ਤਿਹਾੜ ਜੇਲ੍ਹ ਨੇ ਯੂਪੀ ਤੋਂ ਦੋ ਜੱਲਾਦ ਮੰਗੇ

ਦਿੱਲੀ ਦੀ ਤਿਹਾੜ ਜੇਲ੍ਹ ਨੇ ਉੱਤਰ ਪ੍ਰਦੇਸ਼ ਨੂੰ ਦੋ ਜੱਲਾਦ ਮੁਹੱਈਆ ਕਰਵਾਉਣ ਲਈ ਕਿਹਾ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਨਿਰਭਯਾ ਜਬਰ ਜਨਾਹ ਤੇ ਕਤਲ ਕੇਸ ’ਚ ਚਾਰੇ ਦੋਸ਼ੀਆਂ ਨੂੰ ਜਲਦੀ ਹੀ ਫਾਂਸੀ ਦਿੱਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ (ਜੇਲ੍ਹਾਂ) ਆਨੰਦ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਜੱਲਾਦ ਮੁਹੱਈਆ ਕਰਾਉਣ ਲਈ ਤਿਆਰ ਹੈ। ਉਨ੍ਹਾਂ ਦੱਸਿਆ, ‘ਤਿਹਾੜ ਜੇਲ੍ਹ ਨੇ ਉਨ੍ਹਾਂ ਤੋਂ ਸੂਬੇ ’ਚ ਜੱਲਾਦ ਮੁਹੱਈਆ ਹੋਣ ਦੀ ਸੂਚਨਾ ਮੰਗੀ ਸੀ। ਅਸੀਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਸਾਡੇ ਕੋਲ ਫਾਂਸੀ ਦੇਣ ਲਈ ਦੋ ਜੱਲਾਦ ਹਨ। ਤਿਹਾੜ ਜੇਲ੍ਹ ਨੂੰ ਜਦੋਂ ਵੀ ਲੋੜ ਹੋਵੇਗੀ, ਉਨ੍ਹਾਂ ਨੂੰ ਦੋਵੇਂ ਜੱਲਾਦ ਮੁਹੱਈਆ ਕਰਵਾ ਦਿੱਤੇ ਜਾਣਗੇ।’ ਜੇਲ੍ਹ ਵਿਭਾਗ ਨੂੰ ਤਿਹਾੜ ਜੇਲ੍ਹ ਤੋਂ ਨੌਂ ਦਸੰਬਰ ਨੂੰ ਫੈਕਸ ਰਾਹੀਂ ਪੱਤਰ ਮਿਲਿਆ ਸੀ। ਅਜਿਹੀਆਂ ਕਿਆਸਰਾਈਆਂ ਹਨ ਕਿ ਇਹ ਜੱਲਾਦ ਨਿਰਭਯਾ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਮੰਗੇ ਜਾ ਰਹੇ ਪਰ ਅਧਿਕਾਰਤ ਪੱਧਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। 2012 ਦੇ ਇਸ ਕੇਸ ਨਾਲ ਸਬੰਧਤ ਚਾਰੇ ਦੋਸ਼ੀ ਪਵਨ ਗੁਪਤਾ, ਅਕਸ਼ੈ ਠਾਕੁਰ, ਮੁਕੇਸ਼ ਸਿੰਘ ਅਤੇ ਵਿਜੈ ਠਾਕੁਰ ਪਹਿਲਾਂ ਤੋਂ ਹੀ ਤਿਹਾੜ ਜੇਲ੍ਹ ’ਚ ਬੰਦ ਹਨ। ਏਡੀਜੀ ਅਨੁਸਾਰ ਉੱਤਰ ਪ੍ਰਦੇਸ਼ ’ਚ ਲਖਨਊ ਤੇ ਮੇਰਠ ਜੇਲ੍ਹ ’ਚ ਦੋ ਜੱਲਾਦ ਹਨ।

Previous articleਕੇਂਦਰ ਜੀਐੱਸਟੀ ਮੁਆਵਜ਼ਾ ਦੇਣ ਲਈ ਵਚਨਬੱੱਧ: ਸੀਤਾਰਾਮਨ
Next articleਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ: ਰਾਹੁਲ