰ ਵਿਅਕਤੀ ਸਾਊਦੀ ਅਰਬ ’ਚ ਹਨ ਜਿਨ੍ਹਾਂ ਤੋਂ ਪਰਿਵਾਰ ਨੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਆਖ਼ਰਕਾਰ ਪਰਮਜੀਤ ਨੂੰ ਹੋਇਆ ਕੀ ਸੀ ਤੇ ਉਹ ਸਾਊਦੀ ਅਰਬ ਵਿੱਚ ਕਿਹੜੇ ਹਸਪਤਾਲ ਵਿੱਚ ਹੈ?

ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਫ਼ਾਰਤਖਾਨੇ ਰਾਹੀਂ ਪਤਾ ਲਗਾਉਣ ਕਿ ਪਰਮਜੀਤ ਸਿੰਘ ਦੀ ਮੌਤ ਸੱਚੀ ਕਰੋਨਾ ਕਾਰਨ ਹੋਈ ਹੈ ਜਾਂ ਕੋਈ ਹੋਰ ਭਾਣਾ ਵਾਪਰ ਗਿਆ ਹੈ।

Previous articleਪੰਜਾਬ ਪੁਲੀਸ ਦੇ ਮੁਲਾਜ਼ਮ ਦੀ ਹਿਮਾਚਲ ਪ੍ਰਦੇਸ਼ ’ਚ ਮੌਤ
Next articleਤੇਜਿੰਦਰਪਾਲ ਸੰਧੂ ਨੇ ਕਾਂਗਰਸ ਦਾ ਹੱਥ ਛੱਡਿਆ