ਤਰੱਕੀ ਲਈ ਮਨ ਮਜ਼ਬੂਤ ਕਰੋ

ਕੇਵਲ ਸਿੰਘ ‘ਰੱਤੜਾ’

(ਸਮਾਜ ਵੀਕਲੀ)

– ਕੇਵਲ ਸਿੰਘ ਰੱਤੜਾ

ਮਨ ਸਾਡੇ ਸਰੀਰ ਦਾ ਡਰਾਈਵਰ ਹੈ।ਸਰੀਰ ਮਨ ਅਤੇ ਬੁੱਧੀ ਦੀ ਕਮਾਂਡ ਮੁਤਾਬਕ ਕੰਮ ਕਰਦਾ ਹੈ।ਤਕਨੀਕੀ ਭਾਸ਼ਾ ਵਿੱਚ ਜੋ ਹੁਕਮ ਸਰੀਰ ਨੂੰ, ਮਨ ਤੋਂ ਜਾਂ ਬੁੱਧੀ ਦੀ ਕੀਬੋਰਡ ਤੋਂ ਮਿੱਲਦਾ ਹੈ, ਉੁਹ ਉਹੀ ਅਮਲ (ਡਿਸਪਲੇ)ਕਰਦਾ ਹੈ। ਸੋ ਜਿੰਦਗੀ ਨੂੰ ਪੂਰੀ ਕਾਮਯਾਬ ਤੇ ਜਸ਼ਨ ਵਰਗੀ ਬਣਾਉਣ ਵਾਸਤੇ ਮਨ ਦੀ ਸ਼ਕਤੀ ਨੂੰ ਸਮਝਣਾ ਤੇ ਅਮਲ ਵਿੱਚ ਲਿਆਉਣਾ ਸਿਰਫ ਤੇ ਸਿਰਫ ਸਾਡੇ ਹੱਥ ਵਿੱਚ ਹੈ ।ਜੇਕਰ ਕਿਸੇ ਵੀ ਗੱਡੀ ਦਾ ਚਾਲਕ ਹੀ ਕਮਜ਼ੋਰ ਜਾਂ ਬਿਮਾਰ ਹੋਵੇ ਤਾਂ ਗੱਡੀ ਸੌ ਫੀ ਸਦੀ ਫਿੱਟ ਹੋਣ ਦੇ ਬਾਵਜੂਦ ਵੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕਦੀ। ਪਰ ਸੜਕ ਤੇ ਚਲਦੀ ਗੱਡੀ ਤੋਂ ਪ੍ਰਭਾਵ ਇਹੀ ਜਾਏਗਾ ਕਿ ਨੁਕਸ ਗੱਡੀ ਵਿੱਚ ਹੈ। ਆਉ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮਨੁੱਖ ਦਾ ਮਨ ਵੀ ਉਸਦੀ ਉਮਰ ਨਾਲ ਹੀ ਵਿਕਸਤ ਹੁੰਦਾ ਹੈ। ਬਚਪਨ ਵਿੱਚ ਮਾਸੂਮ ਬੱਚਾ ਤਾਂ ਪੂਰੇ ਦਾ ਪੂਰਾ ਦੂਜਿਆਂ ਤੇ ਨਿਰਭਰ ਰਹਿੰਦਾ ਹੈ ਅਤੇ ਸਰੀਰਕ ਜਰੂਰਤਾਂ ਲਈ ਹੀ ਮਨ ਦੀ ਵਰਤੋਂ ਕਰਦਾ ਹੈ। ਆਪਣੀ ਮਾਂ ਤੋਂ ਬਿਨਾ ਕਿਸੇ ਦੂਜੇ ਦਾ ਵਿਸ਼ਵਾਸ ਨਹੀ ਕਰਦਾ। ਹੌਲ਼ੀ ਹੌਲੀ ਦਿਨ ਵੇਲੇ ਤਾਂ ਬਾਕੀ ਜਾਣਕਾਰ ਜੀਆਂ ਨਾਲ ਮੇਲ ਜੋਲ ਕਰੇਗਾ , ਹੱਸੇਗਾ , ਸੁਰੱਖਿਅਤ ਮਹਿਸੂਸ ਕਰੇਗਾ ਪਰ ਨਜ਼ਰ ਮਾਂ ਨੂੰ ਹੀ ਟਟੋਲਦੀ ਰਹਿੰਦੀ ਹੈ। ਆਪਣੀ ਖੁਰਾਕ ਤੇ ਸੁੱਖ ਲਈ ਮਾਂ ਦੀਆਂ ਬਾਹਵਾਂ ਹੀ ਉਡੀਕਦਾ ਹੈ।ਭੁੱਖਾ ਤੇ ਰੋਊ , ਖੁਸ਼ ਹੈ ਤਾਂ ਹੱਸੂ। ਹੌਲੀ ਹੌਲੀ ਮਨ ਰੂਪੀ ਡਰਾਈਵਰ ਅੰਗੜਾਈ ਲੈਂਦਾ ਹੈ ਅਤੇ ਬੱਚਾ ਵੀ ਮਨਮਰਜੀ ਦੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ। ਸਾਰਾ ਪਰਿਵਾਰ ਉਹਦੇ ਵਾਧੇ ਦੇ ਚਰਚੇ ਆਮ ਗੱਲਬਾਤ ਵਿੱਚ ਕਰਨ ਲੱਗ ਜਾਂਦੇ ਹਨ। ਫੋਨ ਤੇ ਵੀ ”ਹੋਰ ਸੁਣਾਉ , ਬਾਲ ਬੱਚਿਆਂ ਦਾ ਕੀ ਹਾਲ ਹੈ ” ਜਵਾਨ ਹੋਣ ਤੱਕ ਵੀ ਸਾਡੇ ਤਕੀਆ ਕਲਾਮ ਬਣੇ ਰਹਿੰਦੇ ਹਨ।

10 ਕੁ ਸਾਲ ਤੱਕ ਬੱਚਾ , ਆਪਣੇ ਬਹੁਤ ਸਾਰੇ ਕੰਮਾਂ ਵਿੱਚ ਆਤਮ ਨਿਰਭਰ ਹੋਣ ਲਗਦਾ ਹੈ। ਖੇਡ ਜਾਂ ਹਾਣ ਦਿਆਂ ਨਾਲ ਸਮਾਂ ਬਿਤਾਉਣਾ ਬਹੁਤ ਹੀ ਚੰਗਾ ਲੱਗਦਾ ਹੈ। ਉਹਦੇ ਸੁਪਨੇ ਉੱਗਣ ਲੱਗਦੇ ਹਨ। ਬੜੇ ਸਵਾਲ ਪੈਦਾ ਹੋਣ ਲੱਗਦੇ ਹਨ। ਖਾਹਿਸ਼ਾਂ ਬਾਰੇ ਦਾਅਵੇ ਸ਼ੁਰੂ ਹੋ ਜਾਂਦੇ ਹਨ। ਆਪਣੀਆਂ ਵਸਤਾਂ ਤੇ ਮਾਣ ਕਰਨਾ ਸ਼ੁਰੂ ਕਰ ਦਿੰਦਾ ਹੈ। ਆਪਣੇ ਪਾਪਾ ਦੀਆਂ ਖੂਬੀਆਂ ਜਾਂ ਉੁਹਦਾ ਅੰਦਾਜ ਪ੍ਰਵੇਸ਼ ਕਰ ਜਾਂਦਾ ਹੈ। ਕੁੜੀਆਂ ਦੀ ਪਾਪਾ ਨਾਲ ਨੇੜਤਾ ਵਧਦੀ ਹੈ। ਮੁੰਡਾ ਮੰਮੀ ਦਾ ਲਾਡਲਾ ਬਣਦਾ ਹੈ। ਉੁਹਨਾਂ ਦੀਆਂ ਸ਼ਰਾਰਤਾਂ ਬਸ ਮਨ ਮੁਤਾਬਕ ਹੁੰਦੀਆ ਹਨ। ਉਲਾਭੇਂ ਵੀ ਮਨ ਮਰਜੀਆਂ ਕਰਨ ਦੇ ਕਾਰਨ ਮਿਲਦੇ ਹਨ। ਤਰਕ ਵੀ ਪੈਦਾ ਤਾਂ ਹੋ ਜਾਂਦਾ ਹੈ ਪਰ ਉਹਦਾ ਇਸਤੇਮਾਲ ਬੱਚਾ ਆਪਣੇ ਸੁਆਰਥ ਲਈ ਹੀ ਕਰਦਾ ਹੈ। ਇਸ ਉਮਰੇ ਉਹਦੀਆਂ ਤਰਜੀਹਾਂ, ਪਸੰਦਾਂ ਜਾਂ ਮਨ੍ਹਾ ਕਰਨ ਦੀਆਂ ਆਦਤਾਂ ਵੀ ਬਣਦੀਆਂ ਤੇ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੱਲ ਕੀ ਮਨ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ। ਮਨ ਭਾਵਨਾਵਾਂ ਵੱਸ ਜਿਆਦਾ ਰਹਿੰਦਾ ਹੈ ਅਤੇ ਤਰਕ ਬੁੱਧੀ ਤੋਂ ਪਨਪਦੀ ਹੈ।ਖੈਰ, ਬਚਪਨ ਬਾਰੇ ਕਦੇ ਫਿਰ ਸਹੀ।

ਹੁਣ ਅਸੀਂ ਸਿੱਧੇ ਹੀ ਜਵਾਨੀ ਦੀ ਜੋਸ਼ ਭਰੀ ਮਸਤਾਨੀ ਉਮਰ ਵਿੱਚ ਮਨ ਦੇ ਰੋਲ ਨੂੰ ਵਾਚਦੇ ਹਾਂ। ਜ਼ਿੰਦਗੀ ਦਾ ਇਹ ਪੜਾਅ ਹੀ ਸਾਰੀ ਜਿੰਦਗੀ ਦਾ ਧੁਰਾ ਹੋ ਨਿਬੜਦਾ ਹੈ। ਲਗਭਗ 16 ਸਾਲ ਤੋਂ ਸ਼ੁਰੂ ਹੁੰਦਾ ਹੈ ਇਹ ਦੌਰ ਜਦੋਂ ਅੱਲੜ ਜਵਾਨ ਮੁੰਡਾ ਕੁੜੀ ਆਪਣੇ ਅੰਦਰ ਜਬਰਦਸਤ ਤਬਦੀਲੀ ਨੂੰ ਮਹਿਸੂਸ ਕਰਦਾ ਹੈ। ਸਰੀਰਕ , ਭਾਵਨਾਤਮਿਕ ,ਮਾਨਸਿਕ ਤੇ ਸਮਾਜਿਕ ਤੌਰ ਤੇ ਉਹ ਬਦਲਾਅ ਦੇ ਚੱਕਰਵਾਤ ਵਿੱਚ ਹੁੰਦਾ ਹੈ। ਕੋਈ ਉਹਨੂੰ ਬੱਚਾ ਕਹਿਕੇ ਸੰਬੋਧਨ ਕਰਦਾ ਹੈ ਤੇ ਕਿਸੇ ਦੀਆਂ ਨਜ਼ਰਾਂ ਵਿੱਚ ਉਹ ਸ਼ਕਤੀ ਦਾ ਅਣਫੁੱਟਿਆ ਚਸ਼ਮਾ। ਉਹ ਇਹਨਾਂ ਦੋਵਾਂ ਵਿਸ਼ੇਸ਼ਣਾਂ ਵਿੱਚੋਂ ਕੀਹਨੂੰ ਸਹੀ ਮੰਨੇ ਜਾਂ ਗਲਤ, ਸਹੀ ਚੋਣ ਨਹੀ ਕਰ ਸਕਦਾ। ਇਸ ਵਿਸ਼ੇ ਤੇ ਨਾ ਹੀ ਮਾਪੇ ਅਤੇ ਨਾ ਹੀ ਬੱਚੇ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰਦੇ ਹਨ। ਨੌਜਵਾਨ ਬੱਚੇ ਇੱਕੋ ਸਮੇਂ ਪੜਾਈ, ਵਿਸ਼ਾ ਚੋਣ, ਜਿੰਦਗੀ ਵਿੱਚ ਅਮੀਰ ਹੋਣ, ਸਮਾਜਕ ਬੰਦਿਸ਼ਾਂ ਅਤੇ ਜਵਾਬ ਦੇਹੀ ਦੀ ਚੱਕੀ ਵਿੱਚ ਪਿਸ ਰਹੇ ਹੁੰਦੇ ਹਨ। ਨੌਜਵਾਨ ਬੌਂਦਲੇ ਜਹੇ ਮਹਿਸੂਸ ਕਰਦੇ ਹਨ। ਪਰ ਸਾਡੇ ਆਲੇ ਦੁਆਲੇ ਉੁਹਨਾਂ ਦੇ ਮਸਲਿਆਂ ਬਾਰੇ ਇਹ ਕਹਿਕੇ ਚੁੱਪੀ ਧਾਰੀ ਜਾਂਦੀ ਹੈ ਕਿ ਆਪਣੇ ਆਪ ਸਭ ਠੀਕ ਹੋ ਜਾਵੇਗਾ ਤੇ ਅਕਲ ਆਪੇ ਹੀ ਆ ਜਾਵੇਗੀ। ਉਹਨਾਂ ਵਲੋਂ ਤਰਕ ਨਾਲ ਕੀਤੀ ਗੱਲ ਪਰਿਵਾਰ ਵਿੱਚ ਬਹਿਸ ਬਾਅਦ ਅਣਸੁੱਲਝੀ ਹੀ ਰਹਿ ਜਾਂਦੀ ਹੈ। ਇਸੇ ਹੀ ਸਮੇਂ ਉੱਤੇ ਮਨ ਦੀ ਚੰਚਲਤਾ ਅਤੇ ਸੰਵੇਦਨਾ ਨੂੰ ਮਜ਼ਬੂਤੀ ਵੱਲ ਵੱਧਣ ਦੇ ਮੌਕੇ ਮਿਲਦੇ ਹਨ। ਨੌਜਵਾਨ ਵਰਗ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮਾਪਿਆਂ ਅਤੇ ਸਮਾਜ ਨੂੰ ਕੁੱਝ ਕਰਕੇ ਵਿਖਾਉਣ ਜਾਂ ਸਾਬਤ ਕਰਨ ਦੀ ਰੁਚੀ ਦਾ ਵਿਕਾਸ ਹੁੰਦਾ ਹੈ। ਕਿਸੇ ਨਾਲ ਨੇੜਤਾ ਤੇ ਕਿਸੇ ਨਾਲ ਈਰਖਾ ਦਾ ਸੁਭਾਅ ਬਣਦਾ ਹੈ ਅਤੇ ਹੌਲੀ ਹੌਲੀ ਇਹ ਰਿਸ਼ਤੇ ਹੋਰ ਪੀਢੇ ਹੋਣ ਲੱਗਦੇ ਹਨ। ਅਸੁਰੱਖਿਆ ਦੀ ਭਾਵਨਾ ਦਾ ਅਹਿਸਾਸ ਵੀ ਹੁੰਦਾ ਹੈ। ਬਦਕਿਸਮਤੀ ਨਾਲ ਪੰਜਾਬੀ ਸਮਾਜ ਵਿੱਚ ਸਾਡੇ ਘਰਾਂ ਵਿੱਚ ਬੱਚਿਆਂ ਨਾਲ ਖੁੱਲ ਕੇ ਉੁਹਨਾਂ ਦੀਆਂ ਮਾਨਸਿਕ ਉਲਝੀਆਂ ਤਾਣੀਆਂ ਬਾਰੇ ਸਾਜ਼ਗਾਰ ਮਹੌਲ਼ ਹੀ ਨਹੀਂ ਸਿਰਜਿਆ ਗਿਆ। ਪੜੀਆਂ ਲਿਖੀਆਂ ਕੰਮਕਾਜੀ ਮਾਵਾਂ ਤਾਂ ਫਿਰ ਵੀ ਆਪਸ ਵਿੱਚ ਦਿਲ ਫੋਲ ਕੇ ਕੁੱਝ ਮਸਲਿਆਂ ਦੇ ਹੱਲ ਕੱਢ ਲੈਂਦੀਆਂ ਹਨ ਪਰ ਬਾਕੀ ਤਾਂ ਕੰਮ ਤੋਂ ਘਰ ਆਏ ਪਤੀ ਨਾਲ ਵੀ ਆਪਣੇ ਹੀ ਬੱਚਿਆਂ ਬਾਰੇ ਗੱਲਾਂ ਨਹੀ ਕਰਦੀਆਂ। ਉਹ ਡਰਦੀਆਂ ਹਨ ਕਿਤੇ ਉਹਨਾਂ ਤੇ ਹੀ ਗੈਰਜੁੰਮੇਵਾਰੀ ਦਾ ਦੋਸ਼ ਨਾ ਮੜਿਆ ਜਾਵੇ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਨੌਜਵਾਨ ਕੁੜੀਆਂ ਮੁੰਡੇ ਆਪਣੇ ਮਨ ਦੀ ਪ੍ਰਵਿਰਤੀ ਅਤੇ ਸ਼ਕਤੀ ਨੂੰ ਸਮਝਣ, ਪਰਖਣ ਅਤੇ ਸਹੀ ਚੋਣ ਕਰਕੇ ਆਪਣੇ ਲਈ ਉੁਹ ਰਸਤੇ ਚੁਣਨ ਜੋ ਸਪਸ਼ਟ ਹੋਣ , ਰੁੱਚੀਆਂ ਮੁਤਾਬਕ ਹੋਣ, ਕਮਾਊ ਬਣਾਉਣ ਅਤੇ ਪਛਤਾਉਣ ਤੀ ਨੌਬਤ ਨਾ ਲਿਆਉਣ।

ਸਿਰਜਣਹਾਰੇ ਰੱਬ ਨੇ ਹਰੇਕ ਮਨੁੱਖ ਨੂੰ ਵਿਲੱਖਣ ਸੰਭਾਵਨਾਵਾਂ ਭਰੀਆਂ ਸ਼ਕਤੀਆਂ ਨਾਲ ਨਿਵਾਜਿਆ ਹੈ।ਉਹ ਸਾਡੇ ਅੰਦਰ ਹੀ ਹੁੰਦੀਆਂ ਹਨ। ਬੱਸ ਉਹਨਾਂ ਤੋਂ ਪਰਦਾ ਕਿਵੇਂ ਚੁੱਕਿਆ ਜਾਵੇ? ਕੌਣ ਚੁੱਕੇ ? ਕਦੋਂ ਚੁੱਕੇ? ਜੇ ਬਾਹਰੀ ਗਿਆਨ ਸਲਾਹ ਵਜੋਂ ਮਿਲ ਵੀ ਜਾਏ ਤਾਂ ਖੁੱਦ ਕਿਵੇਂ ਹਿੰਮਤ ਕਰੀਏ। ਖੁੱਦ ਤੇ ਭਰੋਸੇ ਕਿਵੇਂ ਬਣੇ ? ਜੇਕਰ ਚੋਣ ਗਲਤ ਹੋ ਗਈ ਤਾਂ ਨੁਕਸਾਨ ਲਈ ਫਿਰ ਜੁੰਮੇਵਾਰੀ ਖੁੱਦ ਹੀ ਚੁੱਕਣੀ ਪਊ। ਮਾਪੇ ਕਹਿੰਦੇ ਕਿਤੇ ਖਤਰਾ ਨਾ ਮੁੱਲ ਲੈ ਲਈਂ। ਦੇਸ਼ ਦੀ ਬੇਰੁਜ਼ਗਾਰੀ ਨੇ ਤਾਂ ਪਹਿਲਾਂ ਹੀ ਵਿਸ਼ਵਾਸ ਦੀ ਬਜਾਏ ਅਨਿਸ਼ਚਤਾ ਪੈਦਾ ਕੀਤੀ ਹੋਈ ਹੈ। ਮਾਪਿਆਂ ਦੇ ਪਿਤਾ ਪੁਰਖੀ ਕੰਮ ਨੂੰ ਅੱਗੇ ਵਧਾਉਣ ਵਿੱਚ ਕਿੰਨੀ ਕੁ ਗੁੰਜਾਇਸ਼ ਹੈ? ਕਾਲਜਾਂ ਯੂਨੀਵਰਸਿਟੀਆਂ ਦੀ ਪੜਾਈ ਕਰਨ ਬਾਅਦ ਫਿਰ ਨੌਕਰੀ ਲਈ ਪ੍ਰਵੇਸ਼ ਪ੍ਰੀਖਿਆ ਵਿੱਚ ਸਫਲਤਾ ਦਾ ਗੈਰ ਯਕੀਨੀ ਹੋਣਾ ਅਤੇ ਘੱਟ ਨੌਕਰੀਆਂ ਵਾਸਤੇ ਅਪਲਾਈ ਕਰਨ ਵਾਲਿਆਂ ਦੀਆਂ ਲੱਖਾਂ ਵਿੱਚ ਅਰਜੀਆਂ। ਬਹੁਤ ਸਾਰੇ ਮੱਧ ਵਰਗੀ ਪਰਿਵਾਰਾਂ ਵਿੱਚ ਪੜ੍ਹਨ ਦਾ ਮਤਲਬ ਸਿਰਫ ਚੰਗੀ ਨੌਕਰੀ ਪਾਉਣਾ ਹੀ ਹੁੰਦਾ ਹੈ। ਸਵੈ ਰੁਜਗਾਰ ਦਾ ਰੁਝਾਨ ਸਾਡੇ ਇੱਥੇ ਹਾਲੇ ਬਣਿਆ ਨਹੀਂ ਜਾਂ ਉਹਨੰ ਹੱਲਾਸ਼ੇਰੀ ਦੇਣ ਦੀ ਬਜਾਏ ਨਾਂਹ ਪੱਖੀ ਮਿਹਣੇ ਘੜੇ ਪਏ ਨੇ। ਸਭਤੋਂ ਪਹਿਲ਼ਾਂ ਬੇਹੱਦ ਜਰੂਰੀ ਹੈ ਹਰੇਕ ਵਿਅਕਤੀ ਨੂੰ ਆਪਣੇ ਆਪਦਾ, ਘਰੇਲੂ ਹਾਲਾਤ ਦਾ ਅਤੇ ਰੋਜ਼ਗਾਰ ਮੰਡੀ ਵਿੱਚ ਮਿੱਲਣ ਵਾਲੇ ਵਿਭਿੰਨ ਮੌਕਿਆਂ ਦਾ ਮੁਲਾਂਕਣ ਕਰਨਾ ਕਿ ਤੁਹਾਡੇ ਮਾਪੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਬਣਦਾ ਯੋਗਦਾਨ ਪਾ ਵੀ ਸਕਦੇ ਹਨ ਕਿ ਨਹੀਂ। ਜੇ ਜਵਾਬ ਨਾ ਵਿੱਚ ਹੋਵੇ ਤਾਂ ਫਿਰ ਜਾਂ ਵਿਉਂਤ ਬਦਲ ਲਉ ਜਾਂ ਫਿਰ ਇਕੱਲੇ ਨਿੱਤਰੋ। ਪਹਿਲਾਂ ਜਾਣੋ ਕਿ ਤੁਹਾਡੀ ਸਰੀਰਕ ਫਿਟਨੈਸ ਕਿਹੜੇ ਕੰਮ ਦਾ ਤਣਾਅ ਝੱਲਣ ਦੇ ਕਾਬਿਲ਼ ਹੈ। ਤੁਹਾਡੀ ਪੜਾਈ ਦਾ ਪੱਧਰ ਕਿੰਨੇ ਪ੍ਰਤੀਸ਼ਤ ਵਾਲਾ ਹੈ। ਤੁਹਾਡੀ ਰੁੱਚੀ ਕਿਹੜੇ ਕਿਹੜੇ ਪਾਸੇ ਵਧੀਆ ਨਤੀਜੇ ਦੇ ਸਕਦੀ ਹੈ ਉਸ ਕੋਰਸ ਦੀ ਮਾਰਕੀਟ ਵਿੱਚ ਕਿੰਨੀ ਮੰਗ ਹੈ। ਔਸਤ ਤੋਂ ਜਿੰਨਾ ਉਪਰ ਜਾਉਗੇ , ਮੁਕਾਬਲਾ ਘੱਟਦਾ ਹੀ ਜਾਏਗਾ ਤੇ ਤੁਸੀਂ ਮਨਚਾਹਾ ਭਵਿੱਖ ਸਿਰਜ ਸਕਦੇ ਹੋ। ਪੂਰੇ ਭਾਰਤ ਵਿੱਚ ਤੇ ਪੰਜਾਬ ਵਿੱਚ ਖਾਸ ਕਰਕੇ ਇਹ ਪ੍ਰਬਲ ਧਾਰਨਾ ਹੈ ਕਿ ਕੁੜੀਆਂ ਨੂੰ ਗਰੈਜੂਏਸ਼ਨ ਤੱਕ ਕਿਵੇਂ ਨਾ ਕਿਵੇਂ ਪੜਨਾ ਹੀ ਚਾਹੀਦਾ ਹੈ ਤਾਂ ਕਿ ਸ਼ਾਦੀ ਲਈ ਮੁੰਡਾ ਠੀਕ ਲੱਭ ਜਾਏ। ਪਰ ਮੈਂ ਇਸ ਨੂੰ ਇੰਜ ਕਹਾਂਗਾ ਕਿ ਬੱਚੇ ਨੂੰ ਕਮਾਊ ਬਣਾਉਣ ਬਾਰੇ ਤਿਆਰ ਕਰੋ , ਨਿਰੀ ਬੀ ਏ ਦੀ ਡਿਗਰੀ ਦਾ ਕੀ ਕਰੋਗੇ। ਕਰੇ ਜਾਂ ਨਾ ਪਰ ਲੜਕੀ ਨੌਕਰੀ ਜਾਂ ਕਾਰੋਬਾਰ ਕਰਨਯੋਗ ਜਰੂਰ ਹੋਵੇ।

ਨਿੱਜੀ ਤਜਰਬੇ ਤੋਂ ਦੱਸਦਾਂ ਕਿ 30 ਸਾਲ ਤੱਕ ਆਪਣੀ ਪੜਾਈ ਵਿਚਲੀ ਜਾਂ ਸਕਿਲ ਦੀ ਕਮੀ ਨੂੰ ਬਾਖੂਬੀ ਪੂਰਾ ਕੀਤਾ ਜਾ ਸਕਦਾ ਹੈ। ਮੈਂ ਗਰੈਜੂਏਸ਼ਨ ਦੇ 9 ਸਾਲ ਬਾਅਦ ਪੋਸਟ ਗਰੈਜੂਏਸ਼ਨ ਕੀੰਤੀ ਤੇ ਯੂ ਜੀ ਸੀ ਟੈਸਟ ਵੀ ਪਹਿਲੀ ਸਿਟਿੰਗ ਵਿੱਚ ਕਲੀਅਰ ਕਰ ਲਿਆ ਸੀ।ਖੈਰ ਮਨ ਨਾਲ ਗੱਲਾਂ ਕਰਨੀਆਂ ਸਿੱਖੋ, ਉਹਨੂੰ ਕਹੋ ਕਿ ਆਪਾਂ ਹੱਥ ਫੜਿਆ ਕੰਮ ਸਿਰੇ ਲਾਉਣਾ ਹੈ, 5 ਕੁ ਵਧੀਆ ਮਿੱਤਰਾਂ ਦਾ ਸਾਥ ਰੱਖੋ ਜੋ ਤੁਹਾਡੇ ਤੋਂ ਬਿਹਤਰ ਹਨ। ਦੁਬਿਧਾ ਫਸੇ ਦਿਮਾਗ,ਸੁਸਤੀ ਮਾਰੇ, ਵਿਆਹ ਕਰਵਾਉਣ ਨੂੰ ਕਾਹਲੇ, ਹਰ ਕੰਮ ਵਿੱਚ ਫੇਲ ਹੋਣ ਤੋਂ ਡਰੂ ਅਤੇ ਬਾਪੂ ਦੇ ਪੈਸੇ ਤੇ ਐਸ਼ ਕਰਨ ਵਾਲੇ,ਫੋਕੀ ਹਵਾ ਵਿੱਚ ਰਹਿਣ ਵਾਲੇ ਲਿਫਾਫੇਬਾਜ਼ ਅਤੇ ਕਿਸੇ ਨੂੰ ਫਸਾਕੇ ਫਾਇਦੇ ਚੁੱਕਣ ਵਾਲੇ ਤੋਂ ਜਿੰਨਾ ਦੂਰ ਰਹਿ ਸਕੋ, ਉਹਦੇ ਵਿੱਚ ਹੀ ਭਲਾ ਹੈ।ਕਈ ਨੌਸਰਬਾਜ਼ ਤੁਹਾਨੂੰ ਥੋੜੇ ਸਮੇਂ ਵਿੱਚ ਜਲਦੀ ਅਮੀਰ ਬਣਾਉਣ ਦੇ ਨੁਸਖੇ ਨਾਲ ਇਹ ਵੀ ਕਹਿਣਗੇ ਕਿ ਘਰ ਗੱਲ ਨਹੀਂ ਕਰਨੀ, ਅਜਿਹੇ ਚਾਲਾਕਾਂ ਤੋਂ ਝੱਟ ਕੋਈ ਬਹਾਨਾ ਬਣਾਕੇ ਖਿਸਕ ਜਾਉ ਤੇ ਬਾਅਦ ਵਿੱਚ ਨਾਤਾ ਤੋੜ ਲਵੋ। ਗੈਰ ਕਨੂੰਨੀ ਤੇ ਨਾਂਹ ਪੱਖੀ ਵਿਚਾਰਾਂ ਵਿੱਚੋਂ ਵਿਨਾਸ਼ ਹੀ ਨਿਕਲਦਾ ਹੈ, ਵਿਕਾਸ ਨਹੀਂ। ਮਨ ਨੂੰ ਮਜ਼ਬੂਤ ਕਰਨ ਲਈ ਅਰਦਾਸ ਕਰਨੀ ਵੀ ਬਹੁਤ ਲਾਹੇਵੰਦ ਹੁੰਦੀ ਹੈ। ਦਰਅਸਲ ਰੱਬ ਨਾਲ ਗੱਲ ਕਰਦੇ ਸਮੇਂ ਅਸੀਂ ਆਪਣਾ ਹੀ ਹੌਂਸਲਾ ਵਧਾ ਰਹੇ ਹੁੰਦੇ ਹਾਂ। ਵਾਹਿਗੁਰੂ ਤੋਂ ਤੋਰਫੇ ਨਹੀਂ ਮੰਗੀਦੇ, ਸਗੋਂ ਕੰਮ ਵਿੱਚ ਸਫਲਤਾ ਮੰਗੀਦੀ ਹੈ। ”ਦੇਹਿ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ।”  ਬੱਸ ਜਿੱਤ ਮੰਗਣੀ ਹੈ, ਕਿਰਤ ਤਾਂ ਖੁੱਦ ਹੀ ਕਰਨੀ ਪੈਂਦੀ ਹੈ। ਚੰਗੇ ਅਧਿਆਪਕ ਜਾਂ ਕੁੱਝ ਸਫਲ ਰਿਸ਼ਤੇਦਾਰਾਂ ਨਾਲ ਵੀ ਸਲਾਹ ਕਰਨ ਵਿੱਚ ਹਰਜ਼ ਕੀ ਹੈ। ਮਾਪਿਆਂ ਨੇ ਸਾਨੂੰ ਬਚਪਨ ਤੋਂ ਦੇਖਿਆ ਹੁੰਦਾ, ਉਹ ਕਿੱਤਾਚੋਣ ਵਿੱਚ ਮਦਦ ਕਰ ਸਕਦੇ ਹਨ। ਸੁਪਨੇ ਸਾਡੇ ਨੇ ਤੇ ਪੂਰੇ ਵੀ ਸਾਨੂੰ ਹੀ ਕਰਨੇ ਪੈਣੇ ਹਨ। ਇੱਛਾ ਸ਼ਕਤੀ ਨੂੰ ਡੋਲਣ ਨਹੀਂ ਦੇਣਾ ਚਾਹੀਦਾ। ਇੱਕ ਮਹਾਨ ਮਨੋਵਿਗਿਆਨੀ ਨੇ ”ਸੁਚੇਤ ਵਿਚਾਰ ਕੰਟਰੋਲ” ਦੇ ਸਿਧਾਂਤ ਬਾਰੇ ਕਿਹਾ ਕਿ ਮਨ ਵਿੱਚ ਜਦੋਂ ਵੀ ਕੋਈ ਡਰ, ਅਸਫਲਤਾ ਜਾਂ ਬੇਉਮੀਦੀ ਦੇ ਖਿਆਲ ਆਉਣ ਤਾਂ ਝੱਟ ਚੜਦੀ ਕਲਾ ਵਾਲੀਆਂ ਗੱਲਾਂ ਵੱਲ ਮਨ ਨੂੰ ਮੋੜ ਲੈਣਾ ਚਾਹੀਦਾ ਹੈ। ਫੋਕੇ ਭਰਮ ,ਅੰਧ ਵਿਸ਼ਵਾਸ,ਰਾਸ਼ੀਫਲ, ਹੱਥਾਂ ਦੀ ਲਕੀਰਾਂ,ਵਾਸਤੂਸ਼ਾਸਤਰ ਜਾਂ ਲਾਟਰੀਆਂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੀ ਜਿੰਦਗੀ ਰੋਂਦੇ ਰਹਿੰਦੇ ਹਨ।ਸਮੇਂ ਦਾ ਚੱਕਰ ਮੇਲੇ ਵਿੱਚਲੇ ਵੱਡੇ ਘੁੰਮਣ ਵਾਲੇ ਪੰਘੂੜੇ ਵਰਗਾ ਹੁੰਦਾ ਹੈ,ਕਦੇ ਉਪਰ , ਕਦੇ ਨੀਵਾਂ। ਟੀ ਵੀ ਦੇ ਪ੍ਰੋਗਰਾਮ ਵੀ ਉਹੀ ਦੇਖੋ ਜੋ ਮਨੋਰੰਜਨ ਤਾਂ ਦੇਣ ਪਰ ਸਾਜਿਸ਼ਾਂ ਕਰਨੀਆਂ ਨਾ ਸਿਖਾਉਂਦੇ ਹੋਣ।ਚੰਗਾ ਸਾਹਿਤ , ਚੰਗਾ ਸੰਗੀਤ ਸਾਡੀ ਇਕਾਗਰਤਾ ਵਧਾਉਂਦਾ ਹੈ ਪਰ ਭੜਕੀਲੇ ਤੇ ਕਾਮੁਕ ਬੋਲਾਂ ਭਰੇ ਗਾਣੇ ਸਾਨੂੰ ਭਟਕਾ ਦਿੰਦੇ ਹਨ। ਸਾਡੇ ਸਮਾਜ ਵਿੱਚ ਪਾਪ ਪੁੰਨ ਦੇ ਸਿਧਾਂਤ ਵੀ ਅਜੀਬੋ ਗਰੀਬ ਹਨ। ਠੱਗੀਆਂ ਮਾਰਕੇ, ਲੋਕਾਂ ਦਾ ਹੱਕ ਮਾਰਕੇ ਤੇ ਫਿਰ ਧਾਰਮਿਕ ਸਥਾਨਾਂ ਤੇ ਕੁਝ ਚੜਾਵਾ ਚਾੜ ਕੇ ਪੁੰਨ ਕਮਾ ਲਿਆ,ਪਰ ਜੇਕਰ ਉੱਚੀ ਅਵਾਜ਼ ਵਿੱਚ ਚਲਦੇ ਸਪੀਕਰ ਦੀ ਅਵਾਜ਼ ਘੱਟ ਕਰਨ ਨੂੰ ਕਹਿ ਦਿੱਤਾ ਤਾਂ ਪਾਪ ਲੱਗ ਜਾਊ।ਵਿਗਿਆਨਕ ਸੋਚ ਅਤੇ ਸੱਚ ਤੇ ਪਹਿਰਾ ਦੇਕੇ ਬਹੁਤ ਮਿਹਨਤੀ ਲੋਕ ਕਾਮਯਾਬ ਹੋਏ ਨੇ ਪਰ ਝੂਠੇ,ਲੁਟੇਰਿਆਂ ਦੇ ਘਰ ਆਖਰ ਔਲਾਦਾਂ ਹੀ ਉਜਾੜ ਦਿੰਦੀਆਂ ਨੇ। ਤਰਕ ਅਪਣਾਉ। ਸਰਬ ਸਾਂਝੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਕਮਾਲ ਕਿਹਾ ਹੈ।’ ਨਾਨਕ ਅਓਗੁਣ ਜੇਤੜੇ, ਤੇਤੇ ਗਲੀ ਜੰਜੀਰ।।’ ਜ਼ਿੰਦਗੀ ਸਿੱਧੀ, ਸਧਾਰਨ, ਨਿਮਰ ਅਤੇ ਕੁਦਰਤੀ ਰੱਖਣ ਨਾਲ ਤੁਸੀਂ ਵਿਸ਼ਵਾਸਯੋਗ ਬਣਦੇ ਹੋ। ਲੋਕ ਸਿਫਤਾਂ ਕਰਦੇ ਹਨ ਸਾਹਮਣੇ ਵੀ, ਪਿੱਠ ਪਿੱਛੇ ਵੀ। ਸਦੀਆਂ ਤੱਕ ਪਰਖੇ ਹੋਏ ਸੱਚਾਂ ਨੂੰ ਅਪਣਾ ਹੀ ਲੈਣਾ ਚਾਹੀਦਾ ਖਾਸ ਤੌਰ ਤੇ ਮਨੁੱਖ ਦੇ ਸੁਭਾਅ ਦੇ ਬਾਰੇ ਵਿੱਚ ਜੋ ਕਹੇ ਹੋਣ ਜਿਵੇਂ  “ਮਨਿ ਜੀਤੈ ਜਗੁ ਜੀਤੁ।।”
ਕੇਵਲ ਸਿੰਘ ਰੱਤੜਾ

Previous articleMaryam claims husband’s arrest was to divide anti-govt alliance
Next articleNow one Hathras accused found to be minor