(ਸਮਾਜ ਵੀਕਲੀ)
ਯਾਰੋ ਇੱਥੇ ਤਾਂ ਬਣੇ ਇਹ ਹਾਲਾਤ ਨੇ
ਭੁੱਲੇ ਆਪਣੇ ਲੋਕ , ਭੁੱਲੇ ਜਮਾਤ ਨੇ
ਤਨ-ਮਨ ਵੀ ਗੈਰ ਹੋਇਆ
ਬੱਸ ਡਾਲਰ ਨਾਲ ਹੋਇਆ ਆਤਮਸਾਤ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਯਾਰੋ ਇੱਥੇ ਸੱਭ ਕੁੱਝ ਰੁਲਿਆ
ਸਭਨਾਂ ਨੂੰ ਆਪਣਾ ਆਪਾ ਭੁੱਲਿਆ
ਚੱਤੋ ਪਹਿਰ ਦੌੜ-ਭੱਜਦਾ
ਕਿਹਾ ਲੱਗਿਆ ਜਿੰਦ ਨੂੰ ਸਰਾਪ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਹੋਣਹਾਰ ਧੀਆਂ-ਪੁੱਤ ਵਾਹੋਦਾਹੀ ਆਉਂਦੇ ਨੇ
ਰੋਟੀ-ਰੋਜ਼ੀ ਲਈ ਬੂਹੇ ਤੇ ਬੂਹਾ ਖੜਕਾਉਂਦੇ ਨੇ
ਰੁਲ ਰਹੀਆਂ ਸੋਹਲ ਸੱਧਰਾਂ
ਬਾਲ-ਵਰੇਸ ਸੁਫਨਿਆਂ ਦੀ ਉੱਡ ਰਹੀ ਖ਼ਾਕ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਭਾਵੇਂ ਸ਼ਾਮ ਐ ਭਾਵੇਂ ਸਵੇਰ ਐ
ਜਿੰਦ ਬਣੀ ਮੁਸ਼ੱਕਤ ਦਾ ਕੋਹਲੂ-ਗੇੜ ਐ
ਸੱਭ ਫੁਰਸਤ ਲਈ ਤਰਸਦੇ
ਹੰਢਾ ਰਹੇ ਡਾਲਰ ਦਾ ਪ੍ਰਤਾਪ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਕੁੱਝ ਆਪਣਿਆਂ ਗਲ ਵੀ ਛੁਰੀ ਚਲਾਉਂਦੇ ਨੇ
ਠੱਗੀ-ਠੋਰੀ ਕਰਕੇ ਲਾਟ ਕਹਾਉਂਦੇ ਨੇ
ਰਿਸ਼ਤਿਆਂ ਦਾ ਵਰਕਾ ਪਾੜਿਆ
ਐਸਾ ਡਾਲਰ ਦਾ ਚੜ੍ਹਿਆ ਤਾਪ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਇੱਥੇ ਲਿਆਕਤ ਵੀ ਡੰਡੌਤ ਕਰਦੀ ਐ
ਡਾਲਰ ਦਾ ਪਾਣੀ ਭਰਦੀ ਐ
ਸੱਭ ਕੁੱਝ ਦਾ ਡਾਲਰ ਪੈਮਾਨਾ ਐ
ਡਾਲਰ ਹੀ ਪੁੰਨ , ਡਾਲਰ ਹੀ ਪਾਪ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਧਰਤ ਬੇਗਾਨੀ ‘ਤੇ ਜਵਾਨੀ ਰੁੜ੍ਹੀ ਫਿਰਦੀ ਐ
ਪੰਜ ਪਾਣੀਆਂ ਦੀ ਤਕਦੀਰ ਰੁਲੀ ਫਿਰਦੀ ਐ
ਉੱਥੇ ਬੂਹਿਆਂ ਨੂੰ ਵੱਜ ਰਹੇ ਜੰਦਰੇ
ਗਲੀਆਂ ‘ਚ ਦਹਾੜ ਰਿਹਾ ਵਿਨਾਸ਼ ਐ
ਇੱਥੇ ਕੋਈ ਕਿਸੇ ਦਾ ਸਕਾ ਨਹੀਂ
ਬੱਸ ਡਾਲਰ ਹੀ ਮਾਈ-ਬਾਪ ਐ
ਗੁਰਤੇਜ ਸਿੰਘ ਖੋਖਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly