ਲੇਖਕ … ਹਰਮੇਸ਼ ਜੱਸਲ
(ਸਮਾਜਵੀਕਲੀ)
ਪ੍ਸਿੱਧ ਬੁੱਧੀਜੀਵੀ ਕਾਰਲਾਇਲ ਨੇ ਕਿੱਨਾ ਸੱਚ ਕਿਹਾ ਹੈ , ” ਕੋਈ ਵੀ ਜ਼ਮਾਨਾ ਬੇਅਰਥ ਨਸ਼ਟ ਨਹੀਂ ਹੁੰਦਾ, ਜੇਕਰ ਇਕ ਵੀ ਬੁੱਧੀਮਾਨ, ਗੁਣਵਾਨ, ਸਦਾਚਾਰੀ ਅਤੇ ਉਪਕਾਰੀ ਮਹਾਂਪੁਰਖ ਪੈਦਾ ਹੋ ਜਾਵੇ, ਜੋ ਆਪਣੀ ਸਿਆਣਪ ਨਾਲ ਆਪਣੇ ਸਮੇਂ ਦੀ ਨਬਜ਼ ਨੂੰ ਪਛਾਣ ਸਕਦਾ ਹੋਵੇ ਅਤੇ ਠੀਕ ਰਸਤੇ ਉੱਤੇ ਲੈ ਜਾਣ ਦਾ ਸਾਹਸ ਅਤੇ ਹੌਸਲਾ ਰੱਖਦਾ ਹੋਵੇ ਤਾਂ ਕਿਸੇ ਵੀ ਜ਼ਮਾਨੇ ਦਾ ਉੱਧਾਰ ਹੋ ਸਕਦਾ ਹੈ .”
ਇਹੋ ਜਿਹਾ ਹੀ ਮਹਾਂਪੁਰਖ, ਭਾਰਤ ਭੂਮੀ ਉਪਰ 1891 ਈਸਵੀ ਵਿਚ ਮਹਾਂਰਾਸ਼ਟਰ ਦੀ ਮਹੂੰ ਛਾਉਣੀ ਞਿੱਚ ਪੈਦਾ ਹੋਇਆ , ਜਿਸਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ. ਕਹਾਵਤ ਹੈ : ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ ਜਾਂ ਕਹਿੰਦੇ ਹਨ-ਗੁੰਦੜੀ ਦੇ ਲਾਲ ਕਦੇ ਛੁਪਿਆ ਨਹੀਂ ਕਰਦੇ. ਭੀਮ ਰਾਓ ਦੇ ਬਚਪਨ ਞਿਚ ਹੀ ਅਨੋਖੇ ਲੱਛਣ ਦਿਸਣ ਲੱਗ ਪਏ ਸਨ, ਜਿੱਦਾ ਬਚਪਨ ਤੋਂ ਹੀ ਜਿੱਦੀ ਤੇ ਗੁੱਸੇਖੋਰ ਹੋਣ ਦੇ ਨਾਲ ਨਾਲ ਲੜਾਈ ਝਗੜਾ, ਮਾਰਕੁਟਾਈ ਅਤੇ ਅਨਿਆਂ ਦੇ ਖਿਲਾਫ਼ ਡੱਟ ਕੇ ਖੜ ਜਾਣਾ, ਸਿਰੜੀ ਤੇ ਦਲੇਰ ਸੁਭਾਅ.
ਸਮਾਜ ਦੇ ਗਰੀਬ ਅਤੇ ਅਛੂਤ ਵਰਗ ਵਿਚ ਪੈਦਾ ਹੋਣ ਕਰਕੇ , ਬਚਪਨ ਵਿਚ ਹੀ , ਉਨਾਂ ਨੂੰ ਥੁੜਾਂ , ਤੰਗੀਆਂ , ਗਰੀਬੀ ਅਤੇ ਅਨੇਕਾਂ ਪ੍ਕਾਰ ਦੇ ਵਿੱਤਕਰਿਆਂ ਦਾ ਸਾਹਮਣਾ ਕਰਨਾ ਪਿਆ. ਉਨਾਂ ਕਿਹਾ ਸੀ, ” ਉਹ ਗਰੀਬਾਂ ਦੇ ਜੀਵਨ ਨੂੰ ਬਹੁਤ ਨੇੜਿਓ ਜਾਣਦੇ ਹਨ ਕਿਉਕਿ ਉਹ ਗਰੀਬ ਪਰਵਾਰ ਵਿਚ ਪੈਂਦਾ ਹੋਏ, ਨੰਗੇ ਫ਼ਰਸ ਉਪਰ ਸੁੱਤੇ, ਕਈ ਵਾਰ ਫ਼ਟੇ ਕਪੜੇ ਪਹਿਨੇ. ਉਨਾਂ ਨੂੰ ਅਕਸਰ ਬਚਪਨ ਵਿਚ ਮਜਦੂਰਾਂ ਦੀ ਰੋਟੀ ਦੇ ਡੱਬੇ ਲੈ ਕੇ ਫ਼ੈਕਟਰੀਆਂ ਵਿਚ ਜਾਣਾ ਪੈਦਾ ਸੀ. ਇਹੋ ਜਿਹੀਆਂ ਬਚਪਨ ਦੀਆਂ ਕੌੜੀਆਂ ਯਾਦਾਂ ਨੂੰ ਉਹ ਜੀਵਨਭਰ ਨਹੀਂ ਭੁਲਾ ਸਕੇ, ਕਿ ਕਿਵੇਂ ਉਨਾਂ ਨੂੰ ਕਲਾਸ ਵਿਚ ਅਲੱਗ ਬੈਠਾਇਆ ਜਾਂਦਾ ਸੀ, ਸਾਂਝੇ ਘੜੇ ਵਿੱਚੋ ਪਾਣੀ ਨਾ ਪੀ ਸਕਣ ਕਰਕੇ ਘੰਟਿਆ ਬੱਧੀ ਪਿਆਸੇ ਰਹਿਣਾ ਪਿਆ. ਬੱਚੇ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ ਸਨ. ਨਾਈ ਵਾਲ ਨਹੀਂ ਕੱਟਦਾ ਸੀ, ਟਾਂਗੇਵਾਲਾ ਬੈਠਾਉਦਾ ਨਹੀਂ ਸੀ. ਇਥੋਂ ਤੱਕ ਕਿ ਵਕਾਲਤ ਜਾਂ ਪਰੋਫ਼ੈਸਰੀ ਵੇਲੇ ਸਾਥੀ ਖਾਰ ਖਾਂਦੇ ਸਨ. ਜਿੰਦਗੀ ਦੇ ਹਰ ਮੋੜ ਉਪਰ ਅੰਬੇਡਕਰ ਨੂੰ ਉਸਦੇ ਨੀਂਵੇਪਣ ਦਾ ਅਹਿਸਾਸ ਕਰਵਾਇਆ ਗਿਆ. ਅਛੂਤ ਹੋਣ ਕਰਕੇ ਕੋਈ ਉਨਾਂ ਨੂੰ ਕਿਰਾਏ ਉਪਰ ਕਮਰਾ ਦੇਣ ਨੂੰ ਤਿਆਰ ਨਹੀਂ ਸੀ. ਬੜੌਦਾ ਰਿਆਸਤ ਵਿਚ ਲੈਫ਼ਟੀਨੈਟ ਹੋਣ ਦੇ ਬਾਵਜੂਦ , ਚਪੜਾਸੀ ਦੂਰੋਂ ਹੀ ਫ਼ਾਇਲਾਂ , ਉਨਾਂ ਦੀ ਮੇਜ਼ ਉਪਰ ਸੁੱਟ ਦਿੰਦਾ ਅਤੇ ਉਨਾਂ ਦੇ ਆਉਣ ਤੋਂ ਪਹਿਲਾਂ ਹੀ ਦਫ਼ਤਰ ਦੇ ਕਾਲੀਨ ਇੱਕਠੇ ਕਰ ਲਏ ਜਾਂਦੇ ਸਨ.
ਡਾ. ਅੰਬੇਡਕਰ , ਇਸ ਜਿੱਲਣ ਭਰੀ ਜਿੰਦਗੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ. ਬੱਸ ਫਿਰ ਕੀ ਸੀ ! ਕਹਿੰਦੇ ਹਨ ,ਜਿੱਥੇ ਚਾਹ ਉਥੇ ਰਾਹ. ਸ਼ੈਕਸਪੀਅਰ ਨੇ ਕਿਹਾ ਹੈ : ” ਮਨੁੱਖਾਂ ਦੇ ਜੀਵਨ ਵਿਚ ਇਕ ਅਜਿਹੀ ਤਰੰਗ ਵੀ ਆਉਦੀ ਹੈ, ਜੋ ਤੂਫ਼ਾਨ ਵਿੱਚੋ ਉਭਾਰ ਕੇ ਸਫ਼ਲਤਾ ਤੱਕ ਲੈ ਜਾਂਦੀ ਹੈ.” ਡਾ. ਅੰਬੇਡਕਰ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਘਰ ਦੇ ਗਹਿਣੇ ਵੇਚਣੇ ਪਏ, ਕੁਲੀਗਿਰੀ ਕਰਨੀ ਪਈ, ਇਕ ਇਕ ਪੈਸਾ ਜੋੜਿਆ, ਦੋਸਤਾਂ ਕੋਲੋ ਮੱਦਦ ਮੰਗੀ, ਮਹਾਂਰਾਜਾ ਬੜੌਦਾ ਕੋਲੋ ਵਜ਼ੀਫ਼ਾ ਲਿਆ ਅਤੇ ਦੇਸ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋ ਗਿਆਨ ਦਾ ਅਥਾਹ ਭੰਡਾਰ ਇਕੱਠਾ ਕੀਤਾ. ਉਨਾਂ ਨੇ ਐਮ.ਏ, ਪੀ.ਐਚ.ਡੀ, ਡੀ.ਐਸ. ਸੀ, ਐਲ.ਐਲ.ਡੀ, ਬਾਰ ਐਟ ਲਾਅ ਅਤੇ ਡੀ. ਲਿੱਟ ਵਰਗੀਆਂ ਸਨਮਾਨਯੋਗ ਡਿਗਰੀਆਂ ਹਾਸਲ ਕੀਤੀਆਂ. ਉਹ ਫ਼ਖਰ ਨਾਲ ਕਿਹਾ ਕਰਦੇ ਸਨ ਕਿ” ਮੇਰੇ ਕੋਲ ਡਿਗਰੀਆਂ ਦੇ ਟਰੰਕ ਭਰੇ ਪਏ ਹਨ.ਇਨਾਂ ਦਾ ਕੁੱਝ ਵੱਟ ਸਕਦੇ ਹੋ ਤਾਂ ਵਟ ਲਵੋ.”
ਰੋਜੀ ਰੋਟੀ ਲਈ ਉਨਾਂ ਵਕਾਲਤ ਕੀਤੀ, ਪਰੋਫ਼ੈਸਰੀ ਕੀਤੀ, ਫੌਜ਼ ਵਿਚ ਲੈਫ਼ਟੀਨੈਟ ਰਹੇ, ਪਿ੍ੰਸੀਪਲ ਬਣੇ ਪਰ ਉਨਾਂ ਦੇ ਮਨ ਉਪਰ ਦਲਿਤਾਂ ਅਤੇ ਗਰੀਬਾਂ ਦੀ ਦੁਰਦਸ਼ਾ ਸੁਧਾਰਨ ਦਾ ਬੋਝ ਹਮੇਸ਼ਾ ਭਾਰੂ ਰਿਹਾ. ਉਨਾਂ ਦੇ ਮਨ ਵਿਚ ਦਲਿਤਾਂ ਅਤੇ ਗਰੀਬਾਂ ਲਈ ਕਿੱਨਾ ਦਰਦ ਸੀ, ਉਦੋਂ ਸਾਹਮਣੇ ਆਇਆ, ਜਦੋਂ ਉਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ : ” ਤੁਹਾਡੇ ਚੇਹਰਿਆਂ ਦੀ ਤਰਸਯੋਗ ਹਾਲਤ ਦੇਖ ਕੇ ਅਤੇ ਤੁਹਾਡੀਆਂ ਉਦਾਸੀਆਂ ਆਵਾਜ਼ਾਂ ਸੁਣ ਕੇ ਮੇਰਾ ਸੀਨਾ ਫਟ ਜਾਂਦਾ ਹੈ. ਕਿੱਨੇ ਚਿਰ ਤੋਂ ਤੁਸੀਂ ਜ਼ੁਲਮਾਂ ਦੀ ਚੱਕੀ ਵਿਚ ਪਿਸੇ ਜਾ ਰਹੇ ਹੋ. ਫੇਰ ਵੀ ਤੁਹਾਨੂੰ ਬੇਹਿੰਮਤੀ ਅਤੇ ਬੇਭਰੋਸਗੀ ਛੱਡਣ ਦਾ ਖਿਆਲ ਨਹੀਂ ਆਉਦਾ. ਤੁਸੀਂ ਜੰਮਦੇ ਹੀ ਕਿਉ ਨਹੀਂ ਮਰ ਜਾਂਦੇ? ਤੁਸੀਂ ਦੁੱਖਾਂ , ਗਰੀਬੀ ਅਤੇ ਗੁਲਾਮੀ ਨੂੰ ਕਿਉ ਪਿਆਰਦੇ ਹੋ? ਤੁਸੀਂ ਆਪਣੀ ਤਰਸਯੋਗ , ਘਿ੍ਣਿਤ ਅਤੇ ਤਿ੍ਸ਼ਕਾਰਪੂਰਣ ਜੀਵਨ ਨਾਲ ਸੰਸਾਰ ਦਾ ਭਾਰ ਕਿਉਂ ਵਧਾਉਦੇ ਹੋ? ਜੇਕਰ ਤੁਸੀਂ ਨਵਾਂ ਜੀਵਨ ਨਹੀਂ ਢਾਲ ਸਕਦੇ ਅਤੇ ਆਪਣੀ ਹਾਲਤ ਨਹੀਂ ਬਦਲ ਸਕਦੇ ਤਾਂ ਇਸ ਨਾਲੋਂ ਮਰਨਾ ਕਿਧਰੇ ਚੰਗਾ ਹੈ . ”
ਉਨਾਂ ਨੇ ਦਲਿਤਾਂ ਅਤੇ ਗਰੀਬਾਂ ਵਿਚ ਜਾਗਰਤੀ ਪੈਦਾ ਕਰਨ ਲਈ ਥਾਂ ਥਾਂ ਭਾਸ਼ਣ ਕੀਤੇ, ਬਹਿਸ਼ਕਿ੍ਤ ਭਾਰਤ, ਮੂਕਨਾਇਕ, ਜਨਤਾ ,ਪ੍ਬੁੱਧ ਭਾਰਤ ਵਰਗੇ ਅਖਬਾਰ ਕੱਢੇ. ਕਿਤਾਬਾਂ ਲਿਖਿਆਂ. ਕਾਲਾ ਰਾਮ ਮੰਦਿਰ ਅਤੇ ਚੋਦਾਰ ਤਲਾਬ ਉਪਰ ਮਨੁੱਖੀ ਹੱਕਾਂ ਨੂੰ ਜਤਾਉਣ ਲਈ ਮੋਰਚੇ ਲਾਏ. ਸੈਡਿਊਡ ਕਾਸਟ ਫ਼ੈਡਰੇਸ਼ਨ, ਲੇਬਰ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਮੰਚ ਤੋਂ ਚੋਣਾਂ ਲੜੀਆਂ ਤੇ ਜਿੱਤੀਆਂ.ਉਹ ਕਿਹਾ ਕਰਦੇ ਸਨ ਕਿ ” ਜੋ ਲਹਿਰ ਅਸੀਂ ਚਲਾਈ ਹੈ, ਇਸ ਨਾਲ ਨਾ ਕੇਵਲ ਦਲਿਤ ਲੋਕਾਂ ਦੀ ਭਲਾਈ ਹੋਵੇਗੀ ਬਲਕਿ ਇਸ ਨਾਲ ਦੇਸ਼ ਵਿਚ ਅਜਿਹਾ ਸਮਾਜ ਕਾਇਮ ਹੋਵੇਗਾ , ਜਿਸ ਵਿਚ ਹਰ ਵਿਆਕਤੀ ਦੇ ਜੀਵਨ ਦੇ ਹਰੇਕ ਪੱਖ ਵਿਚ ,ਕੀ ਰਾਜਸੀ,ਕੀ ਸਮਾਜਿਕ,ਕੀ ਆਰਥਿਕ, ਇਕੋ ਜਿਹੀ ਕਦਰੋ ਕੀਮਤ ਹੋਵੇਗੀ. ਮੇਰੇ ਲਈ ਸੰਘਰਸ਼ ਇਕ ਅਨੰਦਪੂਰਣ ਗੱਲ ਹੈ , ਜੱਦੋ ਜਹਿਦ ਨਾਲ ਮੇਰਾ ਚਿੱਤ ਖਿੜ ਜਾਂਦਾ ਹੈ .”
ਚਾਹੇ ਉਨਾਂ ਨੂੰ ਨਾਮਜ਼ਦ ਕੀਤਾ ਗਿਆ ਜਾਂ ਚੁਣਿਆ ਗਿਆ, ਜਦੋਂ ਵੀ ਉਨਾਂ ਦੇ ਹੱਥ ਸੱਤਾ ਆਈ, ਉਨਾਂ ਨੇ ਬਗੈਰ ਕਿਸੇ ਭਿੰਨ ਭੇਦ, ਨਫ਼ਰਤ ਅਤੇ ਸੌੜੇਪਨ ਤੋਂ ਉਪਰ ਉਠ ਕੇ , ਦਲਿਤਾਂ ਗਰੀਬਾਂ ,ਮਜ਼ਦੂਰਾਂ , ਦੇਸ਼ ਦੀਆ ਘੱਟਗਿਣਤੀਆਂ , ਪਛੜੀਆਂ , ਅਤੀ ਪਛੜੀਆਂ ਅਤੇ ਹਿੰਦੂ ਸਮਾਜ ਸਮੇਤ ਸਭਨਾਂ ਧਰਮਾਂ ਦੇ ਪੈਰੋਕਾਰਾਂ ਲਈ ਹਰ ਸੰਭਵ ਯਤਨ ਕੀਤੇ, ਯੋਜਨਾਵਾਂ ਨਾ ਸਿਰਫ਼ ਬਣਾਈਆਂ ਬਲਕਿ ਲਾਗੂ ਵੀ ਕੀਤੀਆਂ. ਉਸ ਵੇਲੇ ਦੇ ਚੋਟੀ ਦੇ ਲੀਡਰਾਂ ਸੀ੍ ਗਾਂਧੀ ਅਤੇ ਜਿਨਾਹ ਨਾਲੋ ਵੀ ਵੱਧ ਦਲੇਰੀ ਨਾਲ , ਦਲਿਤਾਂ ਅਤੇ ਦੇਸ਼ ਦੀ ਆਜ਼ਾਦੀ ਲਈ ਬਿ੍ਟਿਸ਼ ਸਾਮਰਾਜ ਦੀਆਂ ਨਾਕਾਮੀਆਂ ਨੂੰ ਨੰਗਾ ਕੀਤਾ. ਉਨਾਂ ਨੇ ਕਿਹਾ,” ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ,ਜਿਸ ਵਿਚ ਸੱਤਾ ਉਪਰ ਬਿਰਾਜਮਾਨ ਵਿਅਕਤੀ ਦੇਸ਼ ਦੇ ਹਿੱਤ ਵਿਚ ਪੂਰੀ ਇਮਾਨਦਾਰੀ ਨਾਲ ਕੰਮ ਕਰੇ. ਇਹ ਕੰਮ ਉਹੀ ਸਰਕਾਰ ਕਰ ਸਕਦੀ ਹੈ ਜਿਹੜੀ ਜਨਤਾ ਦੀ ਸਰਕਾਰ ਹੋਵੇ, ਜਨਤਾ ਲਈ ਹੋਵੇ ਅਤੇ ਜਨਤਾ ਦੁਆਰਾ ਚੁਣੀ ਗਈ ਹੋਵੇ. ਉਹ ਦਿਨ ਬੀਤ ਗਏ , ਜਦੋਂ ਤੁਸੀਂ ਜਿਹੋ ਜਿਹਾ ਵੀ ਫ਼ੈਸਲਾ ਲੈਂਦੇ ਸੀ, ਭਾਰਤ ਉਸਨੂੰ ਮੰਨ ਲੈਦਾ ਸੀ. ਹੁਣ ਉਹ ਸਮਾਂ ਕਦੇ ਵਾਪਸ ਨਹੀਂ ਆਵੇਗਾ.”
ਜਦੋਂ ਉਨਾਂ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ ਤਾਂ ਉਨਾਂ ਨੇ ਸਿਰਫ਼ 114 ਦਿਨਾਂ ਵਿਚ ਦੁਨੀਆਂ ਦਾ ਸੱਭ ਤੋਂ ਵੱਧ ਲਚਕਦਾਰ, ਸਾਂਤੀ ਅਤੇ ਯੁੱਧ ਦੋਹਾਂ ਸਮਿਆਂ ਵਿਚ ਦੇਸ਼ ਨੂੰ ਇਕਮੁੱਠ ਰੱਖਣ ਦੇ ਯੋਗ , ਪਾਸ ਕਰਵਾ ਦਿੱਤਾ ਜਿਸ ਦੀਆਂ 395 ਧਾਰਾਵਾਂ ਅਤੇ 8 ਸੂਚੀਆਂ ਸਨ. 296 ਮੈਂਬਰੀ ਸੰਵਿਧਾਨ ਸਭਾ ਵਿਚ ਕੁੱਲ 2473 ਸੰਸੋਧਨ ਪੇਸ਼ ਹੋਏ. ਇਹ ਡਾ. ਅੰਬੇਡਕਰ ਦੀ ਵਿੱਦਵਤਾ ਦਾ ਹੀ ਕਮਾਲ ਸੀ ਕਿ ਵਿਰੋਧੀਆਂ ਦੇ ਹਰ ਸਵਾਲ ਦਾ ਜੁਆਬ ਦਿੱਤਾ ਗਿਆ ਅਤੇ ਹਿੰਮਾਇਤੀਆਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਗਈਆਂ. ਦੇਸ਼ ਦੇ ਸੰਵਿਧਾਨ ਵਿਚ ਬਗੈਰ ਕਿਸੇ ਲਿੰਗ ਭੇਦ, ਰੰਗ, ਨਸਲ, ਜਾਤ, ਧਰਮ, ਇਲਾਕੇ ਅਤੇ ਭਾਸ਼ਾ ਨਾਲ ਵਿੱਤਕਰਾ ਕੀਤੇ ਬਿਨਾਂ ਸੱਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ. ਇਹੋ ਜਿਹਾ ਪ੍ਬੰਧ ਵੀ ਕੀਤਾ ਕਿ ਸੰਵਿਧਾਨ ਦੇ ਬੁਨਿਆਦੀ ਮੌਲਿਕ ਅਧਿਕਾਰਾਂ ਅਤੇ ਨਿਰਦੇਸ਼ਕ ਸਿਧਾਂਤਾਂ ਨੂੰ ਨਾ ਬਦਲਿਆ ਜਾ ਸਕੇ. ਸੰਵਿਧਾਨ ਦੀ ਸਰਵਉੱਚਤਾ ਅਤੇ ਸਮਾਜਵਾਦੀ ਰੂਪ ਰੇਖਾ ਨੂੰ ਕਾਇਮ ਰੱਖਦੇ ਹੋਏ, ਸੰਵਿਧਾਨ ਦੀ ਧਾਰਾ 38 ਤੋਂ ਲੈ ਕੇ 46 ਤੱਕ ਅਜਿਹੇ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰ ਦਾ ਮੁੱਖ ਉੇਦੇਸ਼ ਆਖਰੀ ਨਾਗਰਿਕ ਤੱਕ ਦੀ ਭਲਾਈ ਹੋਵੇ. ਸੰਵਿਧਾਨ ਸਭਾ ਵਿਚ 25 ਨਵੰਬਰ 1949 ਦੇ ਇਤਿਹਾਸਕ ਭਾਸ਼ਣ ਵਿਚ ਉਨਾਂ ਨੇ ਸੰਸਦੀ ਪ੍ਣਾਲੀ, ਲੋਕਤੰਤਰ ਅਤੇ ਸੰਵਿਧਾਨਕ ਢਾਂਚੇ ਨੂੰ ਬਣਾਈ ਰੱਖਣ ਲਈ ਆਉਣ ਵਾਲੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਦਾ ਜ਼ਿਕਰ ਕਰਦੇ ਹੋਏ , ਕੁੱਝ ਚੇਤਾਵਨੀਆਂ ਵੀ ਦਿੱਤੀਆਂ ਸਨ. ਉਨਾਂ ਨੇ ਸਰਕਾਰ ਨੂੰ ਕਿਹਾ ਸੀ,” 26 ਜਨਵਰੀ 1950 ਨੂੰ ਅਸੀਂ ਰਾਜਸੀ ਤੌਰ ਉੱਤੇ ਬਰਾਬਰ ਅਤੇ ਆਰਥਿਕ ਤੌਰ ਉੱਤੇ ਨਾਬਰਾਬਰ ਹੋਵਾਂਗੇ. ਜਿੱਨੀ ਛੇਤੀ ਹੋ ਸਕੇ , ਸਾਨੂੰ ਇਹ ਭਿੰਨ ਭੇਦ ਅਤੇ ਵਿੱਤਕਰਾ ਦੂਰ ਕਰਨਾ ਚਾਹੀਦਾ ਹੈ. ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਲੋਕ ਜੋ ਇਸ ਵਿੱਤਕਰੇ ਦਾ ਸ਼ਿਕਾਰ ਹਨ, ਰਾਜਸੀ ਲੋਕਤੰਤਰ ਦੇ ਢਾਂਚੇ ਨੂੰ ਖੇਰੂ ਖੇਰੂ ਕਰਦ ਦੇਣਗੇ ਜੋ ਇਸ ਸੰਵਿਧਾਨ ਸਭਾ ਨੇ ਇੰਨੀ ਮੇਹਨਤ ਨਾਲ ਬਣਾਇਆ ਹੈ. ” ਉਨਾਂ ਨੇ ਵਿੱਤਕਰੇ ਦੇ ਸ਼ਿਕਾਰ ਲੋਕਾਂ ਨੂੰ ਵੀ ਹਦਾਇਤ ਦਿੰਦੇ ਹੋਏ , ਕਿਹਾ ਹੈ,” ਜਦੋਂ ਸਮਾਜਿਕ ਅਤੇ ਆਰਥਿਕ ਉਦੇਸ਼ਾ ਦੀ ਪੂਰਤੀ ਲਈ ਸੰਵਿਧਾਨਕ ਰਸਤੇ ਨਹੀਂ ਸਨ, ਤਦ ਇਨਾਂ ਉਦੇਸ਼ਾਂ ਦੀ ਪੂਰਤੀ ਲਈ , ਅਸੰਵਿਧਾਨਕ ਤਰੀਕੇ ਅਪਨਾਉਣੇ , ਕੁੱਝ ਠੀਕ ਹੀ ਸਨ ਪਰ ਜਿੱਥੇ ਸੰਵਿਧਾਨਕ ਰਸਤੇ ਖੁੱਲੇ ਹੋਣ , ਉੱਥੇ ਅਸੰਵਿਧਾਨਕ ਤਰੀਕੇ ਅਪਨਾਉਣਾ ਜਰਾ ਵੀ ਠੀਕ ਨਹੀਂ .”
ਡਾ. ਅੰਬੇਡਕਰ ਹੌਲੀ ਹੌਲੀ ਸੁਧਾਰ ਨਹੀਂ , ਕਰਾਂਤੀਕਾਰੀ ਤਬਦੀਲੀਆਂ ਦੇ ਹਾਮੀ ਸਨ. ਉਹ ਚਾਹੁੰਦੇ ਸਨ ਕਿ ਦੇਸ਼ ਦਾ ਨਵ ਨਿਰਮਾਣ ਕੀਤਾ ਜਾਵੇ. ਉਹ ਲੋਕਾਂ ਦੀ ਆਜ਼ਾਦੀ ਅਤੇ ਬਰਾਬਰੀ ਦੇ ਕੱਟੜ ਹਮਾਇਤੀ ਸਨ.ਇਸ ਲਈ ਉਹ ਲੋਕਤੰਤਰ ਨੂੰ ਤਰਜ਼ੀਹ ਦਿੰਦੇ ਸਨ. ਉਨਾਂ ਕਿਹਾ ਸੀ ਕਿ ” ਮੇਰੀ ਰਾਏ ਵਿਚ ਲੋਕਤੰਤਰ , ਸਰਕਾਰ ਦਾ ਅਜਿਹਾ ਸਰੂਪ ਅਤੇ ਤਰੀਕਾ ਹੈ ਜਿਸ ਰਾਹੀਂ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿਚ , ਬਿਨਾਂ ਕਿਸੇ ਖੂਨ ਖਰਾਬੇ ਦੇ ਕਰਾਂਤੀਕਾਰੀ ਪਰੀਵਰਤਨ ਲਿਆਂਦਾ ਜਾ ਸਕਦਾ ਹੈ .”
ਉਨਾਂ ਨੇ ਜੀਵਨ ਭਰ , ਨਿੱਜੀ ਹਿੱਤਾਂ ਦੀ ਬਜਾਏ, ਦੇਸ਼ ਅਤੇ ਕੌਮ ਦੇ ਹਿੱਤਾਂ ਨੂੰ ਪਰਮੁੱਖਤਾ ਦਿੱਤੀ. ਉਨਾਂ ਨੇ ਆਪਣੇ ਦਿ੍ਸ਼ਟੀਕੋਣ ਬਾਰੇ ਸਪਸ਼ਟ ਅਤੇ ਬੇਖੌਫ਼ ਕਿਹਾ ਸੀ ਕਿ,” ਇਹ ਦਿ੍ਸ਼ਟੀਕੋਣ ਉਸ ਆਦਮੀ ਦੇ ਹਨ ,ਜੋ ਕਦੀ ਕਿਸੇ ਸ਼ਕਤੀ ਦਾ ਹੱਥ ਠੋਕਾ ਨਹੀਂ ਰਿਹਾ ਅਤੇ ਕਿਸੇ ਮਹਾਨਤਾ ਦਾ ਖੁਸ਼ਾਮਦੀ ਨਹੀਂ ਰਿਹਾ. ਇਹ ਦਿ੍ਸ਼ਟੀਕੋਣ ਇਕ ਅਜਿਹੇ ਆਦਮੀ ਦੇ ਹਨ , ਜਿਸਦੀ ਲਗਭਗ ਸਾਰੀ ਜਨਤਕ ਕੋਸ਼ਿਸ ਗਰੀਬਾਂ ਅਤੇ ਮਜ਼ਲੂਮਾਂ ਦੀ ਆਜ਼ਾਦੀ ਲਈ ਇਕ ਲਗਾਤਾਰ ਸੰਘਰਸ਼ ਰਹੀ ਹੈ. ਮੇਰਾਸਾਰਾ ਜਨਤਕ ਜੀਵਨ , ਇਸ ਸ਼ੋਹਰਤ ਉੱਤੇ ਉਸਰਿਆ ਹੋਇਆ ਹੈ ਕਿ ਮੈਂ ਇਕ ਸਦਾਚਾਰੀ ਅਤੇ ਉੱਚ ਇਖਲਾਕ ਵਾਲਾ ਪੁਰਸ਼ ਹਾਂ . ਜੇਕਰ ਮੇਰੇ ਵੈਰੀ ਮੈਥੋਂ ਡਰਦੇ ਹਨ ਤਾਂ ਇਸ ਉੱਚੇ ਚਾਲ ਚੱਲਣ ਕਰਕੇ ਹੀ ਉਹ ਭੈਅ ਖਾਂਦੇ ਹਨ. ਮੈਂ ਇਕ ਚਟਾਨ ਦੀ ਤਰਾਂ ਹਾਂ…ਮੈਂ ਬੇਇਨਸਾਫ਼ੀ , ਜ਼ੁਲਮ ਜਬਰ ,ਝੂਠੀ ਸ਼ਾਨੋ ਸ਼ੌਕਤ ਅਤੇ ਛਲ ਕਪਟ ਨੂੰ ਨਫ਼ਰਤ ਕਰਦਾ ਹਾਂ ਅਤੇ ਮੇਰੀ ਨਫ਼ਰਤ ਦੀ ਲਪੇਟ ਵਿਚ ਉਹ ਸਾਰੈ ਲੋਕ ਆ ਜਾਂਦੇ ਹਨ ,ਜੋ ਇਨਾਂ ਭੈੜਾਂ ਵਿਚ ਰੁੱਝੇ ਹੋਏ ਹਨ.”
ਬਾਬਾ ਸਾਹਿਬ ਅੰਬੇਡਕਰ , ਬਾਹਰੋ ਜਿੱਨੇ ਕਠੋਰ ਦਿਖਦੇ ਸਨ, ਅੰਦਰੋ ਉੱਨੇ ਹੀ ਨਰਮ ਸਨ. ਉਹ ਕਿਹਾ ਕਰਦੇ ਸਨ ਕਿ ,” ਮੈਂ ਇਕ ਕਰੜਾ ਪੁਰਸ਼ ਹਾਂ . ਆਮ ਤੌਰ ਤੇ ਪਾਣੀ ਦੀ ਤਰਾਂ ਸ਼ਾਂਤ ਅਤੇ ਘਾਹ ਦੀ ਤਰਾਂ ਨਰਮ ਹਾਂ . ਜਦ ਮੈਂ ਗੁੱਸੇ ਵਿਚ ਹੋਵਾਂ, ਉਦੋਂ ਮੈਂਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ. ਮੈਂ ਚੁੱਪ ਰਹਿਣ ਵਾਲਾ ਪੁਰਸ਼ ਹਾਂ . ਮੈਂ ਮੰਨਮਤੀਆ ਜਿਹਾ ਪੁਰਸ਼ ਹਾਂ . ਕਦੀ ਮੈਂ ਇਕ ਸ਼ਬਦ ਵੀ ਨਹੀਂ ਬੋਲਦਾ. ਕਦੀ ਕਦਾਈ ਮੈਂ ਬਹੁਤ ਗੰਭੀਰ ਹੁੰਦਾ ਹਾਂ . ਕਦੀ ਮੈਂ ਅਨੰਦ ਭਰਪੂਰ ਹੁੰਦਾ ਹਾਂ .ਮੈਂ ਕੋੰਈ ਵਿੰਅਗੀ ਪੁਰਸ਼ ਨਹੀਂ ਹਾਂ.ਜੀਵਨ ਮੌਜਾਂ ਮੈਂਨੂੰ ਨਹੀਂ ਭਾਉਂਦੀਆਂ. ਮੇਰੇ ਮਿੱਤਰਾਂ ਤੇ ਸਾਥੀਆਂ ਨੂੰ ਪਰਤੀਤ ਹੁੰਦਾ ਹੈ ਕਿ ਮੇਰਾ ਸੁਭਾਅ ਕਾਵਿਮਈ (Romantic) ਯਾਨੀ ਮਿੱਠਾ ਨਹੀਂ ਹੈ. ਮੈਂ ਵੀ ਅਜਿਹਾ ਸਮਝਦਾ ਹਾਂ ਕਿ ਮੇਰਾ ਸੁਭਾਅ ਜਾਂ ਮੇਰੀ ਵਿਰਤੀ ਕਾਵਿਮਈ ਨਹੀਂ . ਪਰ ਕੀ , ਮੇਰੇ ਜੀਵਨ ਦੀ ਹਰੇਕ ਘਟਨਾ ਯਾਨੀ ਮੇਰਾ ਸੰਪੂਰਨ ਜੀਵਨ , ਇਕ ਅਪੂਰਣ ਅਤੇ ਪਰਚੰਡਵਾਰ ਨਹੀਂ ਬਣਿਆ ਰਿਹਾ ? ਕੀ ਕਿਸੇ ਨੇ ਇਹ ਕਲਪਨਾ ਵੀ ਕੀਤੀ ਕਿ ਭਾਰਤ ਦੇ ਇਕ ਅਛੂਤ , ਮਹਾਰ ਦਾ ਪੁੱਤਰ , ਗੋਲਮੇਜ਼ ਕਾਨਫ਼ਰੰਸ ਵਿਚ ਮਹੱਤਵਪੂਰਨ ਭਾਗ ਲਵੇਗਾ? ਕਿਸੇ ਵੀ ਕਲਪਨਾ ਸ਼ਕਤੀ ਦੀ ਉਡਾਰੀ , ਕੀ ਇੱਥੋ ਤੱਕ ਅਪੜ ਸਕੀ. ਉਹ ਮਹਿਸੂਸ ਨਹੀਂ ਕਰ ਸਕਿਆ . ਅਜਿਹੀ ਘਟਨਾ ਦਾ ਵਾਪਰ ਜਾਣਾ, ਕੀ ਕਾਵਿਮਈ ਅਤੇ ਚਮਤਕਾਰੀ ਨਹੀਂ ?”.
ਡਾ. ਅੰਬੇਡਕਰ, ਇਕ ਬਹੁਪੱਖੀ ਨਾਇਕ ਸਨ. ਉਨਾਂ ਦੀਆਂ ਸੇਵਾਵਾਂ ਦੀ ਦੇਸ਼ ਵਿਦੇਸ਼ ਵਿਚ ਪਰਸੰਸਾ ਕੀਤੀ ਜਾਂਦੀ ਹੈ. ਗਾਂਧੀ ਜੀ ਨੇ ਡਾ. ਅੰਬੇਡਕਰ ਨੂੰ ” ਸੱਚਾ ਦੇਸ਼ ਭਗਤ ” ਕਿਹਾ. ਪੰਡਿਤ ਜਵਾਹਰ ਲਾਲ ਨਹਿਰੂ ਨੇ ” ਵਿਦਰੋਹ ਦਾ ਚਿੰਨ ” ਅਤੇ ਇੰਦਰਾ ਗਾਂਧੀ ਨੇ ,ਉਨਾਂ ਨੂੰ ” ਅਧੁਨਿਕ ਮਨੂੰ ” ਕਿਹਾ. ਬਰਵੇ ਨਿਕਲਸ ਨੇ ” ਭਾਰਤ ਦੇ ਛੇ ਅਤਿ ਉਤਮ ਦਿਮਾਗਾਂ ਵਿਚੋ ਇਕ ” ਕਿਹਾ. ਡਾ. ਰਾਮ ਮਨੋਹਰ ਲੋਹਿਆ ਨੇ ਇਕ ਮਹਾਨ ” ਸਮਾਜਵਾਦੀ ਅਤੇ ਲੋਕਤੰਤਰਿਕ ਵਿਅੱਕਤੀ ” ਕਿਹਾ. ਬਾਬੂ ਜਗਜੀਵਨ ਰਾਮ ਨੇ ਕਿਹਾ ਕਿ ਡਾ. ਅੰਬੇਡਕਰ ਨੇ ਭਾਰਤ ਦੀ ਮਹਾਨ ਸੇਵਾ ਕੀਤੀ ਹੈ. ਉਨਾਂ ਦਾ ਨਾਂ ਭਾਰਤ ਦੇ ਇਤਿਹਾਸ ਵਿਚ ਸੁਨੈਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ “. ਕਿਸੇ ਨੇ ਉਨਾਂ ਨੂੰ ” ਭਾਰਤ ਦਾ ਲਿੰਕਨ ” ਕਿਹਾ.ਬਰਮਾ ਦੇ ਪ੍ਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਇਕ ਮਹਾਨ ਸ਼ਖਸ਼ੀਅਤ ਸਨ. ਸੀ੍ ਲੰਕਾ ਦੇ ਲੰਡਨ ਹਾਈਕਮਿਸ਼ਨ ਡਾ. ਜੀ ਪੀ ਮਲਾਲਸ਼ੇਕਰਾ ਨੇ ਕਿਹਾ ਕਿ ਵੈਸੇ ਤਾਂ ਭਾਰਤ ਵਿਚ ਕਈ ਮਹਾਂਪੁਰਸ਼ ਪੈਂਦਾ ਹੋਏ ਹਨ. ਭਗਵਾਨ ਬੁੱਧ ਤੋਂ ਬਾਅਦ , ਭਾਰਤ ਦੀ ਧਰਤੀ ਨੇ ਜੇਕਰ ਕੋਈ ਮਹਾਂਮਾਨਵ ਪੈਂਦਾ ਕੀਤਾ ਹੈ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਹਨ. ਨੋਬਲ ਪੁਰਸਕਾਰ ਵਿਜੇਤਾ , ਮਹਾਨ ਅਰਥ ਸ਼ਾਸਤਰੀ ਸੀ੍ ਅੰਮਿ੍ਤਿਯਾ ਸੇਨ ਨੇ ਕਿਹਾ ਹੈ ਕਿ ਡਾ. ਅੰਬੇਡਕਰ ਅਰਥ ਸ਼ਾਸਤਰ ਵਿਚ ਮੇਰੇ ਗੁਰੂ ਹਨ. ਬਰਾਕ ਉਬਾਮਾ ਨੇ ਡਾ. ਅੰਬੇਡਕਰ ਨੂੰ ” ਸਿੰਬਲ ਆਫ਼ ਨੌਲਜ਼ ” ਕਿਹਾ. ਅਜਿਹੇ ਹੋਰ ਅਨੇਕਾਂ ਬੁੱਧੀਜੀਵੀ ਹਨ, ਜਿੰਨਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਪਰਸੰਸਾ ਕੀਤੀ ਹੈ, ਖੂਬ ਪਰਸੰਸਾ ਕੀਤੀ ਹੈ.
ਅੱਜ , ਬਾਬਾ ਸਾਹਿਬ ਦੀ ਪਰਸਿੱਧੀ, ਦਿਨ ਦੂਣੀ ਰਾਤ ਚੌਗਣੀ, ਰਫ਼ਤਾਰ ਨਾਲ ਵੱਧ ਰਹੀ ਹੈ. ਦਲਿਤਾਂ ਦੇ ਉਹ ਮਸੀਹਾ ਸਨ. ਅੌਰਤਾਂ ਦੇ ਹੱਕਾਂ ਲਈ ਲੜਨ ਵਾਲੇ ਯੋਧਾ ਸਨ. ਭਾਰਤੀ ਲੋਕਾਂ ਦੇ ਬਾਬਾ ਸਾਹਿਬ , ਭਾਰਤ ਰਤਨ ਤੋਂ ਵਿਸ਼ਵ ਰਤਨ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਨ. ਭਾਰਤ ਦੀ ਆਜ਼ਾਦੀ ਤੋਂ ਬਾਅਦ ” ਸੱਭ ਤੋਂ ਵੱਧ ਹਰਮਨ ਪਿਆਰੇ ” ਨੇਤਾ ਬਣ ਚੁੱਕੇ ਹਨ. ਵਿਸ਼ਵ ਪੱਧਰ ਦਾ , ਉਨਾਂ ਨੂੰ ” ਅੱਬਲ ਦਰਜੇ ” ਦਾ ਸਕਾਲਰ ਐਲਾਨਿਆ ਗਿਆ ਹੈ. ਯੂ. ਅੈਨ. ਓ. ਅਤੇ ਦੁਨੀਆ ਭਰ ਦੇ ਹਾਈ ਕਮਿਸ਼ਨਾਂ ਸਮੇਤ ਵਿਸ਼ਵ ਭਰ ਵਿਚ ਉਨਾਂ ਦਾ ਜਨਮ ਦਿਵਸ ਮਨਾਇਆ ਜਾਣ ਲੱਗ ਪਿਆ ਹੈ. ਦੁਨੀਆ ਭਰ ਵਿਚ ਉਨਾਂ ਦੀਆਂ ਤਸਵੀਰਾਂ ਅਤੇ ਬੁੱਤ ਲਗਾਏ ਜਾ ਰਹੇ ਹਨ. ਕਨੇਡਾ ਦੇ ਸ਼ਹਿਰ ਬਰਨਵੇ ਵਲੋਂ 14 ਅਪਰੈਲ 2020 ਨੂੰ ” ਬਰਾਬਰਤਾ ਦਿਵਸ ” ਵਜੋਂ ਮਨਾਇਆ ਜਾ ਰਿਹਾ ਹੈ. ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਯੂ. ਐਨ .ਓ. ਵਿਚ ਹਰ ਸਾਲ 14 ਅਪਰੈਲ ਨੂੰ ਉਨਾਂ ਦਾ ਜਨਮ ਦਿਵਸ ” ਅੰਤਰ ਰਾਸ਼ਟਰੀ ਬਰਾਬਰਤਾ ਦਿਵਸ ” ਵਜੋੰਂ ਮਨਾਇਆ ਜਾਵੇ. ਅੱਜ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਉਨਾਂ ਉਪਰ ਖੋਜਾਂ ਹੋ ਰਹੀਆਂ ਹਨ. ਡਾ. ਅੰਬੇਡਕਰ ਦੁਨੀਆ ਲਈ ” ਰੋਲ ਮਾਡਲ” ਬਣਦੇ ਜਾ ਰਹੇ ਹਨ. ਅਜਿਹਾ ਕਿਉਂ ਹੈ ? ਮੇਰਾ ਖਿਆਲ ਹੈ ਕਿ ਡਾ. ਅੰਬੇਡਕਰ ਨੇ ਮਾਨਵਤਾਵਾਦੀ ਕਦਰਾਂ ਕੀਮਤਾਂ ਮੁੱਖ ਰੱਖਦੇ ਹੋਏ, ਲੋਕਤੰਤਰਿਕ ਪਰਣਾਲੀ ਰਾਹੀਂ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ” ਸ਼ਾਤਮਈ ਮੱਧਯਮ ਮਾਰਗ ” ਜਿਹਾ ਸਰਵ ਕਲਿਆਣਕਾਰੀ ਮਾਡਲ ਪੇਸ਼ ਕੀਤਾ ਹੈ, ਜੋ ਫ਼ਰਾਂਸ, ਰੂਸ ਅਤੇ ਚੀਨ ਵਰਗੇ ਕਈ ਹੋਰ ਮੁਲਕਾਂ ਵਿਚ ਆਏ ਖੂਨੀ ਇਨਕਲਾਬਾਂ ਦਾ ਬਦਲ ਹੋ ਸਕਦਾ ਹੈ.
ਡਾ. ਅੰਬੇਡਕਰ ਨੇ ਮਈ 1956 ਨੂੰ ਬੀ.ਬੀ.ਸੀ. ਤੋੰਂ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ,” ਮਾਰਕਸਵਾਦ ਅਤੇ ਕਮਿਊਨਿਜ਼ਮ ਨੇ ਸਾਰੀ ਦੁਨੀਆ ਦੀਆਂ ਧਾਰਮਿਕ ਪਰਣਾਲੀਆਂ ਨੂੰ ਹਲੂਣ ਦਿੱਤਾ ਹੈ. ਬੁੱਧ ਧੱਮ ਹੀ ਮਾਰਕਸ ਅਤੇ ਕਮਿਊਨਿਜ਼ਮ ਦਾ ਢੁਕਵਾਂ ਜਵਾਬ ਹੋ ਸਕਦਾ ਹੈ. ਕਮਿਊਨਿਜ਼ਮ ਖੂਨੀ ਇਨਕਲਾਬ ਲਿਆਉਣਾ ਚਾਹੁੰਦਾ ਹੈ ਜਦਕਿ ਬੋਧੀਆਂ ਦਾ ਕਮਿਊਨਿਜ਼ਮ ਬਿਨਾਂ ਖੂਨ ਬਹਾਏ ਇੰਨਕਲਾਬ ਲਿਆਉਦਾ ਹੈ ” ਇਹੋ ਜਿਹੇ ਵਿਚਾਰ ਹੀ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਾਠਮੰਡੂ ਵਿਖੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਜਾਹਿਰ ਕੀਤੇ ਸਨ.
ਬਾਬਾ ਸਾਹਿਬ ਨੇ ਆਪਣੇ ਦਰਸ਼ਨ ਬਾਰੇ ਕਿਹਾ ਸੀ ਕਿ, ” ਮੇਰਾ ਸਮਾਜ ਦਰਸ਼ਨ ਤਿੰਨ ਸ਼ਬਦਾਂ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਉਪਰ ਅਾਧਾਰਿਤ ਹੈ. ਕਿਸੇ ਵਿਅੱਕਤੀ ਨੂੰ ਇਸ ਗੱਲ ਦੀ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਮੈਂ ਇਹ ਦਰਸ਼ਨ ਫਰਾਂਸ ਦੀ ਕਰਾਂਤੀ ਤੋਂ ਲਿਆ ਹੈ. ਮੈਂ ਅਜਿਹਾ ਨਹੀਂ ਕੀਤਾ.ਮੇਰੇ ਦਰਸ਼ਨ ਦੀ ਜੜ ਧੱਮ ਵਿਚ ਹੈ ਨਾ ਕਿ ਰਾਜਨੀਤੀ ਵਿਗਿਆਨ ਵਿਚ. ਮੈਂ ਇਹ ਦਰਸ਼ਨ ਆਪਣੇ ਗੁਰੂ ਬੁੱਧ ਦੀਆਂ ਸਿੱਖਿਆਵਾਂ ਤੋਂ ਲਿਆ ਹੈ. ਅੱਜ ਦੁਨੀਆ ਤਰਾਂ ਤਰਾਂ ਦੇ ਪਰਮਾਣੂ ਹਥਿਆਰਾਂ , ਬਾਇਓਲਾਜੀਕਲ ਹਥਿਆਰਾਂ ਦੇ ਜਵਾਲਾਮੁਖੀ ਉਪਰ ਬੈਠੀ ਹੋਈ ਹੈ.ਸਿਰਫ਼ ਇੱਕੋ ਚਿੰਗਾਰੀ ਜਾਂ ਗਲਤ ਕਦਮ , ਦੁਨੀਆ ਨੂੰ ਤਬਾਹ ਕਰ ਸਕਦਾ ਹੈ. ਇਹੋ ਜਿਹੀ ਸੂਰਤੇ ਹਾਲ ਵਿਚ ਕਿਸੇ ਅਜਿਹੇ ਮਹਾਂਪੁਰਸ਼ ਦੀ ਅਗਵਾਈ ਦੀ ਲੋੜ ਹੁੰਦੀ ਹੈ ਜੋ ਜਮਾਨੇ ਦਾ ਉਧਾਰ ਕਰ ਸਕੇ. ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਹੋ ਜਿਹੀ ਅਗਵਾਈ ਦੀ ਯੋਗਤਾ ਰੱਖਦੇ ਹਨ.
ਬਾਬਾ ਸਾਹਿਬ ਡਾ. ਅੰਬੇਡਕਰ ਇਕ ਅਮਨਪਸੰਦ ਕਰਾਂਤੀਕਾਰੀ ਸਨ. ਇਹੋ ਜਿਹੇ ਮਹਾਂਪੁਰਸ਼ ਰੋਜ ਰੋਜ ਪੈਂਦਾ ਨਹੀਂ ਹੁੰਦੇ . ਹਜ਼ਾਰਾਂ ਸਾਲ ਲੰਘ ਜਾਂਦੇ ਹਨ ਇਹੋ ਜਿਹੀ ਸ਼ਖਸ਼ੀਅਤ ਪੈਂਦਾ ਹੋਣ ਲਈ. ਉਰਦੂ ਦੇ ਮਹਾਨ ਸ਼ਾਇਰ ਡਾ. ਇਕਬਾਲ ਨੇ ਕਿੱਨਾ ਸੱਚ ਕਿਹਾ ਹੈ :
ਹਜ਼ਾਰੋ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ |
….. ਹਰਮੇਸ਼ ਜੱਸਲ
(+91 94644 83080)