ਤਥਾੱਗਤ ਬੁੱਧ ਦੀ ਯਾਦ ਨੂੰ ਸਮਰਪਿਤ ਬੋਧਗਯਾ ਵਿਚਲਾ : ਬੋਧੀ ਮੰਦਿਰ

(ਸਮਾਜ ਵੀਕਲੀ)

ਏਸ਼ੀਆ ਦਾ ਚਾਨਣ ਕਰਕੇ ਜਾਣੇ ਜਾਂਦੇ ਤਥਾੱਗਤ ਬੁੱਧ ਦਾ ਬਚਪਨ ਦਾ ਨਾਮ ਸਿਧਾਾਰਥ ਸੀ। ਉਨ੍ਹਾਂ ਦਾ ਜਨਮ 566 ਈ.ਪੂ ਵਿਚ ਕਪਿਲਵਸਤੂ ਦੇ ਸ਼ਾਕਿਆਵੰਸ਼ੀ ਰਾਜਾ ਸ਼ੁਧੋਧਨ ਅਤੇ ਰਾਜਕੁਮਰੀ ਮਹਾਂਮਾਇਆ ਦੇ ਗ੍ਰਹਿ ਵਿਖੇ ਹੋਇਆ।

ਸਿਧਾਰਥ ਦੇ ਜਨਮ ਲੈਣ ‘ਤੇ ਰਾਜ-ਮਹਿਲ ਵਿਚ ਰੋਣਕਾਂ ਲੱਗ ਗਈਆਂ ਪਰ ਇਸ ਖੁਸ਼ੀ ਦੀ ਉਮਰ ਬਹੁਤ ਜਿਆਦਾ ਨਾ ਰਹੀ। ਕਿਉਂਕਿ ਬਾਲਕ ਨੂੰ ਜਨਮ ਦੇਣ ਵਾਲੀ ਮਾਤਾ ਮਹਾਂਮਾਇਆ ਇੱਕ ਹਫ਼ਤੇ ਬਾਅਦ ਅਕਾਲ ਚਲਾਣਾ ਕਰ ਗਈ। ਮਾਤਾ ਦੇ ਅੱਖਾਂ-ਮੀਟ ਜਾਣ ਤੋਂ ਬਾਅਦ ਸਿਧਾਰਥ ਦੇ ਪਾਲਣ-ਪੋਸ਼ਣ ਦੀ ਜ਼ਿਮੇਵਾਰੀ ਉਸ ਦੀ ਮਾਸੀ ਪਰਜਾਪਤੀ ਗੌਤਮੀ ਨੇ ਲੈ ਲਈ ਅਤੇ ਇਸ ਨੂੰ ਬਾਖ਼ੂਬੀ ਨਾਲ ਨਿਭਾਇਆ। ਮਾਸੀ ਦੀ ਦੇਖ-ਰੇਖ ਹੇਠ ਪਲ ਕੇ ਰਾਜਕੁਮਾਰ ਸਿਧਾਰਥ ਜਦੋਂ ਜਵਾਨ ਹੋਇਆ ਤਾਂ ਕੁੱਝ ਉਦਾਸ ਰਹਿਣ ਲੱਗਾ। ਉਦਾਸੀ ਨੂੰ ਦੂਰ ਕਰਨ ਹਿੱਤ ਪਰਿਵਾਰ ਵੱਲੋਂ ਉਸ ਨੂੰ ਗ੍ਰਹਿਸਤ (ਵਿਆਹੁਤਾ) ਮਾਰਗ ਦਾ ਮੁਸਾਫ਼ਿਰ ਬਣਾ ਦਿੱਤਾ ਗਿਆ ਪਰ ਇਹ ਮਾਰਗ ਵੀ ਉਸ ਦੀ ਵੈਰਾਗਮਈ ਅਵਸਥਾ ਨੂੰ ਕੋਈ ਮੋੜਾ ਨਾ ਦੇ ਸਕਿਆ। ਇਸ ਅਮੋੜ ਅਵਸਥਾ ਕਾਰਨ ਇੱਕ ਦਿਨ ਉਹ ਆਪਣੇ ਰਾਜ-ਭਾਗ ਨੂੰ ਤਿਆਗ ਕੇ ਜੰਗਲੀ ਯਾਤਰਾ ‘ਤੇ ਨਿਕਲ ਗਿਆ ਅਤੇ ਫਿਰ ਕਦੇ ਵਾਪਸ ਨਹੀਂ ਆਇਆ। ਬੁੱਧ ਧਰਮ ਵਿਚ ਇਸ ਘਟਨਾ ਨੂੰ ‘ਮਹਾਂ ਤਿਆਗ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਜੰਗਲ ਵਿਚ ਸਿਧਾਰਥ ਦਾ ਮਿਲਾਪ ਕਈਆਂ ਸਾਧੂ-ਸੰਤਾਂ ਨਾਲ ਹੋਇਆ ਜੋ ਪਰਮਾਤਮਾ ਦੀ ਪ੍ਰਾਪਤੀ ਵਲ ਰੁਚਿਤ ਸਨ।ਉਸ ਨੇ ਕੁੱਝ ਸਮਾਂ ਉਨ੍ਹਾਂ ਦੀ ਸੰਗਤ ਕੀਤੀ ਪਰ ਉਸ ਨੂੰ ਆਪਣੇ ਉਦੇਸ਼ (ਦੁਨਿਆਵੀ ਦੱੁਖ਼ਾਂ ਤੋਂ ਦੂਰੀ) ਦੀ ਪੂਰਤੀ ਹੁੁੰਦੀ ਨਜ਼ਰ ਨਾ ਆਈ।

ਆਪਣੇ ਉਦੇਸ਼ ਦੀ ਪੂਰਤੀ ਲਈ ਸਿਧਾਰਥ ਨੇ ਆਪਣੇ ਪੰਜ ਸੰਨਿਆਸੀ ਸਾਥੀਆਂ ਸਮੇਤ ਉਰਵੇਲਾ ਪਿੰਡ ਦੀ ਨਦੀ ਦੇ ਕਿਨਾਰੇ ਇੱਕ ਦਰਖ਼ਤ (ਬੋਧੀ ਬ੍ਰਿਛ) ਦੇ ਹੇਠ ਘੋਰ ਤਪੱਸਿਆ ਕਰਨੀ ਆਰੰਭ ਕਰ ਦਿੱਤੀ ਜਿਹੜੀ ਛੇ ਸਾਲ ਤੱਕ ਨਿਰਵਿਘਨ ਜਾਰੀ ਰਹੀ। ਇਸ ਤਰ੍ਹਾਂ ਕਰਨ ਨਾਲ ਸਰੀਰ ਤਾਂ ਸੁੱਕ ਕੇ ਤੀਲਾ ਹੋ ਗਿਆ ਪਰ ਗੱਲ ਕੋਈ ਖਾਸ ਨਾ ਬਣ ਸਕੀ। ਇਸ ਕਠੋਰ ਸਾਧਨਾ ਤੋਂ ਵੀ ਮਨ ਉਚਾਟ ਹੋਣ ਲੱਗਾ।

ਇੱਕ ਦਿਨ ਇਸ ਤੱਪ-ਸਥਾਨ ‘ਤੇ ਸੁਜਾਤਾ ਨਾਮ ਦੀ ਲੜਕੀ ਸਿਧਾਰਥ ਨੂੰ ਮਿਲਣ ਵਾਸਤੇ ਆਈ ਅਤੇ ਉਸ ਨੇ ਆਪਣੇ ਹੱਥੀਂ ਬਣਾਈ ਖੀਰ ਭੇਟ ਕੀਤੀ। ਇਸ ਖੀਰ ਦੇ ਸੁਆਦ ਨੇ ਸਿਧਾਰਥ ਦੀ ਜੀਵਨ-ਜਾਚ ਹੀ ਬਦਲ ਦਿੱਤੀ। ਹੁਣ ਉੇਹ ਇਕਪਾਸੜੀ (ਕਠੋਰ ਤਪੱਸਿਆ ਵਾਲੀ) ਪਹੁੰਚ ਤਿਆਗ ਕੇ ਮੱਧ-ਮਾਰਗੀ ਜੀਵਨ ਦਾ ਧਾਰਨੀ ਬਣ ਗਿਆ। ਇਹ ਮਾਰਗ ਨਾ ਤਾਂ ਕਠੋਰ ਸਾਧਨਾ (ਭੁੱਖੇ-ਪਿਆਸੇ ਰਹਿਣ ਵਾਲੀ) ਦੀ ਹਾਮੀ ਭਰਦਾ ਹੈ ਅਤੇ ਨਾ ਹੀ ਵਧੇਰੇ ਪਦਾਰਥਕ-ਪਿਆਰ ਦੀ।

ਖੀਰ ਛੱਕਣ ਤੋਂ ਬਾਅਦ ਸਿਧਾਰਥ ਇੱਕ ਰੁੱਖ ਹੇਠ ਇਹ ਕਹਿ ਕੇ ਬੈਠ ਗਿਆ ਕਿ ਹੁਣ ਤਦ ਤੱਕ ਨਹੀਂ ਉੱਠਣਾ ਜਦ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਬੋਧ-ਇਤਿਹਾਸ ਦੇ ਮੁਤਾਬਿਕ ਉਸ ਦਿਨ ਸ਼ਾਮ ਨੂੰ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਅਤੇ ਇਸ ਗਿਆਨਾਤਮਿਕ ਅਵਸਥਾ ਵਿਚ ਕਈ ਰੋਜ਼ ਉਹ ਉਸ ਦਰਖਤ ਦੇ ਹੇਠ ਹੀ ਬੈਠਾ ਰਿਹਾ। ਇਸ ਮਹਾਨ ਪ੍ਰਾਪਤੀ ਕਾਰਣ ਰਾਜਕੁਮਾਰ ਸਿਧਾਰਥ ਬੁੱਧ ਬਣ ਗਿਆ ਅਤੇ ਉਸ ਦੀ ਵਿਚਾਰਧਾਰਾ ਬੁੱਧ ਧੱਮ।

ਜਿਸ ਦਰਖ਼ਤ ਹੇਠ ਤਥਾੱਗਤ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਉਸ ਨੂੰ ਬੋਧੀ-ਭਾਈਚਾਰੇ ਵੱਲੋਂ ‘ਬੋਧ-ਬ੍ਰਿਛ’ ਦਾ ਨਾਮ ਦਿੱਤਾ ਗਿਆ ਹੈ ਅਤੇ ਪ੍ਰਾਪਤੀ ਦੇ ਸਥਾਨ ਨੂੰ ‘ਬੋਧਗਯਾ’ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਇਸ ਸਥਾਨ ‘ਤੇ ਬੁੱਧ ਦੀ ਯਾਦ ਨੂੰ ਸਮਰਪਿਤ ਇੱਕ 180 ਫੁੱਟ ਉੱਚਾ ਮੰਦਿਰ ਵੀ ਬਣਾਇਆ ਗਿਆ ਹੈ, ਜਿਸ ਨੂੰ ਮਹਾਂਬੋਧੀ ਮੰਦਿਰ ਕਿਹਾ ਜਾਂਦਾ ਹੈ। ਇਸ ਮੰਦਿਰ ਦੀ ਤਾਮੀਰ ਲੱਗਭਗ 1500 ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ। ਇਸ ਦੀ ਸੇਵਾ-ਸੰਭਾਲ ਅਤੇ ਪੁਨਰ-ਨਿਰਮਾਣ ਵਿਚ ਕਈ ਸਥਾਨਕ ਰਾਜਿਆਂ ਦਾ ਉੱਘਾ ਯੋਗਦਾਨ ਰਿਹਾ ਹੈ।

ਬੁੱਧ ਧੱਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਲੇ ਇਸ ਸਥਾਨ ਨੂੰ ਭਾਰਤ ਸਰਕਾਰ ਵੱਲੋਂ 1949 ਈ. ਵਿਚ ਬੋਧ ਤੀਰਥ ਘੋਸ਼ਿਤ ਕੀਤਾ ਗਿਆ ਹੈ। ਦੂਰ-ਨੇੜੇ ਤੋਂ ਚੱਲ ਕੇ ਕਈ ਤੀਰਥ ਯਾਤਰੀ ਇਸ ਬੋਧ ਤੀਰਥ ਦੇ ਦਰਸ਼ਨ-ਦੀਦਾਰੇ ਕਰਨ ਲਈ ਆਉਂਦੇ ਰਹਿੰਦੇ ਹਨ।

-ਰਮੇਸ਼ ਬੱਗਾ ਚੋਹਲਾ

# 1348/17/1, ਗਲੀ ਨੰ. 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਅਣਾ) ਮੋਬ:9463132719

Previous articleਖਾਸ ਦਿਵਸ ਮਨਾਉਣ ਦਾ ਮੁੱਦਾ ਪੰਜਾਬੀਆਂ ਉੱਤੇ ਭਾਰੂ ਕਿਓ?
Next articleਇਸਤਰੀ-ਮੁਕਤੀ ਅੰਦੋਲਨ