ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਲਈ ਇਹ ਧਰਵਾਸ ਦਾ ਵੇਲਾ ਹੈ ਕਿ ਸੂਬੇ ’ਚ ਅਣਆਈਆਂ ਮੌਤਾਂ ਦੀ ਗਿਣਤੀ ਘਟੀ ਹੈ। ਭਾਵੇਂ ਕਰੋਨਾ ਦੇ ਭੈਅ ਨੇ ਨੀਂਦ ਉਡਾਈ ਹੈ ਤੇ ਤਾਲਾਬੰਦੀ ਨੇ ਦਮ ਘੁੱਟਿਆ ਹੈ ਪਰ ਫਿਰ ਵੀ ਜ਼ਿੰਦਗੀ ਨੂੰ ਥੋੜਾ ਸੌਖਾ ਸਾਹ ਆਇਆ ਹੈ। ਕਰੋਨਾ ਤੋਂ ਬਿਨਾਂ ਪੰਜਾਬ ’ਚ ਹੁਣ ਸਿਰਫ਼ ਕੁਦਰਤੀ ਮੌਤਾਂ ਹੋ ਰਹੀਆਂ ਹਨ। ਪੰਜਾਬ ’ਚ ਖ਼ੁਦਕੁਸ਼ੀ ਦਰ, ਕਤਲਾਂ ਦੀ ਗਿਣਤੀ ਅਤੇ ਸੜਕ ਹਾਦਸੇ ਘਟ ਗਏ ਹਨ। ਹਜ਼ਾਰਾਂ ਜ਼ਿੰਦਗੀਆਂ ਅਣਆਈ ਮੌਤ ਦੇ ਮੂੰਹ ਜਾਣੋਂ ਬਚ ਗਈਆਂ ਹਨ। ਤਾਹੀਓਂ ਹੁਣ ਸਿਵਿਆਂ ’ਚ ਔਸਤਨ ਸਸਕਾਰਾਂ ਦੀ ਗਿਣਤੀ ਘਟ ਗਈ ਹੈ।
ਵੇਰਵਿਆਂ ਅਨੁਸਾਰ ਪੰਜਾਬ ਦੇ ਦਸ ਜ਼ਿਲ੍ਹਿਆਂ ਵਿਚ ਪਹਿਲੀ ਤੋਂ 22 ਮਾਰਚ ਤਕ ਸੜਕ ਹਾਦਸਿਆਂ ਦੇ 90 ਕੇਸ ਦਰਜ ਹੋਏ ਹਨ ਜਦਕਿ ਕਰਫਿਊ ਮਗਰੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਦਰਜ ਕੇਸਾਂ ਦੀ ਗਿਣਤੀ ਸਿਰਫ਼ ਪੰਜ ਰਹਿ ਗਈ ਹੈ। ਸਾਲ 2019 ਦੌਰਾਨ ਪੰਜਾਬ ’ਚ 3327 ਲੋਕ ਸੜਕ ਹਾਦਸਿਆਂ ਵਿਚ ਜਾਨ ਤੋਂ ਹੱਥ ਧੋ ਬੈਠੇ ਸਨ। ਔਸਤਨ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ 9 ਵਿਅਕਤੀ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਅਪਰੈਲ ਮਹੀਨੇ ਦੇ ਇਨ੍ਹਾਂ 16 ਦਿਨਾਂ ਵਿਚ ਸੜਕ ਹਾਦਸਿਆਂ ਵਿਚ ਸਿਰਫ਼ 24 ਮੌਤਾਂ ਹੋਈਆਂ ਹਨ ਭਾਵ ਦੋ ਦਿਨਾਂ ਵਿਚ ਔਸਤਨ ਸਿਰਫ਼ ਤਿੰਨ ਵਿਅਕਤੀ ਮੌਤ ਦੇ ਮੂੰਹ ਪਏ।
ਅੰਮ੍ਰਿਤਸਰ ਪੁਲੀਸ (ਦਿਹਾਤੀ) ਦੇ ਖੇਤਰ ਵਿਚ ਕਰਫਿਊ ਤੋਂ ਪਹਿਲਾਂ 22 ਦਿਨਾਂ ਵਿਚ 14 ਸੜਕ ਹਾਦਸਿਆਂ ਦੇ ਕੇਸ ਦਰਜ ਹੋਏ ਜਦਕਿ ਕਰਫਿਊ ਦੌਰਾਨ ਸਿਰਫ਼ ਇਕ ਕੇਸ ਦਰਜ ਹੋਇਆ। ਰੋਪੜ ਜ਼ਿਲ੍ਹੇ ਵਿਚ ਕਰਫਿਊ ਤੋਂ ਪਹਿਲੇ 22 ਦਿਨਾਂ ਦੌਰਾਨ ਹਾਦਸਿਆਂ ਦੇ 15 ਕੇਸ ਦਰਜ ਹੋਏ ਜਦਕਿ ਕਰਫਿਊ ਦੌਰਾਨ ਸਿਰਫ਼ ਇਕ ਕੇਸ 29 ਮਾਰਚ ਨੂੰ ਦਰਜ ਹੋਇਆ। ਇਸੇ ਤਰ੍ਹਾਂ ਪੰਜਾਬ ਵਿਚ ਕਤਲਾਂ ਦੀ ਗਿਣਤੀ ਘਟੀ ਹੈ।
ਸਾਲ 2018 ਵਿਚ ਸੂਬੇ ’ਚ 725 ਕਤਲ ਹੋਏ ਸਨ। ਕਰਫਿਊ ਮਗਰੋਂ ਕਤਲਾਂ ਦੀ ਗਿਣਤੀ ਨਾਂਮਾਤਰ ਰਹਿ ਗਈ ਹੈ। ਲੰਘੇ ਚਾਰ ਦਿਨਾਂ ਵਿਚ ਪੰਜਾਬ ਵਿਚ ਸਿਰਫ਼ ਤਿੰਨ ਕਤਲ ਹੋਏ ਹਨ। ਖ਼ੁਦਕੁਸ਼ੀ ਦਰ ਵੀ ਘਟੀ ਹੈ। ਭਾਵੇਂ ਘੁਟਣ ਵਾਲੇ ਮਾਹੌਲ ਕਾਰਨ ਕਈ ਖ਼ੁਦਕੁਸ਼ੀਆਂ ਹੋਈਆਂ ਹਨ ਪਰ ਕਿਸਾਨਾਂ-ਮਜ਼ਦੂਰਾਂ ਤੋਂ ਇਲਾਵਾ ਘਰਾਂ ਵਿਚ ਹੁੰਦੀਆਂ ਖ਼ੁਦਕੁਸ਼ੀਆਂ ਘਟੀਆਂ ਹਨ।
ਸੰਗਰੂਰ ਦਾ ਸੁਖਪਾਲ ਸਿੰਘ ਮਾਣਕ ਜੋ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦਾ ਡਾਟਾ ਤਿਆਰ ਕਰ ਰਿਹਾ ਹੈ, ਨੇ ਦੱਸਿਆ ਕਿ ਕਰਫਿਊ ਮਗਰੋਂ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਦਰ ਬਿਲਕੁਲ ਘਟ ਗਈ ਹੈ ਜਦਕਿ ਪਹਿਲਾਂ ਪੰਜਾਬ ਵਿਚ ਜਨਵਰੀ ਤੋਂ 31 ਮਾਰਚ ਤੱਕ ਦੇ ਤਿੰਨ ਮਹੀਨਿਆਂ ਵਿਚ 64 ਕਿਸਾਨਾਂ-ਮਜ਼ਦੂਰਾਂ ਦੇ ਖ਼ੁਦਕੁਸ਼ੀਆਂ ਕੀਤੀਆਂ ਹਨ। ਕਰਫਿਊ ਮਗਰੋਂ ਚਾਰ ਕਿਸਾਨਾਂ-ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਸਾਲ 2019 ਵਿਚ 536 ਕਿਸਾਨ- ਮਜ਼ਦੂਰ ਜ਼ਿੰਦਗੀ ਨੂੰ ਅਲਵਿਦਾ ਆਖ ਗਏ ਸਨ।
ਪੰਜਾਬ ਹੋਮਿਓਪੈਥੀ ਕੌਂਸਲ ਦੇ ਸਾਬਕਾ ਚੇਅਰਮੈਨ ਡਾ. ਭੁਪਿੰਦਰ ਸਿੰਘ ਗਿੱਦੜਬਹਾ ਨੇ ਕਿਹਾ ਕਿ ਬੰਦਸ਼ ਦੀ ਜ਼ਿੰਦਗੀ ਨੇ ਲੋਕਾਂ ਨੂੰ ਜੀਵਨ ਜਾਂਚ ’ਚ ਬਦਲਾਅ ਪ੍ਰਤੀ ਚੇਤੰਨ ਕੀਤਾ ਹੈ। ਜਦੋਂ ਕਰੋਨਾ ਦਾ ਆਲਮੀ ਸੰਕਟ ਹੈ ਤਾਂ ਅਜਿਹੇ ਮਾਹੌਲ ਵਿਚ ਖ਼ੁਦਕੁਸ਼ੀ ਬਾਰੇ ਸੋਚਣ ਵਾਲਿਆਂ ਨੂੰ ਆਪਣੀ ਸਮੱਸਿਆ ਛੋਟੀ ਜਾਪਣ ਲੱਗਦੀ ਹੈ। ਤਾਲਾਬੰਦੀ ਖੁੱਲ੍ਹਣ ਮਗਰੋਂ ਨਵੇਂ ਰੁਝਾਨ ਵੇਖਣ ਨੂੰ ਮਿਲਣਗੇ। ਵੇਰਵਿਆਂ ਅਨੁਸਾਰ ਅਣਆਈਆਂ ਮੌਤਾਂ ਘਟਣ ਨਾਲ ਸਿਵੇ ਵੀ ਠੰਢੇ ਹੋਣ ਲੱਗੇ ਹਨ। ਵੱਖਰੀ ਗੱਲ ਹੈ ਕਿ ਕਰੋਨਾ ਦਾ ਡਰ ਸਿਰ ’ਤੇ ਗੱਜ-ਵੱਜ ਕੇ ਖੜ੍ਹਾ ਹੈ।
ਮਾਨਸਾ ਦੇ ਸ਼ਮਸ਼ਾਨਘਾਟ ਵਿਚ ਕਰਫਿਊ ਤੋਂ ਪਹਿਲਾਂ ਰੋਜ਼ਾਨਾ ਔਸਤਨ ਛੇ-ਸੱਤ ਸਸਕਾਰ ਹੁੰਦੇ ਸਨ। ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਰੋਜ਼ਾਨਾ ਦੀ ਔਸਤਨ ਤਿੰਨ ਦੀ ਹੀ ਰਹਿ ਗਈ ਹੈ। ਇਸੇ ਤਰ੍ਹਾਂ ਸੰਗਰੂਰ ਦੇ ਸ਼ਮਸ਼ਾਨਘਾਟ ਦੇ ਸੇਵਾਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਹਰ ਮਹੀਨੇ ਵਿਚ ਸਸਕਾਰਾਂ ਦਾ ਅੰਕੜਾ 100 ਨੂੰ ਪਾਰ ਕਰਦਾ ਰਿਹਾ ਹੈ ਪਰ ਕਰਫਿਊ ਮਗਰੋਂ ਬਹੁਤੇ ਦਿਨ ਖਾਲੀ ਲੰਘਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦਰਜਨ ਤੋਂ ਵੱਧ ਸਸਕਾਰ ਹਾਦਸਿਆਂ ਅਤੇ ਖ਼ੁਦਕੁਸ਼ੀਆਂ ਵਾਲੇ ਹੁੰਦੇ ਸਨ, ਜੋ ਹੁਣ ਘਟ ਗਏ ਹਨ।
ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿਚ ਸਸਕਾਰਾਂ ਦੀ ਹਰ ਮਹੀਨੇ ਦੀ ਔਸਤਨ 150 ਤੋਂ 175 ਰਹੀ ਹੈ, ਜੋ ਹੁਣ ਕਰੀਬ 80 ਸਸਕਾਰਾਂ ’ਤੇ ਆ ਗਈ ਹੈ। ਮੋਗਾ ਦੇ ਸ਼ਮਸ਼ਾਨਘਾਟ ਵਿਚ ਇਸ ਮਹੀਨੇ 12 ਸਸਕਾਰ ਹੋਏ ਹਨ ਜਦਕਿ ਮਾਰਚ ਮਹੀਨੇ 60 ਸਸਕਾਰ ਹੋਏ ਸਨ। ਇੰਜ ਹੀ ਬਠਿੰਡਾ ਦੇ ਮੁੱਖ ਸ਼ਮਸ਼ਾਨਘਾਟ ’ਚ ਸਸਕਾਰਾਂ ਦੀ ਔਸਤਨ ਰੋਜ਼ਾਨਾ ਦੀ 5 ਤੋਂ ਘਟ ਕੇ ਤਿੰਨ ਰਹਿ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਆਵਾਜਾਈ ਬੰਦ ਹੋਣ ਕਰਕੇ ਹਾਦਸੇ ਘਟਣੇ ਕੁਦਰਤੀ ਹਨ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੇ ਦੁਰਪ੍ਰਭਾਵ ਅਸਲ ਵਿਚ ਮਗਰੋਂ ਸਾਹਮਣੇ ਆਉਣਗੇ। ਫਿਲਹਾਲ ਤਸੱਲੀ ਜ਼ਾਹਰ ਕੀਤੀ ਜਾ ਸਕਦੀ ਹੈ।