ਸ੍ਰੀ ਦਰਬਾਰ ਸਾਹਿਬ ਵਿਖੇ ਬੀਤੀ ਰਾਤ ਸਥਿਤੀ ਉਸ ਵੇਲੇ ਤਣਾਅ ਵਾਲੀ ਬਣ ਗਈ, ਜਦੋਂ ਗੁਰਧਾਮਾਂ ਦੀ ਕਾਰ ਸੇਵਾ ਕਰਦੀ ਇੱਥੋਂ ਦੀ ਗੋਇੰਦਵਾਲ ਸਾਹਿਬ ਸਥਿਤ ਸੰਪਰਦਾ ਡੇਰਾ ਬਾਬਾ ਜੀਵਨ ਸਿੰਘ ਦੇ ਮੁਖੀ ਬਾਬਾ ਜਗਤਾਰ ਸਿੰਘ ਦੇ ਸੇਵਾਦਾਰਾਂ ਨੇ ਦਰਬਾਰ ਸਾਹਿਬ ਦੀ ਸਦੀਆਂ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ|
ਸਦੀਆਂ ਪੁਰਾਣੀ ਇਸ ਦਰਸ਼ਨੀ ਡਿਉਢੀ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ ਕਰਕੇ ਰੋਹ ਵਿਚ ਆਈ ਸਿੱਖ ਸੰਗਤ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ, ਜਿਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਹੱਥੋ-ਪਾਈ ਹੋ ਗਈ| ਇਸ ਬਾਰੇ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਦੀ ਪੁਲੀਸ ਦਰਬਾਰ ਸਾਹਿਬ ੁੱਜੀ ਤੇ ਸਥਿਤੀ ਨੂੰ ਸ਼ਾਂਤ ਕੀਤਾ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ| ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਕੋਲੋਂ ਦਰਬਾਰ ਸਾਹਿਬ ਦੀਆਂ ਕਾਰ ਸੇਵਾਵਾਂ ਵਾਪਸ ਲੈ ਲਈਆਂ ਹਨ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਤੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਆ ਕੇ ਸਥਿਤੀ ਦਾ ਜਾਇਜ਼ਾ ਲਿਆ| ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਤੇ ਗੁਰਮੀਤ ਸਿੰਘ ਬੂਹ ਨੂੰ ਸ਼ਾਮਲ ਕੀਤਾ ਗਿਆ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਡਿਉਢੀ ਬਿਨਾਂ ਆਗਿਆ ਤੋਂ ਢਾਹੀ ਗਈ ਹੈ| ਉਨ੍ਹਾਂ ਇਸ ਘਟਨਾ ਲਈ ਗੁਰਦੁਆਰੇ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਕਸੂਰਵਾਰ ਦੱਸਿਆ। ਉਨ੍ਹਾਂ ਆਖਿਆ ਕਿ ਮੈਨੇਜਰ ਦੀ ਇਸ ਆਪਹੁਦਰੀ ਕਾਰਵਾਈ ਦੀ ਜਾਂਚ ਕਰਵਾਈ ਜਾਵੇਗੀ।
ਜਾਣਕਾਰੀ ਅਨੁਸਾਰ ਜਿਉਂ ਹੀ ਰਾਤ ਵੇਲੇ ਕਾਰ ਸੇਵਾ ਵਾਲਿਆਂ ਨੇ ਇਸ ਦਰਸ਼ਨੀ ਡਿਉਢੀ ਨੂੰ ਢਾਹੁਣਾ ਸ਼ੁਰੂ ਕੀਤਾ ਤਾਂ ਮੌਕੇ ’ਤੇ ਬੀਰ ਖ਼ਾਲਸਾ ਦਲ ਦੇ ਵਰਕਰ ਅਤੇ ਸਿੱਖ ਸੰਗਤਾਂ ਕੰਵਲਜੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਪੁੱਜ ਗਈਆਂ ਤੇ ਡਿਉਢੀ ਨੂੰ ਢਾਹੁਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ| ਇਸ ’ਤੇ ਦੋਹਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ| ਕੰਵਲਜੀਤ ਸਿੰਘ ਨੇ ਕਿਹਾ ਕਿ ਕਾਰ ਸੇਵਾ ਵਾਲਿਆਂ ਦਾ ਸੰਗਤਾਂ ਪ੍ਰਤੀ ਵਤੀਰਾ ਨਿੰਦਣਯੋਗ ਸੀ। ਉਨ੍ਹਾਂ ਨੇ ਸੰਗਤਾ ਦੀ ਖਿੱਚ-ਧੂਹ ਕੀਤੀ| ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਸੰਪਰਦਾ ਨੂੰ ਦਰਬਾਰ ਸਾਹਿਬ ਦੇ ਅੰਦਰ ਦਿੱਤੇ ਕਮਰੇ ਬੰਦ ਕਰਵਾ ਦਿੱਤੇ ਹਨ ਅਤੇ ਉਨ੍ਹਾਂ ਦੀਆਂ ਦਰਬਾਰ ਸਾਹਿਬ ਅੰਦਰ ਰੱਖੀਆਂ ਗੋਲਕਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ| ਬਾਬਾ ਜਗਤਾਰ ਸਿੰਘ ਦੇ ਡੇਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਸਾਰੇ ਅਹੁਦੇਦਾਰਾਂ ਦੇ ਮੋਬਾਈਲ ਵੀ ਬੰਦ ਹਨ| ਇਸ ਘਟਨਾ ਖ਼ਿਲਾਫ਼ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ| ਇਸ ਘਟਨਾ ਸਬੰਧੀ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਸੂਹੀਆ ਏਜੰਸੀਆਂ ਵੱਖ ਵੱਖ ਧਿਰਾਂ ਨਾਲ ਰਾਬਤਾ ਕਾਇਮ ਕਰ ਰਹੀਆਂ ਹਨ|
HOME ਤਰਨ ਤਾਰਨ: ਦਰਸ਼ਨੀ ਡਿਉਢੀ ਢਾਹੁਣ ’ਤੇ ਸਥਿਤੀ ਤਣਾਅਪੂਰਨ