ਤਿੰਨ ਮਾਵਾਂ

ਸੁੱਖੀ ਕੌਰ ਸਮਾਲਸਰ
(ਸਮਾਜ ਵੀਕਲੀ)
ਜਿਸ ਬੋਲੀ ਵਿੱਚ ਮਾਂ ਆਪਣੀ
ਗੀਤ ਲੋਰੀਆਂ ਗਾਵੇ
ਉਹ ਬੋਲੀ ਹੀ ਲੋਕੋ
ਮਾਂ ਬੋਲੀ ਅਖਵਾਵੇ
ਮਾਂ ਵਰਗੀ ਹੀ ਪਿਆਰੀ ਲੱਗੇ
ਮਾਂ ਦੇ ਦੁੱਧ ਜਿਹੀ ਹੀ ਮਿੱਠੀ
ਬੋਲ ਚਾਲ ਵਿੱਚ ਏਹੀ ਵਰਤੋਂ
ਇਸ ਵਿੱਚ ਹੀ ਲਿਖੋ ਚਿੱਠੀ
ਹਰ ਬੰਦੇ ਦੀਆਂ ਸਿਆਣੇ ਆਖਣ
ਹੁੰਦੀਆਂ ਨੇ ਤਿੰਨ ਮਾਵਾਂ
ਪਿਆਰ ਵਧੇ ਤਿੰਨਾਂ ਨਾਲ ਹੀ ਜਦ
ਜੀਵਨ ਰਹਿੰਦਾ ਸਾਵਾਂ
ਧਰਤੀ ਮਾਂ ,ਮਾਂ ਬੋਲੀ ਦੂਜੀ
ਤੀਜੀ ਤੁਹਾਡੀ ਆਪਣੀ ਮਾਂ
ਤਿੰਨਾਂ ਦਾ ਹੀ ਕਰਜ਼ਾ
ਕਦੇ ਵੀ ਲੈਦਾਂ ਨਾ
ਇਹਨਾਂ ਨਾਲ ਗਦਾਰੀ ਕਰਕੇ
ਇਹ ਕਦੇ ਨਾ ਸੋਚੋ
ਸੇਵਾ ਬਣੇ ਉਪਦੇਸ਼ ਆਪਣਾ
ਸੁੱਖ ਸਦਾ ਹੀ ਲੋਚੋ
ਮੰਗਵੇਂ ਕੱਪੜੇ ਕਦੇ ਨਾ ਫੱਬਦੇ
ਮੰਗਵੀਂ ਸੋਹੇ ਨਾ ਜੁੱਤੀ
ਆਪਣੀ ਬੋਲੀ ਜਿਸ ਤਿਆਗੀ
ਕਿਸਮਤ ਉਸਦੀ ਸੁੱਤੀ
ਸਮਝ ਸੋਚ ਕੇ ਮਾਂ ਬੋਲੀ ਲਈ
ਆਪਣਾ ਫਰਜ਼ ਪਹਿਚਾਣੋ
ਕੌਮ ਦੀ ਸੇਵਾ ਵੀ ਕਰਨੀ ਆਪਾਂ
ਕਰਜ਼ ਸਿਰਾਂ ਤੇ ਜਾਣੋ
ਤਿੰਨੇ ਮਾਵਾਂ ‘ਸੁੱਖੀ ’ਦਿੰਦੀਆਂ
ਸਦਾ ਦੁਆਵਾਂ
ਸਦਾ ਸੁੱਖ ਇਹਨਾਂ ਦੀ ਲੋੜਾਂ
ਇਹਨਾਂ ਲਈ ਮਰ ਮਿਟ ਜਾਵਾਂ
ਸੁੱਖੀ ਕੌਰ ਸਮਾਲਸਰ
77107-70318
Previous articleConcluding session of the Janta Parliament: Citizens and parliamentarians dialogue on the way forward
Next articleਕਰੋਨਾ ਦੀ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹਨ ਲੋਕ