ਮੁੰਬਈ (ਸਮਾਜ ਵੀਕਲੀ) :ਮਹਾਰਾਸ਼ਟਰ ਸਰਕਾਰ ਨੇ ਮੁੰਬਈ ਪੁਲੀਸ ਨੂੰ ਹੁਕਮ ਦਿੱਤੇ ਹਨ ਕਿ ਉਹ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਪਾਬੰਦੀਸ਼ੁਦਾ ਡਰੱਗਜ਼ ਦੀ ਵਰਤੋਂ ਸਬੰਧੀ ਲੱਗੇ ਦੋਸ਼ਾਂ ਦੀ ਜਾਂਚ ਕਰੇ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਟੀ ਪੁਲੀਸ ਨੂੰ ਇਸ ਸਬੰਧੀ ਗ੍ਰਹਿ ਵਿਭਾਗ ਤੋਂ ਚਿੱਠੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮੁੰਬਈ ਪੁਲੀਸ ਅਦਾਕਾਰ ਅਧਿਐਨ ਸੁਮਨ ਵੱਲੋਂ ਲਾਏ ਉਨ੍ਹਾਂ ਦੋਸ਼ਾਂ ਦੀ ਜਾਂਚ ਕਰੇ, ਜਿਸ ਮੁਤਾਬਕ ਰਣੌਤ ਨੇ ਡਰੱਗਜ਼ ਦੀ ਵਰਤੋਂ ਕੀਤੀ ਸੀ।
ਨਵੀਂ ਦਿੱਲੀ: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦਾ ਪੱਖ ਪੂਰਦਿਆਂ ਕਿਹਾ ਕਿ ਇਸ ਦਾ ਕੰਗਨਾ ਰਣੌਤ ਦੇ ਦਫ਼ਤਰ ਦਾ ਕਥਿਤ ਗੈਰਕਾਨੂੰਨੀ ਹਿੱਸਾ ਢਾਹੁਣ ਸਬੰਧੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੈ ਤੇ ਇਹ ਫ਼ੈਸਲਾ ਬੀਐੱਮਸੀ ਵੱਲੋਂ ਲਿਆ ਗਿਆ ਸੀ। ਉਨ੍ਹਾਂ ਇਸ ਹਫ਼ਤੇ ਸੁਪਰੀਮ ਕੋਰਟ ਵੱਲੋਂ ਸਿੱਖਿਆ ਤੇ ਨੌਕਰੀਆਂ ਵਿੱਚ ਮਰਾਠਾ ਫ਼ਿਰਕੇ ਦੇ ਲੋਕਾਂ ਨੂੰ ਰਾਖਵਾਂਕਰਨ ਦੇਣ ਸਬੰਧੀ 2018 ਦੇ ਇੱਕ ਸੂਬਾਈ ਕਾਨੂੰਨ ’ਤੇ ਲਾਈ ਰੋਕ ਦੇ ਮੱਦੇਨਜ਼ਰ ਇੱਕ ਆਰਡੀਨੈਂਸ ਲੈ ਕੇ ਆਉਣ ਸਬੰਧੀ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਮਰਾਠਾ ਫ਼ਿਰਕੇ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਘੱਟ ਕਰਨ ’ਚ ਵੀ ਮਦਦ ਮਿਲੇਗੀ ਜੋ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ।