ਤਕਨੀਕੀ ਖਰਾਬੀ ਕਾਰਨ ਦੁਨੀਆ ਦੀਆਂ ਕਈ ਵੈੱਬਸਾਈਟਾਂ  ਬੰਦ

 

  • ਮਹੱਤਵਪੂਰਨ ਵੈੱਬਸਾਈਟਾਂ ਕੁਝ ਸਮਾਂ ਬੰਦ ਰਹਿਣ ਮਗਰੋਂ ਚੱਲੀਆਂ

ਲੰਡਨ (ਸਮਾਜ ਵੀਕਲੀ): ਆਲਮੀ ਪੱਧਰ ਦੀ ਵੈੱਬਸਾਈਟ ਹੋਸਟਿੰਗ ਸੇਵਾ ‘ਫਾਸਟਲੀ’ ਵਿਚ ਅੱਜ ਪਏ ਤਕਨੀਕੀ ਅੜਿੱਕੇ ਕਾਰਨ ਦੁਨੀਆ ਭਰ ਦੀਆਂ ਕਈ ਮਹੱਤਵਪੂਰਨ ਵੈੱਬਸਾਈਟਾਂ ਬੰਦ ਹੋ ਗਈਆਂ। ‘ਕ੍ਰੈਸ਼’ ਹੋਣ ਵਾਲੀਆਂ ਸਾਈਟਾਂ ਵਿਚ ਯੂਕੇ ਸਰਕਾਰ ਦੀ ਸਾਈਟ ‘ਜੀਓਵੀ.ਯੂਕੇ’ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਮੀਡੀਆ ਅਦਾਰੇ ‘ਫਾਇਨੈਂਸ਼ੀਅਲ ਟਾਈਮਜ਼’, ‘ਗਾਰਡੀਅਨ’ ਉਤੇ ‘503 ਸਰਵਿਸ ਮੌਜੂਦ ਨਹੀਂ’ ਦਾ ਸੁਨੇਹਾ ਦੇਖਣ ਨੂੰ ਮਿਲਿਆ। ਸਾਂ ਫਰਾਂਸਿਸਕੋ ਅਧਾਰਿਤ ‘ਫਾਸਟਲੀ’ ਇਕ ਆਲਮੀ ਆਨਲਾਈਨ ਕੰਟੈਂਟ ਡਲਿਵਰੀ ਨੈੱਟਵਰਕ (ਸੀਡੀਐਨ) ਹੈ। ਇਸ ਦਾ ਨੈੱਟਵਰਕ ਅੱਜ ਡਾਊਨ ਹੋ ਗਿਆ ਤੇ ਇਸ ਨਾਲ ਕਈ ਵੱਡੀਆਂ ਵੈੱਬਸਾਈਟਾਂ ਕੁਝ ਸਮੇਂ ਲਈ ਬੰਦ ਹੋ ਗਈਆਂ। ਕੰਪਨੀ ਨੇ ਕਿਹਾ ਕਿ ਸੀਡੀਐਨ ਵਿਚ ਹੀ ਕੋਈ ਸਮੱਸਿਆ ਆ ਗਈ ਸੀ ਤੇ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਫਾਸਟਲੀ ‘ਐੱਜ ਕਲਾਊਡ’ ਚਲਾਉਂਦੀ ਹੈ ਜਿਸ ਨੂੰ ਵੈੱਬਸਾਈਟਾਂ ਦਾ ਲੋਡਿੰਗ ਸਮਾਂ ਤੇਜ਼ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੈੱਬਸਾਈਟਾਂ ਨੂੰ ‘ਡਿਨਾਇਲ-ਆਫ਼-ਸਰਵਿਸ’ ਅਟੈਕ ਤੋਂ ਵੀ ਬਚਾਉਂਦੀ ਹੈ ਤੇ ਵੈੱਬ ਟਰੈਫਿਕ ਜ਼ਿਆਦਾ ਹੋਣ ਵੇਲੇ ਵੀ ਮਦਦ ਕਰਦੀ ਹੈ। ‘ਬੀਬੀਸੀ’ ਮੁਤਾਬਕ ਖਰਾਬੀ ਦਾ ਅਸਰ ਯੂਰੋਪ ਤੇ ਅਮਰੀਕਾ ਦੀਆਂ ਚੋਣਵੀਆਂ ਥਾਵਾਂ ਉਤੇ ਹੀ ਦੇਖਣ ਨੂੰ ਮਿਲਿਆ। ਮੀਡੀਆ ਵੈੱਬਸਾਈਟਾਂ ‘ਸੀਐੱਨਐੱਨ’ ਤੇ ‘ਨਿਊ ਯਾਰਕ ਟਾਈਮਜ਼’ ਵੀ ਪ੍ਰਭਾਵਿਤ ਹੋਈਆਂ। ਫਾਸਟਲੀ ‘ਟਵਿੱਚ’, ‘ਪਿੰਨਟਰੱਸਟ’, ‘ਐੱਚਬੀਓ ਮੈਕਸ’ ‘ਹੁਲੂ’, ‘ਰੈੱਡਿਟ’, ‘ਸਪੌਟੀਫਾਈ’ ਲਈ ਵੀ ਸੀਡੀਐਨ ਮੁਹੱਈਆ ਕਰਵਾਉਂਦੀ ਹੈ। ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਹਿਲਾਂ ‘ਐਮਾਜ਼ੋਨ ਵੈੱਬ ਸਰਵਿਸਿਜ਼’ ਵੀ ਦੇਖ ਚੁੱਕੀ ਹੈ ਜੋ ਕਿ ਇਕ ਵੱਡੀ ਕਲਾਊਡ ਕੰਪਿਊਟਿੰਗ ਫਰਮ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੜਗੇ ਕਮੇਟੀ ਵੱਲੋਂ ਰਿਪੋਰਟ ਤਿਆਰ
Next articleਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਨੂੰ ਖ਼ੂਨ ਨਾਲ ਚਿੱਠੀ ਲਿਖੀ