ਤਾਲਿਬਾਨ ਤੇ ਅਫ਼ਗਾਨ ਸਰਕਾਰ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ

ਰੂਸ ਨੇ ਅੱਜ ਕਿਹਾ ਕਿ ਉਹ ਤਾਲਿਬਾਨ ਤੇ ਅਫ਼ਗ਼ਾਨਿਸਤਾਨ ਦੇ ਨੁਮਾਇੰਦਿਆਂ ਨੂੰ ਸ਼ਾਂਤੀ ਵਾਰਤਾ ਲਈ ਮੰਚ ਮੁਹੱਈਆ ਕਰਵਾ ਕੇ ਕੋਈ ਖਿੱਤਾ ਆਧਾਰਤ ਸਿਆਸਤ ਨਹੀਂ ਖੇਡ ਰਿਹਾ। ਉਹ ਸਿਰਫ਼ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਚੰਗਾ ਮਾਹੌਲ ਮੁਹੱਈਆ ਕਰਵਾ ਰਿਹਾ ਹੈ। ਇਸ ਮੀਟਿੰਗ ’ਚ ਭਾਰਤ ਵੀ ਪਹਿਲੀ ਵਾਰ ਹਿੱਸਾ ਲੈ ਰਿਹਾ ਹੈ।
ਅਫ਼ਗਾਨਿਸਤਾਨ ਬਾਰੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਵਿਦੇਸ਼ ਮੰਤਰੀ ਸੇਰਗੇਈ ਲਾਵਰੋਸ ਨੇ ਕਿਹਾ ਕਿ ਰੂਸ ਤੇ ਇਸ ਖਿੱਤੇ ਦੇ ਹੋਰ ਮੁਲਕ ਅਫ਼ਗਾਨ ਸਰਕਾਰ ਤੇ ਤਾਲਿਬਾਨ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ। ਉਨ੍ਹਾਂ ਕਿਹਾ, ‘ਅਫ਼ਗ਼ਾਨਿਸਤਾਨ ਦੇ ਇਤਿਹਾਸ ’ਚ ਨਵਾਂ ਸਫ਼ਾ ਜੋੜਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।’ ਅਮਰੀਕਾ ਦੀ ਅੰਬੈਸੀ ਨੇ ਅੱਜ ਇਸ ਮੀਟਿੰਗ ’ਚ ਹੋਣ ਵਾਲੀ ਗੱਲਬਾਤ ਸੁਣਨ ਲਈ ਆਪਣੇ ਨੁਮਾਇੰਦੇ ਭੇਜੇ ਹਨ। ਇਸ ਮੀਟਿੰਗ ’ਚ ਅਫ਼ਗਾਨਿਸਤਾਨ, ਭਾਰਤ, ਇਰਾਨ, ਚੀਨ, ਪਾਕਿਸਤਾਨ ਤੇ ਕੁਝ ਹੋਰ ਮੁਲਕਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਅਫ਼ਗਾਨਿਸਤਾਨ ਲਈ ਭਾਰਤ ਦੇ ਸਾਬਕਾ ਰਾਜਦੂਤ ਅਮਰ ਸਿਨਹਾ ਤੇ ਪਾਕਿਸਤਾਨ ’ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਟੀਸੀਏ ਰਾਘਵਨ ਮਾਸਕੋ ਮੀਟਿੰਗ ’ਚ ‘ਅਣ-ਅਧਿਕਾਰਤ’ ਤੌਰ ’ਤੇ ਨਵੀਂ ਦਿੱਲੀ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ ਦੀ ਨੀਤੀ ਹੈ ਕਿ ਇਹ ਸ਼ਾਂਤੀ ਵਾਰਤਾ ਅਫ਼ਗ਼ਾਨ ਦੀ ਅਗਵਾਈ ਵਾਲੀ, ਅਫ਼ਗ਼ਾਨ ਪੱਖੀ ਤੇ ਅਫਗਾਨ ਮੁਤਾਬਕ ਹੋਣੀ ਚਾਹੀਦੀ ਹੈ।
ਲਾਵਰੋਵ ਨੇ ਕਿਹਾ ਕਿ ਖਿੱਤੇ ਦੇ ਸਾਰੇ ਮੁਲਕ ਤੇ ਸਾਰਾ ਕੌਮਾਂਤਰੀ ਭਾਈਚਾਰਾ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਅਮਨ ਭਰਪੂਰ, ਆਜ਼ਾਦ ਤੇ ਖੁਸ਼ਹਾਲ, ਅਤਿਵਾਦ ਤੇ ਨਸ਼ਾ ਤਸਕਰੀ ਤੋਂ ਮੁਕਤ ਮੁਲਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿੱਤਾ ਆਧਾਰਤ ਸਿਆਸਤ ਲਈ ਅਫ਼ਗਾਨਿਸਤਾਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਅਫਗਾਨ ਤੇ ਤਾਲਿਬਾਨ ਆਗੂਆਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਲਕ ਸਾਂਝੇ ਤੇ ਵਿਲੱਖਣ ਅਫ਼ਗਾਨਿਸਤਾਨ ਦੀ ਹਮਾਇਤ ਕਰਦਾ ਹੈ ਜਿਸ ’ਚ ਹਰ ਭਾਈਚਾਰੇ ਦੇ ਲੋਕ ਮਿਲ ਕੇ ਰਹਿਣ।

Previous articleਆਰਬੀਆਈ ’ਤੇ ਸਰਕਾਰ ਨੇ ਸੁਰ ਬਦਲੀ
Next articleਚੰਡੀਗੜ੍ਹ ’ਚ 60:40 ਦੇ ਅਨੁਪਾਤ ਨੂੰ ਖੋਰਾ ਨਾ ਲਾਇਆ ਜਾਵੇ: ਕੈਪਟਨ