ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਵਿੱਚ ਅੱਜ ਦੁਪਿਹਰ ਬਾਅਦ ਅੱਗ ਲੱਗ ਗਈ। ਇਸ ਘਟਨਾ ਕਾਰਨ ਪਲਾਂਟ ਦੀ ਮਸ਼ੀਨਰੀ ਸੜ ਗਈ ਅਤੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਠੱਪ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਿਹਰ ਬਾਅਦ ਸਵਾ ਚਾਰ ਵਜੇ ਦੇ ਕਰੀਬ ਪਲਾਂਟ ਵਿੱਚ ਕੱਚੇ ਆਰਡੀਐਫ ਨੂੰ ਪ੍ਰਾਸੈਸ ਕੀਤਾ ਜਾ ਰਿਹਾ ਸੀ। ਆਰਡੀਐਫ ਨੂੰ ਅੱਗੇ ਤੋਰਨ ਲਈ ਲਗਾਈ ਗਈ ਕਨਵੇਅਰ ਬੈਲਟ ਦੀ ਮਸ਼ੀਨ ਵਿੱਚ ਚਿੰਗਾੜੇ ਨਿਕਲਣ ਲੱਗ ਗਏ ਅਤੇ ਦੇਖਦੇ ਹੀ ਦੇਖਦੇ ਮਸ਼ੀਨ ਸਮੇਤ ਕਨਵੇਅਰ ਬੇਲਣ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਪਲਾਂਟ ਵਿੱਚ ਲੱਗੀ ਅੱਗ ਨਾਲ ਲੱਖਾਂ ਰੁਪਏ ਦੀ ਮਸ਼ੀਨਰੀ ਸੜ ਗਈ ਤੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਠੱਪ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਪਲਾਂਟ ਦਾ ਮੁਆਇਨਾ ਕੀਤਾ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਲਾਂਟ ਵਿੱਚ ਅੱਗ ਲੱਗਣ ਨਾਲ ਡੱਡੂਮਾਜਰਾ ਕਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਕੂੜਾ ਪ੍ਰੋਸੈਸਿੰਗ ਦਾ ਕੰਮ ਰੁੱਕ ਜਾਵੇਗਾ ਤੇ ਬਦਬੂ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਡੱਡੂਮਾਜਰਾ ਗਾਰਬੇਜ ਪਲਾਂਟ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਡੰਪਿੰਗ ਗਰਾਉਂਡ ਨੂੰ ਇਥੋਂ ਸ਼ਿਫਟ ਕਰਨ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਡੰਪਿੰਗ ਗਰਾਉਂਡ ਅਤੇ ਪ੍ਰੋਸੈਸਿੰਗ ਪਲਾਂਟ ਨੂੰ ਇਥੋਂ ਸ਼ਿਫਟ ਕੀਤਾ ਜਾਵੇ।
INDIA ਡੱਡੂਮਾਜਰਾ ਦੇ ਕੂੜਾ ਪ੍ਰਾਸੈਸਿੰਗ ਪਲਾਂਟ ਵਿੱਚ ਅੱਗ ਲੱਗੀ