- ਪੁਣੇ ਜ਼ਿਲ੍ਹੇ ਵਿਚ ਦੋ ਤੇ ਰਾਇਗੜ੍ਹ ’ਚ ਇਕ ਮੌਤ
- ਗੋਆ ’ਚ ਵੀ ਭਰਵਾਂ ਮੀਂਹ ਤੇ ਨੀਵੇਂ ਇਲਾਕਿਆਂ ਵਿਚ ਹੜ੍ਹ
ਮੁੰਬਈ (ਸਮਾਜਵੀਕਲੀ): ਮੁੰਬਈ ਤੇ ਨੇੜਲੇ ਇਲਾਕੇ ਅੱਜ ਚੱਕਰਵਾਤੀ ਤੂਫ਼ਾਨ ‘ਨਿਸਰਗ’ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹੇ ਤੇ ਇਹ ਤੱਟ ਨਾਲ ਟਕਰਾ ਗਿਆ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਤਬਦੀਲ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਤੂਫ਼ਾਨ ਹੁਣ ਕਮਜ਼ੋਰ ਪੈ ਗਿਆ ਹੈ ਤੇ ਮੁੰਬਈ ਤੋਂ ਇਸ ਦਾ ਖ਼ਤਰਾ ਟਲ ਗਿਆ ਹੈ। ਤੂਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਲੋਕਾਂ ਨੂੰ ਸਿਹਤ ਜਾਂਚ ਮਗਰੋਂ ਇਨ੍ਹਾਂ ਦੀਆਂ ਰਿਹਾਇਸ਼ਾਂ ’ਤੇ ਪਹੁੰਚਾ ਦਿੱਤਾ ਜਾਵੇਗਾ। ਪੁਣੇ ਜ਼ਿਲ੍ਹੇ ਵਿਚ ਤੂਫ਼ਾਨ ਕਾਰਨ ਵਾਪਰੇ ਹਾਦਸਿਆਂ ਵਿਚ ਦੋ ਮੌਤਾਂ ਹੋ ਗਈਆਂ ਹਨ। ਜ਼ਿਲ੍ਹੇ ਵਿਚ 3 ਵਿਅਕਤੀ ਫੱਟੜ ਵੀ ਹੋਏ ਹਨ। ਦੋ ਪਸ਼ੂ ਵੀ ਮਾਰੇ ਗਏ ਹਨ।
ਰਾਇਗੜ ਜ਼ਿਲ੍ਹੇ ਵਿਚ ਵੀ ਇਕ 58 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ‘ਨਿਸਰਗ’ ਫ਼ਿਲਹਾਲ ਪੁਣੇ ਦੁਆਲੇ ਕੇਂਦਰਤ ਹੈ ਤੇ ਇਸ ਦੇ ਅਗਲੇ ਛੇ ਘੰਟਿਆਂ ਵਿਚ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਚੱਕਰਵਾਤੀ ਤੂਫ਼ਾਨ ਦੇ ਖ਼ਤਰੇ ਦੇ ਮੱਦੇਨਜ਼ਰ ਰੇਲਗੱਡੀਆਂ ਦਾ ਸਮਾਂ ਬਦਲਿਆ ਗਿਆ ਤੇ ਕਈ ਹੋਰ ਪਾਸੇ ਮੋੜੀਆਂ ਗਈਆਂ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਮਛੇਰਿਆਂ ਨੂੰ ਸਮੁੰਦਰ ’ਚੋਂ ਬਾਹਰ ਰਹਿਣ ਲਈ ਕਿਹਾ ਗਿਆ। ਅਰਬ ਸਾਗਰ ਵਿਚੋਂ ਉੱਠੇ ‘ਨਿਸਰਗ’ ਨੇ ਤੱਟੀ ਕਸਬੇ ਅਲੀਬਾਗ਼ ਵਿਚ ਦੁਪਹਿਰੇ ਕਰੀਬ 12.30 ਵਜੇ ਜ਼ਮੀਨ ਨੂੰ ਖੋਰਾ ਲਾਇਆ ਤੇ ਕਈ ਥਾਈਂ ਇਹ ਖ਼ਿਸਕ ਗਈ।
ਕੋਵਿਡ-19 ਕਾਰਨ ਪਹਿਲਾਂ ਹੀ ਝੰਬੇ ਮੁੰਬਈ ਨੂੰ ਕਰੀਬ 72 ਸਾਲਾਂ ਬਾਅਦ ਚੱਕਰਵਾਤੀ ਤੂਫ਼ਾਨ ਸਹਿਣਾ ਪਿਆ ਹੈ। ਮੁੰਬਈ ਹਵਾਈ ਅੱਡੇ ’ਤੇ ਉਡਾਣਾਂ ਸ਼ਾਮ 7 ਵਜੇ ਤੱਕ ਬੰਦ ਰੱਖੀਆਂ ਗਈਆਂ, ਪਰ ਮਗਰੋਂ ਇਹ ਛੇ ਵਜੇ ਹੀ ਆਰੰਭ ਦਿੱਤੀਆਂ ਗਈਆਂ। ਮੁੰਬਈ ਦੇ ਸਾਂਤਾ ਕਰੂਜ਼ ਉਪ ਨਗਰੀ ਇਲਾਕੇ ਵਿਚ ਉਸਾਰੀ ਅਧੀਨ ਇਮਾਰਤ ਤੋਂ ਇਕ ਝੁੱਗੀ ’ਤੇ ਸੀਮਿੰਟ ਬਲਾਕ ਡਿੱਗਣ ਨਾਲ 3 ਜਣੇ ਫੱਟੜ ਹੋ ਗਏ।
ਮੁੰਬਈ, ਥਾਣੇ, ਰਾਇਗੜ੍ਹ, ਸਿੰਧੂਦੁਰਗ ਤੇ ਪਾਲਘਰ ’ਚ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਨਾਲ ਤੱਟ ਨੇੜਲੇ ਜ਼ਿਲ੍ਹਿਆਂ ਵਿਚ ਭਰਵਾਂ ਮੀਂਹ ਪਿਆ। ਇਸ ਨਾਲ ਕੱਚੇ ਘਰਾਂ, ਦਰੱਖਤਾਂ, ਬਿਜਲੀ ਦੇ ਖੰਭਿਆਂ ਦਾ ਨੁਕਸਾਨ ਹੋਇਆ। ਮੱਛੀ ਫੜਨ ਵਾਲੀਆਂ ਕਈ ਕਿਸ਼ਤੀਆਂ ਤੱਟ ਰੱਖਿਅਕਾਂ ਤੇ ਜਲ ਸੈਨਾ ਦੀ ਮਦਦ ਨਾਲ ਸਮੁੰਦਰ ਵਿਚੋਂ ਕੱਢੀਆਂ ਗਈਆਂ। ਰਤਨਾਗਿਰੀ ਤੱਟ ’ਤੇ ਇਕ ਸਮੁੰਦਰੀ ਜਹਾਜ਼ ਵਿਚ ਫਸੇ 10 ਮਲਾਹ ਵੀ ਇਸ ਦੌਰਾਨ ਸੁਰੱਖਿਅਤ ਬਾਹਰ ਕੱਢੇ ਗਏ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਦੱਸਿਆ ਕਿ ਐਨਡੀਆਰਐਫ ਦੀਆਂ 10 ਟੀਮਾਂ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਪੱਛਮੀ ਘਾਟ ਦੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਲਈ ਕਿਹਾ ਹੈ। ਅਰਬ ਸਾਗਰ ਵਿਚ ਘੱਟ ਦਬਾਅ ਵਾਲੇ ਖੇਤਰ ਕਾਰਨ ਗੋਆ ’ਚ ਵੀ ਭਰਵਾਂ ਮੀਂਹ ਪਿਆ।