ਅੱਜ ਸਾਰਾ ਹੀ ਦੇਸ਼ ਤਾਲਾਬੰਦੀ ਮਤਲਬ ‘ਲਾਕਡਾਊਨ’ ਦੇ ਪ੍ਰਭਾਵ ਹੇਠ ਹੈ। ਆਮ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਿਆਂ ਮਹੀਨਾ ਹੋ ਚਲਿਆ ਹੈ। ਇਸ ਤਾਲਾਬੰਦੀ ਦਾ ਹਰ ਇੱਕ ਦੀ ਜਿੰਦਗੀ ਉੱਤੇ ਬਹੁਤ ਪ੍ਰਭਾਵ ਪਿਆ ਹੈ। ਜੇਕਰ ਵੇਖਿਆ ਜਾਵੇ ਤਾਂ ਤਾਲਾਬੰਦੀ ਹਾਲ ਵਿੱਚ ਹੀ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਕੋਰੋਨਾ ਨਾਂ ਦੀ ਬਿਮਾਰੀ ਤੇ ਬੱਚਣ ਦਾ ਬਹੁਤ ਹੀ ਮਹੱਤਵਪੂਰਨ ਅਤੇ ਸੁਰੱਖਿਅਤ ਉਪਾਅ ਹੈੈ। ਇਸ ਲਈ ਸਰਕਾਰ ਵਲੋਂ ਕਿਹਾ ਗਿਆ ਹੈ ਕਿ ‘ਘਰ ਰਹੋ,ਤੰਦਰੁਸਤ ਰਹੋ’। ਕਿਉਂਕਿ ਕੋਰੋਨਾ ਵਰਗੀ ਘਾਤਕ ਬਿਮਾਰੀ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਕਰੋਨਾ ਕਾਰਨ ਕੋਈ ਵੀ ਵਿਅਕਤੀ ਦੋ ਤਰੀਕਿਆਂ ਨਾਲ ਪ੍ਰਭਾਵ ਹੇਠ ਆ ਸਕਦਾ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ, ਮੰਨ ਲਉ ਜੇ ਕੋਈ ਬਿਮਾਰ ਵਿਅਕਤੀ ਕਿਸੇ ਤੰਦਰੁਸਤ ਵਿਅਕਤੀ ਦੇ ਸਿੱਧੇ ਤੌਰ ਤੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਪਛਾਨਣ ਯੋਗ ਵੀ ਹੁੰਦਾ ਹੈ ਅਤੇ ਉਸ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਪਰ ਅੱਗੋਂ ਉਹ ਵਿਅਕਤੀ ਜਿਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਗਿਣਤੀ ਅਸੀਮਤ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਪਹਿਚਾਣਿਆ ਵੀ ਨਹੀਂ ਜਾ ਸਕਦਾ ਜੋ ਕਿ ਸਰਕਾਰ ਲਈ ਵੱਡੀ ਮੁਸ਼ਕਿਲ ਬਣਦੇ ਹਨ। ਇਸ ਲਈ ਸਰਕਾਰ ਦੁਆਰਾ ਤਾਲਾਬੰਦੀ ਦਾ ਨਿਯਮ ਅਪਣਾਇਆ ਗਿਆ ਹੈ ਤਾ ਜੋ ਤੰਦਰੁਸਤ ਅਤੇ ਬਿਮਾਰ ਵਿਅਕਤੀ ਦਾ ਆਪਸੀ ਸੰਪਰਕ ਨਾ ਹੋ ਸਕੇ ਅਤੇ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਇਸ ਦਾ ਮੁੱਖ ਮੰਤਵ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰਕੇ ਰੱਖਣਾ ਜਾ ਬਾਹਰ ਜਾਣ ਤੋ ਰੋਕਣਾ ਹੈ। ਕੋਵਿਡ-19 ਤੋ ਬੱਚਣ ਲਈ ਮਿਤੀ 22 ਮਾਰਚ 2020 ਨੂੰ ਜਨਤਕ ਕਲਫ਼ਿਉ ਦਾ ਅਂੈਲਾਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮਿਤੀ 14 ਅਪ੍ਰੈਲ 2020 ਤੱਕ ਅਤੇ ਫਿਰ 3 ਮਈ ਤੱਕ ਅੱਗੇ ਵਧਾ ਦਿੱਤਾ ਗਿਆ ਹੈ।ਇਸ ਬਿਮਾਰੀ ਦੇ ਵਿਸ਼ਾਣੂ ਦੀ ਬਣਤਰ ਨਿਵੇਕਲੀ ਭਾਵ ਇੱਕ ਤਾਜ (ਕਰੋਨ) ਦੀ ਤਰ੍ਹਾਂ ਹੈ ਜਿਸ ਕਰਕੇ ਨੋਵਲ ਕੋਰੋਨਾ ਵਾਇਰਸ ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਸੰਕ੍ਰੰਮਨ ਚੀਨ ਦੇ ਵੁਹਾਨ ਸ਼ਹਿਰ ਤੋ ਦਸੰਬਰ 2019 ਵਿੱਚ ਸ਼ੁਰੂ ਹਇਆ। ਹੁਣ ਇਸ ਵਾਇਰਸ ਨੂੰ ਕੋਵਿਡ-19 ਨਾਂ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋ ਇਸ ਬਿਮਾਰੀ ਦਾ ਵੱਡੇ ਪੱਧਰ ‘ਤੇ ਸਾਰੇ ਦੇਸ਼ਾਂ ਵਿੱਚ ਵੀ ਫੈਲਣ ਕਾਰਨ 11 ਮਾਰਚ 2020 ਨੂੰ ‘ ਮਹਾਂਮਾਰੀ ’ ਵੱਜੋ ਐਲਾਨ ਕਰ ਦਿੱਤਾ ਗਿਆ ਹੈ।
ਤਾਲਾਬੰਦੀ ਦੌਰਾਨ ਸਾਰਾ ਪਰਿਵਾਰ ਘਰ ਵਿੱਚ ਹੀ ਸਾਰਾ ਦਿਨ ਗੁਜਾਰਦਾ ਹੈ ਅਤੇ ਸਾਰੇ ਮੈਂਬਰ ਇੱਕਠੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾ ਵਿਚਕਾਰ ਆਪਸੀ ਪ੍ਰੇਮ ਪਿਆਰ ਦੀ ਭਾਵਨਾ ਵਿੱਚ ਵਾਧਾ ਹੋਇਆ ਹੈ। ਮਾਪਿਆਂ ਨੂੰ ਪਹਿਲਾਂ ਆਪਣੇ ਧੀਆਂ ਪੁੱਤਰਾਂ ਨਾਲ ਮਿਲ ਕੇ ਬੈਠਣ ਦਾ ਸਮਾਂ ਨਹੀਂ ਮਿਲਦਾ ਸੀ। ਕਿਉਕਿ ਜਿੰਦਗੀ ਆਪਣੀ ਤੇਜ਼ ਰਫ਼ਤਾਰ ਨਾਲ ਚਲ ਰਹੀ ਸੀ ਅਤੇ ਸਭ ਆਪੋ ਆਪਣੇ ਕੰਮਾਂ ਵਿੱਚ ਮਸ਼ਰੂਫ ਸਨ। ਪਰ ਤਾਲਾਬੰਦੀ ਨੇ ਜਿੰਦਗੀ ਦੀ ਰਫ਼ਤਾਰ ਨੂੰ ਜਿਵੇਂ ਤਾਲਾ ਹੀ ਲਗਾ ਦਿੱਤਾ ਅਤੇ ਜਿੰਦਗੀ ਮੰਨੋ ਰੁੱਕ ਹੀ ਗਈ ਹੋਵੇ। ਕਿਉਕਿ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ, ਸਭ ਵਿਦਿਅਕ ਅਦਾਰੇ , ਦਫਤਰ, ਪ੍ਰਾਈਵੇਟ ਸੰਸਥਾਵਾਂ,ਟਰਾਂਸਪੋਰਟ, ਸਰਵਜਨਿਕ ਥਾਵਾਂ ਵੀ ਬੰਦ ਕਰ ਦਿੱਤਾ ਅਤੇ ਸਭ ਕੰਮ ਇੱਕਦਮ ਰੁਕ ਗਏ ਅਤੇ ਲੋਕ ਆਪਣੇ ਘਰਾਂ ਵਿੱਚ ਬੈਠਣ ਲਈ ਮਜਬੂਰ ਹੋ ਗਏ।
ਤਾਲਾਬੰਦੀ ਦਾ ਸਾਕਾਰਾਤਮਕ ਪ੍ਰਭਾਵ ਇਹ ਹੈ ਕਿ ਪਰਿਵਾਰ ਇੱਕਠਾ ਹੋ ਕੇ ਬੈਠ ਜਾਂਦਾ ਜਿਸ ਨਾਲ ਆਪਸੀ ਮੇਲਜੋਲ ਵੀ ਵਧਦਾ ਹੈ ਜਿਸ ਨਾਲ ਪਿਆਰ ਦੀਆ ਤੰਦਾ ਹੋਰ ਮਜਬੂਤ ਹੋ ਗਈਆ ਹਨ। ਸਾਰੇ ਮੈਂਬਰ ਮਿਲ ਕੇ ਕੰਮ ਕਰਦੇ ਹਨ ਮੰਨੋ ਜਿਵੇ ਪਹਿਲਾ ਦੇ ਲੋਕ ਕਰਦੇ ਸਨ। ਜਿਸ ਵਿਚ ਜਿੰਦਗੀ ਦੀ ਧੀਮੀ ਰਫਤਾਰ, ਸਾਦਾ ਖਾਣਾ ਸਾਦਾ ਪਹਿਰਾਵਾ ,ਸਾਦਾ ਰਹਿਣ ਸਹਿਣ ਆਦਿ । ਤਾਲਾਬੰਦੀ ਦੇਸ਼ ਪਿਆਰ ਦੀ ਭਾਵਨਾ ਦਾ ਪ੍ਰਗਟਾਵਾ ਕਰਦੀ ਹੈ। ਕਿਉਕਿ ਸਭ ਲੋਕ ਘਰਾਂ ਵਿੱਚ ਹੀ ਰਹਿ ਕੇ ਭਾਰਤ ਮਾਤਾ ਨੂੰ ਇਸ ਬਿਮਾਰੀ ਤੋ ਬਚਾਉਣ ਲਈ ਇੱਕਜੁਟ ਹੋ ਗਏ ਹਨ। ਇਸ ਲਾਇਲਾਜ ਬਿਮਾਰੀ ਦੇ ਵਾਧੇ ਦੀ ਦਰ ਬਹੁਤ ਜਿਆਦਾ ਹੁੰਦੀ ਹੈ। ਜਿਸ ਕਾਰਨ ਸਰਕਾਰ ਕੋਲ ਬਿਮਾਰਾਂ ਨੂੰ ਸਾਭਣ ਦੀ ਥਾਂ ੳਨ੍ਹਾਂ ਦਾ ਆਪਸੀ ਸਪਰੰਕ ਰੋਕ ਕੇ ਹੀ ਉਸਦੇ ਨਿਰੰਤਰ ਵਾਧੇ ਨੂੰ ਰੋਕਣ ਦਾ ਇਕੋ ਇੱਕ ਹੀ ਉਪਾਅ ਹੈ। ਪਰ ਜੇਕਰ ਤਾਲਾਬੰਦੀ ਦਾ ਦੂਸਰਾ ਪੱਖ ਵੇਖੀਏ ਤਾ ਜਿਥੇ ਪਰਿਵਾਰ ਦੇ ਲੋਕਾਂ ਦੇ ਵਿਚਾਰਾਂ ਵਿਚ ਮੱਤਭੇਦ ਹੋਵੇ ਉਥੇ ਕਈ ਵਾਰ ਘਰੇਲੂ ਕਲੇਸ਼ ਵਿਚ ਵਾਧਾ ਵੀ ਹੋਇਆ ਹੈ।ਕਿਉਂਕਿ ਉਸ ਸਥਿਤੀ ਵਿਚ ਉਹ ਘਰ ਤੋ ਬਾਹਰ ਵੀ ਨਹੀ ਜਾ ਸਕਦੇ। ਜਿਸ ਨਾਲ ਘਰ ਦਾ ਮਾਹੌਲ ਹੋਰ ਵੀ ਤਨਾਅ ਪੂਰਨ ਬਣ ਜਾਂਦਾ ਹੈ । ਲੋਕਾਂ ਦਾ ਜੀਵਨ ਨੀਰਸ ਹੋ ਗਿਆ ਹਰਰੋਜ਼ ਇਕੋ ਜਿਹੀ ਜੀਵਨ ਸ਼ੈਲੀ ਹਣ ਕਾਰਨ ਵਿਅਕਤੀ ਮਾਨਸਿਕ ਸੰਤਾਪ ਨੂੰ ਹੰਢਾ ਰਿਹੇ ਹਨ। ਉਹ ਕਾਮੇ ਜੋ ਮਿਨਹਤ ਮਜਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਸੀ ਉਨ੍ਹਾਂ ਲਈ ਇਹ ਦਿਨ ਬਹੁਤ ਹੀ ਮੁਸ਼ਕਲਾਂ ਵਾਲੇ ਹਨ। ਘਰ ਦੇ ਅੰਦਰ ਭੁੱਖ ਅਤੇ ਬਾਹਰ ਕੋਰੋਨਾ ਉਹ ਕੁਝ ਵੀ ਨਹੀਂ ਕਰ ਸਕਦੇ । ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਜਿੰਨ੍ਹਾਂ ਦੀ ਪ੍ਰੀਖੀਆ ਅਜੇ ਹੋਣੀ ਰਹਿੰਦੀ ਹੈ। ਉਨ੍ਹਾਂ ਵਿੱਚ ਵੀ ਤਨਾਅ ਵੇਖਣ ਨੂ਼ੰ ਮਿਲਦਾ ਹੈ। ਜਿਸ ਕਾਰਨ ਉਹ ਪ੍ਰੀਖੀਆਵਾਂ ਦਾ ਬੋਝ ਪਾ ਲੈਂਦੇ ਹਨ ਕਿਉਂਕਿ ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਪ੍ਰੀਖੀਆਵਾਂ ਕੱਦੋਂ ਹੋਣੀਆਂ ਹਨ। ਬੱਚਿਆ ਦਾ ਨਤੀਜਾ ਤਾਂ ਭਾਵੇਂ ਘੋਸ਼ਿਤ ਕਰ ਦਿੱਤਾ ਗਿਆ। ਪਰ ਨਵੇਂ ਦਾਖਲੇ ਨਹੀਂ ਹੋਏ ਜਿਸ ਕਾਰਨ ਮਾਪਿਆ ਅਤੇ ਵਿਦਿਆਰਥੀਆਂ ਵਿੱਚ ਤਨਾਅ ਹੈ। ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਇਹ ਰਿਹਾ ਹੈ ਕਿ ਛੇਂਵੀ ਤੋ ਬਾਰਵੀਂ ਤੱਕ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਹੈ । ਜਿਸ ਵਿੱਚ ਵੱਟਸਐਪ ਗਰੁੱਪਾਂ, ਟੀ.ਵੀ., ਰੇਡਿਉ ਰਾਹੀਂ ਪੜ੍ਹਨ ਸਮੱਗਰੀ ਭੇਜੀ ਜਾ ਰਹੀ ਹੈ । ਪਰ ਇਹ ਰੈਗੂਲਰ ਪੜ੍ਹਾਈ ਦਾ ਸੰਪੂਰਨ ਬਦਲ ਨਹੀਂ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਦਾ ਸਮਾਂ ਨਾ ਖਰਾਬ ਹੋਵੇ। ਇਕ ਹੋਰ ਮਹਤੱਵਪੂਰਨ ਨਾਕਰਾਤਮਕ ਅਸਰ ਇਹ ਹੈ ਕਿ ਤਾਲਾਬੰਦੀ ਨਾਲ ਬੱਚਿਆਂ ਦਾ ਬੋਧਿਕ ਵਿਕਾਸ ਰੁੱਕ ਗਿਆ ਹੈ। ਬੱਚੇ ਸਾਰਾ ਸਾਰਾ ਦਿਨ ਟੀ.ਵੀ. ਅਤੇ ਮੋਬਾਇਲ ਨਾਲ ਬਿਤਾਉਂਦੇੇ ਹਨ। ਅੱਜੇ ਕੁੱਝ ਸਮੇਂ ਦੀ ਹੀ ਗੱਲ ਹੈ ਕਿ ਬੱਚੇ ਪੱਬਜੀ ਗੇਮ ਕਾਰਨ ਆਪਣੀ ਜਾਨ ਗੁਆ ਬੈਠੇ ਕਿਉਂਕਿ ਇਹ ਗੇਮ ਬੱਚਿਆ ਦੇ ਮਾਨਸਿਕ ਸਤੁੰਲਨ ਨੂੰ ਵਿਗਾੜਦੀ ਹੈ ਅਤੇ ਉਨ੍ਹਾਂ ਦੇ ਦਿਮਾਗ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲੈਂਦੀ ਹੈ ਅਤੇ ਬੱਚੇ ਮਬਾਇਲ ਵਿੱਚ ਲੀਨ ਹ ਕੇ ਆਪਣਾ ਆਲਾ ਦੁਆਲਾ ਹੀ ਭੁੱਲ ਜਾਂਦੇ ਹਨ ।ਇਸ ਲਈ ਮਾਪਿਆ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਹਰ ਚੰਗੇ ਕੰਮਾਂ ਲਈ ਪ੍ਰੇਰਿਤ ਕਰਨਾ ਅਤੇ ਉਹਨਾਂ ਵਿੱਚ ਸਿਰਜਣਾਤਮਕ ਗੁਣਾਂ ਨੂੰ ਪੈਂਦਾ ਕਰਨ ਵਿੱਚ ਮਦਦ ਕਰਨ ।
ਇਹ ਦੱਸਣਾ ਬਣਦਾ ਹੈ ਕਿ ਇਸ ਮੁਸੀਬਤ ਦੀ ਘੜ੍ਹੀ ਵਿੱਚ ਸਾਨੂੰ ਘਰ ਵਿੱਚ ਹੀ ਰਹਿ ਕੇ ਸਰਕਾਰ ਦੀ ਮਦਦ ਕਰਕੇ ਇੱਕ ਸੱਚਾ ਦੇਸ਼ ਭਗਤ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਜੋ ਇਸ ਭਿਆਨਕ ਅਤੇ ਖਤਰਨਾਕ ਬਿਮਾਰੀ ਤੋ ਬੱਚ ਸਕੀਏ . ਸਾਨੂੰ ਆਪਣੇ ਸਮੇਂ ਦੀ ਯੋਗ ਵਰਤੋ ਕਰਨੀ ਚਾਹੀਦੀ ਹੈ ਜਿਵੇਂ ਕਿਤਾਬਾਂ ਪੜ੍ਹਕੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਆਦਿ ਅਤੇ ਆਪਣੀ ਰੂਚੀ ਮੁਤਾਬਕ ਆਪਣੇ ਸਮੇਂ ਦੀ ਯੋਗ ਵਰਤੋ ਕਰਨੀ ਚਾਹੀਦੀ ਹੈ । ਸਾਨੂੰ ਘਰ ਵਿੱਚ ਤਨਾਅਮੁਕਤ ਮਾਹੌਲ ਸਿਰਜਣਾ ਚਾਹੀਦਾ ਹੈ ਅਤੇ ਤਾਲਾਬੰਦੀ ਨੂੰ ਸਫ਼ਲ ਬਣਾ ਕੇ ਇਸ ਖਤਰਨਾਕ ਬਿਮਾਰੀ ਨੂੰ ਜੜ੍ਹ ਤੋ ਖੱਤਮ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ । ਸਾਨੂੰ ਸਭ ਨੂੰ ਸੰਜਮ ਅਤੇ ਸਮਝਦਾਰੀ ਨਾਲ ਦੇਸ਼ ਨੂੰ ਇਸ ਚੁਨੌਤੀ ਭਰਪੂਰ ਸਥਿਤੀ ਤੋ ਬਾਹਰ ਕੱਢਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਕੋਰੋਨਾ ਬਿਮਾਰੀ ਤੋ ਮੁਕਤ ਕੀਤਾ ਜਾ ਸਕੇ । ਆਉ ਆਪਾ ਸਭ ਮਿਲ ਕੇ ਤਾਲਾਬੰਦੀ ਨੂੰ ਜਰੂਰੀ ਨਿਯਮ ਮੰਨ ਕੇ ਸਰਕਾਰ ,ਪ੍ਰਸ਼ਾਸਨ ਅਤੇ ਸਿਹਤ ਕਰਮਚਾਰੀਆਂ ਦਾ ਹੱਥ ਵਟਾਈਏ ਤੇ ਉਨ੍ਹਾਂ ਦੇ ਕੰਮ ਵਿੱਚ ਵੀ ਸਹਿਯੋਗ ਕਰੀਏ। ਸਾਨੂੰ ਸਭ ਨੂੰ ਤਾਲਾਬੰਦੀ ਦੀ ਪਾਲਣਾ ਕਰਕੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਦੀ ਬਿਮਾਰੀ ਵਿਰੁੱਧ ਆਉਣ ਵਾਲੇ ਦਿਨ੍ਹਾਂ ਵਿੱਚ ਛੇਤੀ ਤੋ ਛੇਤੀ ਸਫ਼ਲਤਾ ਹਾਸਲ ਕਰ ਸਕੀਏ ਅਤੇ ਸਾਡਾ ਦੇਸ਼ ਇਸ ਘਾਤਕ ਬਿਮਾਰੀ ਤੋ ਮੁਕਤ ਹੋ ਜਾਵੇ।
– ਗੁਰਬਿੰਦਰਜੀਤ ਕੌਰ,
ਲੈੱਕਚਰਾਰ ਬਾਇਓਲੋਜੀ , ਸ.ਸ.ਸ.ਸ. ਮੰਡੀ ਫੂਲ (ਲ)
ਸੰਪਰਕ: +91 94177 39037