ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਇੱਥੇ ਹੋਈ ਇਕ ਧਾਰਮਿਕ ਇਕੱਤਰਤਾ ਤਬਲੀਗ਼ੀ ਜਮਾਤ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਨਾਮਜ਼ਦ ਕੀਤੇ ਗਏ 82 ਬੰਗਲਾਦੇਸ਼ੀ ਨਾਗਰਿਕਾਂ ਨੂੰ ਅੱਜ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਗੁਰਮੋਹਿਨਾ ਕੌਰ ਨੇ ਹਰੇਕ ਵਿਦੇਸ਼ੀ ਨਾਗਰਿਕ ਨੂੰ 10-10 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ 31 ਵੱਖ-ਵੱਖ ਦੇਸ਼ਾਂ ਦੇ 371 ਵਿਦੇਸ਼ੀ ਨਾਗਰਿਕਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਲੰਘੇ ਜੂਨ ਮਹੀਨੇ 36 ਵੱਖ-ਵੱਖ ਦੇਸ਼ਾਂ ਦੇ 956 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ 59 ਦੋਸ਼ ਪੱਤਰ ਦਾਇਰ ਕੀਤੇ ਸਨ। ਵਕੀਲ ਆਸ਼ਿਮਾ ਮੰਡਲਾ, ਮੰਦਾਕਿਨੀ ਸਿੰਘ ਅਤੇ ਫਾਹਿਮਾ ਖਾਨ ਨੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਅੱਜ ਜ਼ਮਾਨਤ ਮਿਲੀ ਹੈ ਉਹ ਸ਼ਨਿਚਰਵਾਰ ਨੂੰ ਆਪਣਾ ਸਮਝੌਤਾ ਪੱਤਰ ਦਾਇਰ ਕਰਨਗੇ। ਇਸ ਸਮਝੌਤਾ ਪੱਤਰ ਤਹਿਤ ਮੁਲਜ਼ਮ ਆਪਣਾ ਜੁਰਮ ਕਬੂਲ ਕਰ ਕੇ ਘੱਟ ਸਜ਼ਾ ਦੀ ਅਪੀਲ ਕਰਦਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ।