ਇਸਤਰੀ-ਮੁਕਤੀ ਅੰਦੋਲਨ

ਰਾਜਿੰਦਰ ਕੌਰ ਚੋਹਕਾ

ਆਜ਼ਾਦੀ ਬਾਦ ਭਾਰਤ ਅੰਦਰ ਜਨਵਾਦੀ ਇਸਤਰੀ ਜੱਥੇਬੰਦੀਆਂ ਅਤੇ ਜਨਤਕ ਅੰਦੋਲਨਾਂ ਦੀ ਸ਼ੁਰੂਆਤ

– ਰਾਜਿੰਦਰ ਕੌਰ ਚੋਹਕਾ

(ਸਮਾਜ ਵੀਕਲੀ)- ਇਹ ਕੁਦਰਤੀ ਸੀ, ‘ਕਿ ਆਜ਼ਾਦੀ ਦੇ ਬਾਦ ਉਹ ਇਸਤਰੀ ਜੱਥੇਬੰਦੀਆਂ ਜੋ ਕਾਂਗਰਸ ਨੇ ਜੱਥੇਬੰਦ ਕੀਤੀਆਂ ਸਨ ਜਾਂ ਉਨ੍ਹਾਂ ਦੀ ਨੇੜਤਾ ਕਾਂਗਰਸ ਪਾਰਟੀ ਨਾਲ ਸੀ, ‘ਜਿਵੇਂ ਕੁਲ ਹਿੰਦ ਇਸਤਰੀ ਕਾਨਫਰੰਸ ਅਤੇ ਹੋਰ ਉਚ ਘਰਾਣਿਆਂ ਦੀਆਂ ਇਸਤਰੀਆਂ ਵੱਲੋਂ ਗਠਤ ਕੀਤੀਆਂ ਜੱਥੇਬੰਦੀਆਂ ਜਿਨ੍ਹਾਂ ‘ਵੱਲੋਂ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰਾਂ ਦਾ ਸਾਥ ਦਿੱਤਾ। ਇਹ ਵੀ ਉਨ੍ਹਾਂ ਦੇ ਜਮਾਤੀ-ਖਾਸੇ ਕਾਰਨ ਹੀ ਸੀ, ‘ਕਿਉਂਕਿ ਉਹੀ ਜਮਾਤ ਜੋ ਬੁਰਜੁਆਂ-ਲੈਂਡਲਾਰਡ ਸਨ, ਇਨ੍ਹਾਂ ਸਰਕਾਰਾਂ ਤੇ ਵੀ ਕਾਬਜ਼ ਸਨ। ਜਿਸ ਦੀਆਂ ਇਹ ਜੱਥੇਬੰਦੀਆ ਨੁਮਾਇੰਦਗੀ ਕਰਦੀਆਂ ਸਨ। ਅੰਤ ਵਿੱਚ ਇਨ੍ਹਾਂ ਇਸਤਰੀ ਜੱਥੇਬੰਦੀਆਂ ਦੀ ਸਰਗਰਮੀ ਕੇਵਲ ਠੋਸ ਸਮਾਜਕ ਕੰਮਾਂ, ਜਾਂ ਇਸਤਰੀਆਂ ਦੇ ਕੁਝ ਕੁ ਹੱਕਾਂ ਨਾਲ ਸਬੰਧਤ ਸੀ, ਲਈ ਐਜੀਟੇਸ਼ਨ ਅਤੇ ਮੁਹਿੰਮ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਸਗੋਂ ਇਨ੍ਹਾਂ ਜੱਥੇਬੰਦੀਆਂ ਨੇ ਆਪਣੀ ਹਮਾਇਤ ਕਾਂਗਰਸ-ਸਰਕਾਰਾਂ ਨੂੰ ਜਾਰੀ ਰੱਖੀ। ਪਰ ਦੂਸਰੇ ਪੱਖ ਅੰਦਰ, ‘ਉਹ ਜੱਥੇਬੰਦੀਆਂ ਜਿਹੜੀਆਂ ਜਨਤਕ ਅਧਾਰਿਤ ਜਮਹੂਰੀ ਹੋਂਦ ਵਾਲੀਆਂ, ਜਿਵੇਂ ‘‘ਮਾਰਸ“ ਅਤੇ ਹੋਰ ਰਾਜਾਂ ਅੰਦਰ ਸਨ, ‘ਉਨ੍ਹਾਂ ਨੇ ਦੂਸਰੀਆਂ ਜਮਹੂਰੀ ਜਨਤਕ ਜੱਥੇਬੰਦੀਆਂ ਨਾਲ ਮਿਲ ਕੇ ਕਾਂਗਰਸ ਸਰਕਾਰ ਦੇ ਵਿਰੁੱਧ ਘੋਲ ਜਾਰੀ ਰੱਖੇ।

ਇਹ ਵੀ ਇਕ ਮਾਣ ਵਾਲੀ ਗੱਲ ਹੈ, ‘ਕਿ 1950 ਤੋਂ ਹੀ ਜਮਹੂਰੀ ਲਹਿਰਾਂ ਵਾਲੀਆਂ ਇਸਤਰੀ ਜੱਥੇਬੰਦੀਆਂ ਦੇ ਕੌਮਾਂਤਰੀ ਜੱਥੇਬੰਦੀਆਂ ਨਾਲ ਵੀ ਰਿਸ਼ਤੇ ਜੁੜ ਚੁੱਕੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਇਸਤਰੀ ਡੈਲੀਗੇਟਾਂ ਨੇ ਭਾਰਤ ਵੱਲੋਂ, ‘ਸੋਵੀਅਤ ਯੂਨੀਅਨ, ਲੋਕ ਚੀਨ, ਯੂਰਪ ਅਤੇ ਏਸ਼ੀਆਈ ਦੇਸ਼ਾਂ ਦੇ ਦੌਰੇ ਕੀਤੇ। ਇਸੇ ਤਰ੍ਹਾਂ ਭਾਰਤ ਦੀਆਂ ਇਸਤਰੀ ਡੈਲੀਗੇਟਾਂ ਨੇ ਕਈ ਸੰਸਾਰ ਅਮਨ ਕਾਨਫ੍ਰੰਸਾਂ ਵਿੱਚ ਵੀ ਹਿੱਸਾ ਲਿਆ।

ਜੂਨ 1952 ਨੂੰ ਰੇਣੂ ਚੱਕਰਾਵਰਤੀ ਅਤੇ ਹੋਰ ਡੈਲੀਗੇਅਟਾਂ ਨੇ ਕੌਮਾਂਤਰੀ ਅਮਨ ਕੌਂਸਲ ਬਰਲਿਨ ਵਿੱਚ ਸ਼ਮੂਲੀਅਤ ਕੀਤੀ। ਇਸੇ ਸਾਲ ਹੀ ਪੱਛਮੀ ਬੰਗਾਲ ਦੇ ਮਾਰਸ ਦੇ ਇਕ ਇਸਤਰੀ ਡੈਲੀਗੇਸ਼ਨ, ‘ਮੰਜ਼ੂਰੀ ਚੈਟਰਜੀ ਅਤੇ ਪੰਕਜ ਅਚਾਰੀਆ ਨੇ 1952 ਨੂੰ ਪੀਕਿੰਗ ਵਿਖੇ ਸੰਸਾਰ ਅਮਨ ਕਾਨਫਰੰਸ, ਵਿਆਨਾ-1952 ਅਤੇ ਹੇਲੀਸਿੰਕੀ-1953 ‘ਚ ਸ਼ਮੂਲੀਅਤ ਕੀਤੀ। ਜੂਨ 5-10, 1953 ਨੂੰ ਕੌਮਾਂਤਰੀ ਇਸਤਰੀ ਕਾਂਗਰਸ ਜੋ ਕੋਪਨ ਹੈਗਨ ਹੋਈ ਸੀ, ‘ਉਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 26-ਇਸਤਰੀ ਆਗੂਆਂ ਨੇ ‘‘ਐਨੇ ਮਸਕਾਰਨੀ“ ਦੀ ਅਗਵਾਈ ਵਿੱਚ ਹਿੱਸਾ ਲਿਆ। ਇਸ ਡੈਲੀਗੇਸ਼ਨ ਵਿੱਚ ਹੋਰਾਂ ਤੋਂ ਬਿਨ੍ਹਾਂ, ਦੂਸਰੇ ਮੈਂਬਰ ਰੇਣੂ-ਚੱਕਰਾਵਰਤੀ (ਐਮ.ਪੀ), ਪੁਸ਼ਪਾਮਈ ਬਾਸੂ, ਅਨੂਸਾਂਬਾਈ ਗਿਆਨ ਚੰਦ, ਹਜ਼ਰਾ ਬੇਗਮ, ਅੰਜਲੀ ਮੁਕਰਜੀ, ਪੰਕਜ-ਅਚਾਰੀਆ ਆਦਿ ਸ਼ਾਮਲ ਸਨ। ਕਾਂਗਰਸ ਦੌਰਾਨ ਇਸਤਰੀਆਂ ਦਾ ਕੌਮਾਂਤਰੀ ਚਾਰਟਰ-ਆਫ ਡੀਮਾਂਡ ਵੀ ਪ੍ਰਵਾਨ ਕੀਤਾ ਗਿਆ।

ਕੌਮਾਂਤਰੀ ਇਸਤਰੀ ਕਾਂਗਰਸ ਦੇ ਬਾਦ ਫੌਰੀ ਹੀ ‘‘ਮਾਰਸ ਦੀਆਂ ਕਮਿਊਨਿਸਟ ਵਰਕਰਾਂ ਅਤੇ ਆਗੂਆਂ ਨੇ ‘ਕੁਲ ਹਿੰਦ ਜਮਹੂਰੀ ਇਸਤਰੀ ਸੰਗਠਤ ਕਾਇਮ ਕਰਨ ਦੀ ਸ਼ੁਰੂਆਤ ਕੀਤੀ। ਕੁਝ ਅਰਸੇ ਬਾਦ ‘‘ਕੌਮੀ ਭਾਰਤੀ ਇਸਤਰੀ ਫੈਡਰੇਸ਼ਨ“(N.F.I.W.) ਆਖਰ ਹੋਂਦ ਵਿੱਚ ਆ ਹੀ ਗਈ।

ਕੋਪਨ ਹੈਗਨ ਕਾਨਫਰੰਸ ਦੇ ਬਾਦ ‘‘ਕੁਲ ਹਿੰਦ ਇਸਤਰੀ ਕੋ-ਆਰਡੀਨੇਸ਼ਨ ਕਮੇਟੀ ਬਣਾਈ ਗਈ, ‘ਜਿਸ ਵਿੱਚ ਭਾਰਤ ਅੰਦਰ ਕੰਮ ਕਰਦੀਆਂ ਵੱਖੋ ਵੱਖ ਇਸਤਰੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ। ਕੋ-ਆਰਡੀਨੇਸ਼ਨ ਕਮੇਟੀ ਦੇ ਸੰਯੁਕਤ ਕਨਵੀਨਰ ਸਨ ਅਨੂਸਾਂ ਬਾਈ ਗਿਆਨ ਚੰਦ ਅਤੇ ਹਜ਼ਰਾ ਬੇਗਮ। ਇਸ ਕੋ-ਆਰਡੀਨੇਸ਼ਨ ਕਮੇਟੀ ਨੇ 4-7 ਜੂਨ, 1954 ਨੂੰ ਕੱਲਕੱਤਾ ਵਿਖੇ ਕੁਲ ਹਿੰਦ ਇਸਤਰੀ ਕਾਂਗਰਸ ਕਰਨ ਦਾ ਸੱਦਾ ਦਿੱਤਾ। ਕੋ-ਆਰਡੀਨੇਸ਼ਨ ਕਮੇਟੀ ਨੇ ਜਾਰੀ ਇਕ ਅਪੀਲ ਰਾਹੀਂ ਇਹ ਵੀ ਸੱਦਾ ਦਿੱਤਾ, ‘ਕਿ 1) ਅਮਨ ਤੇ ਆਜ਼ਾਦੀ ਦੀ ਰੱਖਿਆ 2) ਇਸਤਰੀ ਅਧਿਕਾਰਾਂ ਲਈ ਕਾਨੂੰਨ 3) ਇਸਤਰੀ ਲਈ ਰੁਜ਼ਗਾਰ 4) ਕਿਸਾਨ ਇਸਤਰੀਆਂ ਦਾ ਹੱਕ 5) ਬੱਚਾ-ਜੱਚਾ ਦੀ ਭਲਾਈ ਲਈ ਕਨੂੰਨੀ ਹੱਕ ਦਿੱਤੇ ਜਾਣ।

ਕੁਲ ਹਿੰਦ ਇਸਤਰੀ ਕਾਂਗਰਸ ਕਲਕੱਤਾ ਵਿਖੇ 1954 ਨੂੰ ਯੂਨੀਵਰਸਿਟੀ ਇੰਸਟੀਚਿਊਟ ਹਾਲ ਵਿਖੇ ਹੋਈ, ਜਿਸ ਵਿੱਚ 870 ਡੈਲੀਗੇਟ ਭੈਣਾਂ ਜੋ ਵੱਖੋ-ਵੱਖ ਇਸਤਰੀ ਜੱਥੇਬੰਦੀਆਂ ਦੀ ਨੁਮਾਇੰਦਗੀ ਕਰਦੀਆਂ ਸਨ ਸ਼ਾਮਲ ਹੋਈਆਂ। ਕੌਮਾਂਤਰੀ ਜਨਵਾਦੀ ਇਸਤਰੀ ਫੈਡਰੇਸ਼ਨ (ਰੁ।ਜ਼।ਣ।) ਦੇ ਡੈਲੀਗੇਟਾਂ ਵੱਲੋਂ ਵੀ ਇਸ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਗਈ। ਬਰਤਾਨੀਆਂ ਤੋ ਡੋਰਾ-ਰਸੂਲ, ਆਸਟ੍ਰੇਲੀਆ ਤੋਂ ਬਿਟੀ ਰੈਇਲੀ ਇਸ ਕਾਂਗਰਸ ਵਿੱਚ ਸ਼ਾਮਲ ਹੋਈਆਂ। ਭਾਰਤ ਦੇ ਵੱਖੋ-ਵੱਖ ਰਾਜਾਂ ‘ਚ ਇਸਤਰੀਆਂ ਦੀਆਂ ਜੱਥੇਬੰਦੀਆਂ, ‘‘ਆਂਧਰਾ ਮਹਿਲਾ ਸੰਗਮ-ਹੈਦਰਾਬਾਦ, ਆਸਾਮ ਮਹਿਲਾ ਸਭਾ, ਪ੍ਰਗਤੀ ਮਹਿਲਾ ਸੰਘਾ, ਬਿਹਾਰ-ਜਨਵਾਦੀ ਮਹਿਲਾ ਸੰਘਾ, ਜਮਸ਼ੇਦਪੁਰ ਮਹਿਲਾ ਸੇਵਾ ਸੰਮਤੀ, ਮੂੰਗੇਰ-ਕਿਸਾਨ ਮਹਿਲਾ ਸਮਿਤੀ, ਉਡੀਸਾ-ਨਾਰੀ ਮੰਗਲ ਸਮਿਤੀ, ਦਿਲੀ-ਜਨਵਾਦੀ ਮਹਿਲਾ ਸਮਾਜ, ਮਹਿਲਾ ਮੰਗਲ ਪ੍ਰੀਸ਼ਦ, ਵਿਜੈ ਨਗਰ ਮਹਿਲਾ ਸਮਿਤੀ, ਬਨਾਰਸ ਮਹਿਲਾ ਸਮਿਤੀ, ਕਾਨਪੁਰ ਮਹਿਲਾ ਵਿਕਾਸ ਮੰਡਲ, ਅਲੀਗੜ੍ਹ ਬਾਹਨੋਕੀ ਸੇਵਾ ਸਮਿਤੀ, ਤ੍ਰੀਪੁਰਾ ਨਾਰੀ ਸਮਿਤੀ, ਪੱਛਮੀ ਬੰਗਾਲ ਮਹਿਲਾ ਆਤਮਾ ਰਕਸ਼ਾ ਸਮਿਤੀ, ਅਤੇ 18 ਹੋਰ ਸੂਬਾਈ ਪੱਧਰ ਦੀਆਂ ਇਸਤਰੀ ਜੱਥੇਬੰਦੀਆਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਵਿਅੱਕਤੀਗਤ ਤੌਰ ਤੇ ਮੱਧਿਆ ਪ੍ਰਦੇਸ਼, ਰਾਜਸਥਾਨ ਅਤੇ ਮਹਾਂਰਾਸ਼ਟਰ ਤੋਂ ਵੀ ਡੈਲੀਗੇਟ ਪੁੱਜੀਆਂ। ਕੁਲ ਹਿੰਦ ਇਸਤਰੀ ਕਾਨਫ੍ਰੰਸ (ਂ।ਜ਼।ਰੁ।ਙ) ਦੀਆਂ ਮੈਂਬਰ ਵੀ ਵਿਅੱਕਤੀਗਤ ਹੈਸੀਅਤ ਵਿੱਚ ਇਸ ਕਾਂਗਰਸ ਵਿੱਚ ਸ਼ਾਮਲ ਹੋਈਆਂ। ਕਾਂਗਰਸ ਨੂੰ ਬਹੁਤ ਸਾਰੀਆਂ ਜੱਥੇਬੰਦੀਆਂ, ‘‘ਜਿਵੇਂ ਇਸਤਰੀ ਕਾਂਗਰਸ ਦੀ“ ਨੀਨਾ ਪੋਪੋਵਾ, ਸੋਵੀਅਤ (ਸਾਬਕਾ) ਇਸਤਰੀ ਫਾਸ਼ੀਵਾਦ ਵਿਰੋਧੀ ਕਮੇਟੀ ਦੀ ਪ੍ਰਧਾਨ, (ਮਰਹੂਮ) ਮੈਡਮ ਸਨ ਯਾਤ ਸੇਨ (ਉਸ ਵੇਲੇ) ਕੁਲ ਚੀਨ ਇਸਤਰੀ ਜਮਹੂਰੀ ਫੈਡਰੇਸ਼ਨ ਦੀ ਪ੍ਰਧਾਨ, ਭਰਾਤਰੀ ਜੱਥੇਬੰਦੀਆਂ-ਬਰਤਾਨੀਆਂ, (ਸਾ:) ਪੂਰਬੀ-ਜਰਮਨੀ, ਬ੍ਰਿਟਿਸ਼ ਗੁਆਨਾ, ਸਵੀਡਨ ਅਤੇ ਲੰਕਾਂ ਵੱਲੋਂ ਸ਼ੁਭ ਇਛਾਵਾਂ ਭੇਂਟ ਕੀਤੀਆਂ ਗਈਆਂ । ਭਾਰਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚੋਂ ਰਮੇਸ਼ਵਰੀ ਨਹਿਰੂ, (ਮਰਹੂਮ) ਅੰਮ੍ਰਿਤ ਕੌਰ ਕੇੱਦਰੀ ਸਿਹਤ ਮੰਤਰੀ, ਸ਼ਾਰਦਾ ਬੇਨ ਮਹਿਤਾ, ਪੰਡਤ ਸੁੰਦਰ ਲਾਲ, ਡਾ: ਗਿਆਨ ਚੰਦ ਵੱਲੋਂ ਵੀ ਇਸਤਰੀ ਕਾਂਗਰਸ ਦਾ ਸਵਾਗਤ ਕੀਤਾ ਗਿਆ।

ਹੁਣ ਤੱਕ ਭਾਰਤੀ ਮੰਚ ‘ਤੇ ਹੇਠ ਲਿਖੀਆਂ ਇਸਤਰੀਆਂ ਜੱਥੇਬੰਦੀਆਂ ਹੋਂਦ ਵਿਚ ਆ ਚੁੱਕੀਆਂ ਸਨ ਅਤੇ ਇਸਤਰੀ ਵਰਗ ਨਾਲ ਸਬੰਧਤ ਕੌਮਾਂਤਰੀ ਘਟਨਾਵਾਂ ਨਾਲ ਇਕਮੁੱਠਤਾ ਪ੍ਰਗਟਾਈ ਗਈ।

1) ਆਲ ਇੰਡੀਆਂ ਵੋਮੈਨ ਕਾਨਫ੍ਰੰਸ (A.I.W.C)) ਪੂਨਾ-1927

2) ਆਲ ਇੰਡੀਆ ਗਰਲਜ਼ ਸਟੂਡੈਂਟ ਲਖਨਊ-ਜਨਵਰੀ 1940 (A.I.G.S.F)

3) 1940 ਨੂੰ ਮੁਸਲਿਮ ਲੀਗ ਦਾ ਇਸਤਰੀ ਫੈਡਰੇਸ਼ਨ ਵਿੰਗ ਦਾ ਗਠਨ ਹੋਇਆ।

4) 1936 ਨੂੰ ਆਰ.ਐਸ.ਐਸ. ਦਾ ਇਸਤਰੀ ਵਿੰਗ ਹੋਂਦ ਵਿੱਚ ਆਇਆ।

5) ਕੌਮਾਂਤਰੀ ਵੋਮੈਨਜ਼ ਕਾਨਫ੍ਰੰਸ1945 ਪੈਰਿਸ,ਐਂਟੀ ਫਾਸ਼ੀਵਾਦ, ਵਿਰੁੱਧ ਕਾਨਫ੍ਰੰਰਸ ਹੋਈ।

6) ਵੋਮੈਨਜ਼ ਇੰਟਰਨੈਸ਼ਨਲ ਡੈਮੋਕ੍ਰੈਟਿਕ ਫੈਡਰੇਸ਼ਨ (W.I.D.F) ਪੈਰਿਸ-1945 ਹੋਈ।

7) ਮਹਿਲਾਂ ਆਤਮਾ ਰਕਸ਼ਾ ਸਮਿਤੀ ਕਲਕੱਤਾ (MARS), ਅਪ੍ਰੈਲ-1942 ਵਿੱਚ ਗਠਨ ਹੋਇਆ।

8) ਵੈਸਟ ਬੰਗਾਲ ਮਹਿਲਾ ਸਮ੍ਰਿਤੀ ਮਾਰਸ ਜਿਸ ਦਾ ਨਾਂ ਬਦਲਿਆ ਗਿਆ ਸੀ ਹੋਂਦ ਵਿੱਚ ਆਈ, ਉਸਦੀ ਅੱਗੋਂ 1970 ਨੂੰ ਦੁਬਾਰਾ ਵੰਡ ਹੋ ਗਈ ਅਤੇ ਪੱਛਮੀ ਬੰਗਾ ਮਹਿਲਾ ਸਮਿਤੀ ਵੱਜੋਂ ਹੀ ਕੰਮ ਕਰਦੀ ਰਹੀਂ।

9) ਨੈਸ਼ਲਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ, ਜੋ ਮਾਰਸ ਦੀ ਪਹਿਲ ਕਦਮੀ ‘ਤੇ 1953 ਨੂੰ ਗਠਤ ਕੀਤੀ ਗਈ (N.F.I.W).

10) N.F.I.Wਰੁ ਦੀ ਪਹਿਲ ਕਦਮੀ ਤੇ ਆਲ ਇੰਡੀਆ ਵੋਮੈਨਜ਼ ਕਾਂਗਰਸ, ਕਲਕੱਤਾ ਵਿਖੇ 4-7, 1954 ਨੂੰ ਗਠਿਤ ਕੀਤੀ ਗਈ।

11) ਆਲ ਇੰਡੀਆਂ ਵੋਮੈਨਜ਼ ਕਾਂਗਰਸ ਦੇ ਸੱਦੇ ‘ਤੇ 1954 ਨੂੰ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨਜ਼ (N.F.I.W) ਦੀ ਸਥਾਪਨਾ ਹੋਈ।

12) ਕੌਮਾਂਤਰੀ ਇਸਤਰੀ ਅੰਦੋਲਨ ਵੱਜੋ, ਕੋਪਨ ਹੈਗਨ ਸੰਸਾਰ ਇਸਤਰੀ ਕਾਂਗਰਸ 1953 ਵਿੱਚ ਹੋਈ।

13) ਮਾਂ ਦਿਵਸ ਸਵਿਟਜ਼ਰਲੈਂਡ ਵਿੱਚ 7-10 ਜੁਲਾਈ, 1955 ਨੂੰ ਮਨਾਇਆ ਗਿਆ।

14) ਗੋਲਡਨ ਜੁਬਲੀ ਕੌਮਾਂਤਰੀ ਇਸਤਰੀ ਦਿਵਸ, ‘8 ਮਾਰਚ 1960 ਨੂੰ ਸੰਸਾਰ ਪੱਧਰ ਤੇ ਮਨਾਇਆ ਗਿਆ।

15) ਕੁਲ ਹਿੰਦ ਜਨਵਾਦੀ ਇਸਤਰੀ ਸਭਾ (AIDWA) ਦਾ ਗਠਨ ਅਕਤੂਬਰ, 1981 ਵਿੱਚ ਹੋਇਆ ਸੀ।

ਇਸ ਤਰ੍ਹਾਂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ (N.F.I.W) ਜੋ ਕੁਲ ਹਿੰਦ ਵੋਮੈਨ ਕਾਂਗਰਸ ਰਾਹੀਂ ਉਸਾਰੀ ਗਈ ਸੀ, ਸ਼ੁਰੂ ਵਿੱਚ ਕੇਵਲ 43 ਇਸਤਰੀ ਜੱਥੇਬੰਦੀਆਂ ਜਿਹੜੀਆਂ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧ ਰੱਖਦੀਆਂ ਸਨ, ਇਸ ਨਾਲ ਇਲਹਾਕ ਬੱਧ ਹੋਈਆਂ। ਐਨ.ਐਫ.ਆਈ.ਡਬਲਯੂ. ਨਾਲ ਹੋਰ ਜੱਥੇਬੰਦੀਆਂ ਰਲਦੀਆਂ ਗਈਆਂ। ਇਸ ਦੀ ਪਹਿਲੀ ਪ੍ਰਧਾਨ-ਪੁਸ਼ਪਾਮਾਈ ਬਾਸੂ, ਉਪ ਪ੍ਰਧਾਨ ਰੇਣੂ ਚੱਕਰਾਵਤੀ, ਬਿਮਲ ਪ੍ਰਾਤਿਵਾ ਦੇਵੀ, ਡਾ: ਲਕਸ਼ਮੀ ਸਹਿਗਲ, ਕੇ.ਆਰ.ਗੌਰੀ, ਅਰੁਣਾ ਆਸਫ ਅਲੀ, ਸੁਧਾ ਰੇਅ, ਪਿਰੋਜਾ ਵਾਡੀਆਂ, ਸੰਯੁਕਤ ਸਕੱਤਰ ਅਨੂਸਨਾ ਗਿਆਨ ਚੰਦ ਅਤੇ ਹਾਜ਼ਰਾ ਬੇਗਮ, ਖਜ਼ਾਨਚੀ ਸਆਦਤ ਬਾਨੋ ਕਿਚਲੂ ਸਨ (ਸਭ ਮਰਹੂਮ)। ਬਹੁਤ ਸਾਰੀਆਂ ਹੋਰ ਪ੍ਰਮੁੱਖ ਇਸਤਰੀ ਆਗੂ ਜੋ ਵੱਖ ਵੱਖ ਰਾਜਾਂ ਨਾਲ ਸਬੰਧ ਰੱਖਦੀਆਂ ਸਨ, ‘ਐਨ.ਐਫ.ਆਈ.ਡਬਲਯੂ ਦੀਆਂ ਕਾਰਜਕਾਰੀ ਕਮੇਟੀ ਅਤੇ ਕੌਂਸਲ ਦੀਆਂ ਮੈਂਬਰ ਬਣੀਆ।

ਮਾਂ ਦਿਵਸ: 7-10 ਜੁਲਾਈ 1955 ਨੂੰ ਸਵਿਟਜ਼ਰਲੈਂਡ ਵਿਖੇ ਮਨਾਇਆ ਗਿਆ। ਉਸ ਵਿੱਚ 69 ਦੇਸ਼ਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਭਾਰਤ ਵੱਲੋਂ ਐਨ.ਐਫ.ਆਈ.ਡਬਲਯੂ ਅਤੇ ਮਾਰਸ ਵਲੋਂ 47 ਡੈਲੀਗੇਟਾਂ ਨੇ, ‘ਜੋ ਵੱਖੋ-ਵੱਖ ਇਸਤਰੀ ਜੱਥੇਬੰਦੀਆਂ ਨਾਲ ਸਬੰਧਤ ਸਨ, ‘ਕਾਨਫ੍ਰੰਸ ਵਿੱਚ ਸ਼ਾਮਲ ਹੋਈਆਂ। ਪ੍ਰਮੁੱਖ ਇਸਤਰੀ ਆਗੂ ਜੋ ਇਸ ਕਾਨਫ੍ਰ੍ਰੰਸ ਵਿੱਚ ਸ਼ਾਮਲ ਸਨ, ‘ਰੇਣੂ ਚੱਕਰਾਵਰਤੀ, ਮੈਤਰੇਈ ਦੇਵੀ, ਮਨੀ ਕੁੰਨਤਲਾ ਸੇਨ, ਗੀਤਾ ਮੁਕਰਜੀ, ਮੁਕਤਾ ਕੁਮਾਰ, ਸੁਧਾ ਰੇਅ ਆਦਿ। ਮਾਂ ਦਿਵਸ ਦਾ ਮੁੱਖ ਮੰਤਵ ਇਸ ਕਾਨਫ੍ਰੰਸ ਵਿੱਚ ਸੰਸਾਰ ਅਮਨ ਸੀ। ਇਸ ਕਾਨਫ੍ਰੰਸ ਅੰਦਰ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਜੋਸ਼ੀਲੀ ਅਪੀਲ ਕੀਤੀ ਗਈ, ਕਿ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਸੰਸਾਰ ਅਮਨ ਦੀ ਕਾਇਮੀ ਅਤੇ ਜੰਗ ਵਿਰੁੱਧ ਉਹ ਅੱਗੇ ਆਉਣ। ਇਸੇ ਤਰ੍ਹਾਂ 1960 ਨੂੰ 8-ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ਗੋਲਡਨ ਜੁਬਲੀ ਵਜੋਂ ਮਨਾਇਆ ਗਿਆ। ਸਾਰੇ ਸੰਸਾਰ ਅੰਦਰ ਵੱਖੋ-ਵੱਖ ਰਵਾਇਤਾਂ ਨਾਲ ਇਹ ਦਿਵਸ ਇਸਤਰੀ ਜੱਥੇਬੰਦੀਆਂ ਵੱਲੋਂ ਇਸਤਰੀਆਂ ਨੂੰ ਸਮਰਪਿਤ ਕੀਤਾ ਗਿਆ। ਭਾਰਤ ਅੰਦਰ ਮਾਰਸ ਅਤੇ ਐਨ.ਐਫ.ਆਈ.ਡਬਲਯੂ ਵੱਲੋਂ 8-ਮਾਰਚ ‘ਤੇ ਭਿੰਨ-ਭਿੰਨ ਤਰ੍ਹਾਂ ਦੇ ਫੰਕਸ਼ਨ ਕੀਤੇ ਗਏ। 9-12 ਅਪ੍ਰੈਲ 1960 ਨੂੰ ਏਡਨ ਗਾਰਡਨ ਕਲਕੱਤਾ ਵਿਖੇ ਇਕ ਵੱਡਾ ਇਕੱਠ ਵੀ ਕੀਤਾ ਗਿਆ।

ਇਸ ਤਰ੍ਹਾਂ ਵੱਖ ਵੱਖ ਸਰਗਰਮੀਆਂ ਰਾਹੀਂ ਭਾਰਤ ਦੀ ਜਮਹੂਰੀ ਇਸਤਰੀ ਲਹਿਰ ਨੇ, ‘ਵੱਡੇ ਪੱਧਰ ਤੇ ਕੌਮਾਂਤਰੀ ਇਸਤਰੀ ਲਹਿਰਾਂ ਨਾਲ ਜੋ ਅਮਨ ਅਤੇ ਇਸਤਰੀ ਹੱਕਾਂ ਲਈ ਸਰਗਰਮ ਸਨ ਮਜ਼ਬੂਤ ਨਾਤਾ ਜੋੜ ਲਿਆ।

ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦਾ ਉਭਾਰ (N.F.I.W) ਭਾਰਤ ਅੰਦਰ ਆਜ਼ਾਦੀ ਬਾਦ ਦੇ ਪਹਿਲੇ ਦਹਾਕੇ ਅੰਦਰ, ਐਨ.ਐਫ.ਆਈ.ਡਬਲਯੂ, ਜੱਥੇਬੰਦੀ ਕੁਲ ਹਿੰਦ ਇਸਤਰੀ ਕਾਨਫ੍ਰੰਸ (A.I.W.V.) ਤੋਂ ਬਾਦ ਦੂਸਰੀ ਵੱਡੀ ਇਸਤਰੀ ਜੱਥੇਬੰਦੀ ਹੋਂਦ ਵਿੱਚ ਆ ਗਈ। ਕੁਲ ਹਿੰਦ ਇਸਤਰੀ ਕਾਨਫ੍ਰੰਸ ਦੀ ਸ਼ੁਰੂਆਤ ਇਸਤਰੀ ਸਮਾਜ ਸੁਧਾਰਕਾਂ ਵੱਲੋਂ ਕੀਤੀ ਗਈ, ਇਹ ਸਮਾਜ ਦੇ ਉੱਚ ਵਰਗਾਂ ਅਤੇ ਕਾਂਗਰਸ ਲੀਡਰਸਿ਼ਪ ਅਧਾਰਿਤ ਸੀ। ਬੁਰਜੁਆ ਅਮੀਰ ਵਰਗ ਪੱਖੀ ਜਮਹੂਰੀ ਇਸਤਰੀ ਹੱਕ-ਜਿਵੇਂ ਸਿਖਿਆ, ਵੋਟ ਦਾ ਅਧਿਕਾਰ, ਸਮਾਜ ਅਤੇ ਕਾਨੂੰਨੀ ਅਧਿਕਾਰਾਂ ਲਈ, ਮੱਧ-ਯੁੱਗੀ, ਸਾਮੰਤਵਾਦੀ ਅਤਿਆਚਾਰ ਅਤੇ ਸਮਾਜਕ ਵਿਤਕਰੇ ਵਿਰੁੱਧ ਤੱਕ ਹੀ ਇਹ ਜੱਥੇਬੰਦੀ ਸੀਮਤ ਸੀ। ਕਿਉਂਕਿ ਕੌਮੀ ਫੈਡਰੇਸ਼ਨ (N.F.I.W) ਜਿਹੜੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਪਹਿਲ ਕਦਮੀ ਤੇ ਗਠਿਤ ਹੋਈ ਸੀ, ‘ਦਾ ਤਰੱਕੀ ਪਸੰਦ ਉਦੇਸ਼ ਅਤੇ ਨਿਸ਼ਾਨ, ‘ਜਿਹੜਾ ਸਮਾਜਕ-ਪ੍ਰੀਵਰਤਨ ਵਲ ਸੇਧਿਤ ਸੀ, ਜੋ ਮਰਦ ਅਤੇ ਇਸਤਰੀ ਵਿਚਕਾਰ ਅਸਲੀ ਬਰਾਬਰਤਾ ਚਾਹੰੁਦਾ ਸੀ। ਇਸ ਦੀ ਵਿਚਾਰਧਾਰਾ ਸਮਾਜਵਾਦੀ ਸੀ, ਭਾਵੇਂ ਇਸ ਦੇ ਸੰਵਿਧਾਨ, ਉਦੇਸ਼ ਅਤੇ ਨਿਸ਼ਾਨੇ ਬਹੁਤ ਖੁਲ੍ਹੇ ਤੇ ਵਿਸ਼ਾਲ ਘੇਰੇ ਅਧਾਰਿਤ ਸਨ, ‘ਤਾਂ ਕਿ ਵੱਧ ਤੋਂ ਵੱਧ ਇਸਤਰੀਆਂ ਦੇ ਸਮੂਹਾਂ ਨੂੰ ਇਸ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ। ਭਾਰਤੀ ਇਸਤਰੀਆਂ ਦੀ ਕੌਮੀ ਫੈਡਰੇਸ਼ਨ ਸ਼ੁਰੂ ਤੋਂ ਹੀ ਕੌਮਾਂਤਰੀ ਜਮਹੂਰੀ ਇਸਤਰੀ ਫੈਡਰੇਸ਼ਨ ਨਾਲ ਇਲਹਾਕ ਬੱਧ ਬਾਡੀ ਰਹੀ।

ਇੱਕ ਨਵਾਂ ਮੋੜ: ਪਰ ਕੁਝ ਸਮੇਂ ਬਾਦ ਕੌਮਾਂਤਰੀ ਅਤੇ ਕੌਮੀ ਹਲਾਤਾਂ ਅੰਦਰ ਇੱਕ ਨਵੀਂ ਤਬਦੀਲੀ ਨੇ ਪਾਸਾ ਪਲਟਿਆ। ਸੰਸਾਰ ਕਮਿਊਨਿਸਟ ਕੈਂਪ ਅੰਦਰ ਵਿਚਾਰਧਾਰਕ ਮਤ-ਭੇਦ ਉਭਰਨ ਕਾਰਨ, ‘ਸਮਾਜਵਾਦੀ ਕੈਂਪ ਦਾ ਇਤਹਾਦ ਵੰਡਿਆ ਗਿਆ। 1956 ਨੂੰ ਸੋਵੀਅਤ ਯੂਨੀਅਨ ਅੰਦਰ 20-ਵੀਂ ਪਾਰਟੀ ਕਾਂਗਰਸ ਬਾਦ ਤਬਦੀਲੀ ਵਾਲਾ ਰੁੱਖ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਕੌਮਾਂਤਰੀ ਜਮਹੂਰੀ ਇਸਤਰੀ ਫੈਡਰੇਸ਼ਨ ਜੋ ਸੋਵੀਅਤ ਯੂਨੀਅਨ ਨਾਲ ਇੱਕਸੁਰ ਸੀ, ‘ਇਹ ਵਿਚਾਰਧਾਰਕ ਮੱਤ ਭੇਦ ਸੀ.ਪੀ.ਆਈ. ਅੰਦਰ ਵੀ ਸਾਹਮਣੇ ਗਏ ਤਾਂ ਅਖੀਰ (1964) ਵਿੱਚ ਪਾਰਟੀ ਦੋ ਫਾੜ ਹੋ ਗਈ ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਨੇ ਆਪਣੀ 7ਵੀਂ ਪਾਰਟੀ ਕਾਂਗਰਸ 1964 ਦੌਰਾਨ ਨਵਾਂ ਪਾਰਟੀ ਪ੍ਰੋਗਰਾਮ ਪ੍ਰਵਾਨ ਕਰ ਲਿਆ। ਪਹਿਲੇ ਧੜੇ ਸੀ.ਪੀ.ਆਈ. ਨੇ ਕਾਂਗਰਸ ਪਾਰਟੀ ਅਤੇ ਕਾਂਗਰਸੀ ਸਰਕਾਰਾਂ ਪ੍ਰਤੀ ਆਪਣੇ ਮੇਲ-ਮਿਲਾਪ (Compromising Attitude) ਵਾਲੇ ਰਵੱਈਏ ਨੂੰ ਜਾਰੀ ਰੱਖਿਆ (ਹੁਣ ਨਹੀਂ)। ਵਿਚਾਰਧਾਰਕ ਪਾੜੇ ਦਾ ਪਰਛਾਵਾਂ ਜਨਤਕ ਜੱਥੇਬੰਦੀਆਂ ਉੱਤੇ ਵੀ ਪੈ ਗਿਆ। ਹੌਲੀ-ਹੌਲੀ ਕੌਮੀ ਭਾਰਤੀ ਇਸਤਰੀ ਫੈਡਰੇਸ਼ਨ (N.F.I.W) ਜੋ (W.I.D.F.)ਨਾਲ ਇਲਹਾਕ ਬੱਧ ਸੀ, ਨੇ ਵੀ ਕਾਂਗਰਸ ਸਰਕਾਰਾਂ ਵੱਲੋਂ ਮੇਲ-ਮਿਲਾਪ ਵਾਲੀ ਲਾਈਨ ਨੂੰ ਅਪਣਾ ਲਿਆ। ਇਸੇ ਤਰ੍ਹਾਂ ਸੂਬਾਈ ਯੂਨਿਟ ਜੋ N.F.I.W ਨਾਲ ਇਲਹਾਕ ਬੱਧ ਸਨ, ‘ਉਹ ਵੀ ਵਿਚਾਰਧਾਰਕ ਤੌਰ ‘ਤੇ ਵੰਡੇ ਗਏ।

ਪੱਛਮੀ ਬੰਗਾ ਮਹਿਲਾ ਸਮਿਤੀ ਜੋ ਪੱਛਮੀ ਬੰਗਾਲ ਵਿੱਚ ਸਰਗਰਮ ਸੀ, ਵੀ 1970 ਨੂੰ ਵੰਡੀ ਗਈ। ਵੰਡ ਨਾਲ ਇਕ ਹਿੱਸਾ ਪੱਛਮੀ ਬੰਗਾ ਗਣਤੰਤਰਿਕ ਮਹਿਲਾ ਸਮਿਤੀ ਅਤੇ ਦੂਜਾ ਧੜਾ ਪੱਛਮੀ ਬੰਗਾ ਮਹਿਲਾ ਸਮਿਤੀ ਵੱਜੋਂ ਹੋਂਦ ਵਿੱਚ ਰਿਹਾ। ਪਹਿਲੇ ਧੜੇ ਨੇ ਪੱਛਮੀ ਬੰਗਾ ਗਣਤੰਤਰਿਕ ਮਹਿਲਾ ਸਮਿਤੀ, ‘ਜਿਸ ਦੀ ਲੀਡਰਸਿ਼ਪ ਸੀ.ਪੀ.ਆਈ. (ਐਮ) ਨਾਲ ਵਿਚਾਰਧਾਰਕ ਮੇਲ ਜੋਲ ਰੱਖਦੀ ਸੀ, ‘ਜਿਹੜੀ ਕਿਰਤੀਆਂ ਕਿਸਾਨਾਂ ਅਤੇ ਹੋਰ ਜਮਹੂਰੀ ਲਹਿਰਾਂ ਵਾਲੇ ਲੋਕਾਂ ਦੀ ਲਹਿਰ ਸੀ। ਜੋ ਬੁਰਜੁਆਂ, ਜਗੀਰਦਾਰਾਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਸ਼ੀਲ ਸੀ,ਨਾਲ ਨਾਤਾ ਜੋੜ ਲਿਆ। ਦੂਸਰੀ ਧਿਰ ਪੱਛਮੀ ਬੰਗਾ ਮਹਿਲਾ ਸਮਿਤੀ ਕੌਮੀ ਭਾਰਤੀ ਇਸਤਰੀ ਫੈਡਰੇਸ਼ਨ (N.F.I.W) ਨਾਲ ਜੁੜੀ ਰਹੀ ਅਤੇ ਉਹ ਆਪਣੀ ਕਾਂਗਰਸ ਪਾਰਟੀ ਅਤੇ ਕਾਂਗਰਸੀ ਸਰਕਾਰਾਂ ਨਾਲ ਮੇਲ-ਮਿਲਾਪ ਵਾਲੀ ਨੀਤੀ ਤੇ ਚਲਦੀ ਰਹੀ। ਇਸ ਨਵੀਂ ਅਵਸਥਾ ਦੌਰਾਨ ਜਮਹੂਰੀ ਇਸਤਰੀ ਲਹਿਰ ਇਕ ਨਵੀਂ ਸਟੇਜ ਤੇ ਪੁੱਜ ਗਈ ਅਤੇ ਇਸਤਰੀਆਂ ਦੀ ਮੁਕਤੀ ਲਈ ਤਿਖੀਆਂ ਤਬਦੀਲੀਆਂ ਵਾਲੇ ਨਜ਼ਰੀਏ ਰਾਹੀਂ, ‘ਸਮਾਜਕ ਢਾਂਚੇ ‘ਚ ਤਬਦੀਲੀ ਲਿਆਉਣ ਲਈ, ‘ਇਸ ਨੇ ਆਪਣੇ ਨਾਲ ਲੁੱਟੇ ਜਾ ਰਹੇ ਸਾਰੇ ਲੋਕਾਂ ਅਤੇ ਕਿਰਤੀ ਵਰਗ ਨਾਲ ਜੋੜਕੇ, ‘ਇਸਤਰੀ ਮੁਕਤੀ ਦੇ ਕਾਜ ਨੂੰ ਅੱਗੇ ਵਧਾਉਣ ਦਾ ਨਿਸਚਾ ਦੁਹਰਾਇਆ। ਇਸੇ ਤਰ੍ਹਾਂ 1940 ਦੇ ਬਾਦ ‘ਜਮਹੂਰੀ ਇਸਤਰੀ ਲਹਿਰਾਂ ਜੋ ਭਾਰਤ ਦੇ ਬਾਕੀ ਹਿੱਸਿਆ ਅੰਦਰ ਵੀ ਵਿਕਸਤ ਹੋਈਆਂ ਜਿਨ੍ਹਾਂ ਨੂੰ ਜਮਹੂਰੀ ਇਸਤਰੀ ਲਹਿਰਾਂ ਵੱਜੋਂ ਭਾਰਤ ਅੰਦਰ ਆਪਣੀ ਪ੍ਰਪੱਕਤਾ ਅਤੇ ਜਨਤਕ ਅਧਾਰ ਵਾਲੀ ਹੋਂਦ ਗ੍ਰਿਹਣ ਕਰਨ ਲਈ ਬੜਾ ਲੰਬਾ ਸਫਰ ਤੈਅ ਕਰਨਾ ਪਿਆ। ਜੇਕਰ ਅੱਜ ‘‘ਕੁਲ ਹਿੰਦ ਜਨਵਾਦੀ ਇਸਤਰੀ ਸਭਾ“ ਆਜ਼ਾਦੀ ਜਮਹੂਰੀਅਤ ਅਤੇ ਇਸਤਰੀਆਂ ਦੀ ਮੁਕਤੀ, ਦਾ ਬੀੜਾ ਚੁਕਣ ਲਈ ਦੇਸ਼ ਅੰਦਰ ਇੱਕ ਭਵਿੱਖੀ ਨਜ਼ਰੀਆ ਲੈ ਕੇ ਆਈ ਹੈ, ਤਾਂ ਇਹ ਉਸ ਦੇ ਸੰਘਰਸ਼ਾਂ, ਜਮਹੂਰੀਅਤ ਨੂੰ ਸਮਰਪਣ, ਸਮਾਜਕ ਪ੍ਰੀਵਰਤਨ ਲਈ ਕਿਰਤੀ ਵਰਗ ਦਾ ਇਕ ਹਿੱਸਾ ਬਣਾ ਕੇ,‘ਜਨ-ਅਧਾਰਿਤ ਅੰਦੋਲਨਾਂ ਰਾਹੀਂ ਅੱਗੇ ਵੱਧਣ ਕਾਰਨ ਹੀ ਹੈ। ਦੇਸ਼ ਅੰਦਰ ਇਸਤਰੀਆਂ ਪ੍ਰਤੀ ਵੱਧ ਰਹੇ ਅਪਰਾਧਾਂ ਵਿਰੁਧ, ਸੰਗਠਤ ਰੂਪ ਵਿੱਚ ਵਿਰੋਧ ਰੋਸ ਕਰਨੇ ਪੈਣੇ ਹਨ। ਆਰਥਿਕ ਸੋਸ਼ਣ, ਚੁਲੇ-ਚੌਂਕੇ ਦੀ ਗੁਲਾਮੀ ਵਿਰੁਧ ਤੇ ਇਕ ਨਰੋਏ ਸੱਭਿਆਚਾਰ ਲਈ ਸਾਰੇ ਕਿਰਤੀਆਂ ਨਾਲ ਮਿਲ ਕੇ ਸੰਘਰਸ਼ ਕਰਨਾ ਪਏਗਾ।

ਕੋਵਿਡ-19 ਵਿਰੁਧ, ਸਭ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਲਈ ਸਾਰਿਆਂ ਨੂੰ ਮਿਲ ਕੇ ਲੜਨਾ ਪਏਗਾ। ਮੁਕਤੀ ਅੱਜੇ ਦੂਰ ਹੈ, ਪੈਂਡਾ ਅਜੇ ਦੂਰ ਹੈ ਠਰੱਮਾ ਰੱਖੀਏ।

 – ਰਾਜਿੰਦਰ ਕੌਰ ਚੋਹਕਾ

001-403-285-4208, 91-98725-44738

EMail: chohkarajinder@gmail.com

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਥਾੱਗਤ ਬੁੱਧ ਦੀ ਯਾਦ ਨੂੰ ਸਮਰਪਿਤ ਬੋਧਗਯਾ ਵਿਚਲਾ : ਬੋਧੀ ਮੰਦਿਰ
Next articleInter cap off title with 5-1 win over Udinese