ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਵੱਖ ਵੱਖ ਵਿਭਾਗਾਂ, ਸੁਸਾਇਟੀਆਂ, ਪ੍ਰੋਜੈਕਟਾਂ ਰਾਹੀਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ, ਭੱਤਿਆਂ, ਪੈਨਸ਼ਨਰਾਂ ਦਾ ਲਾਭ ਦਿੰਦਿਆਂ ਪਿੱਤਰੀ ਵਿਭਾਗਾਂ ਵਿੱਚ ਪੱਕੇ ਕੀਤਾ ਜਾਵੇ।
ਸਿਰਾਂ ’ਤੇ ਪੀਲੇ ਪਟਕੇ ਬੰਨ੍ਹ ਕੇ ਪਹੁੰਚੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਆਗੂਆਂ ਕੁਲਦੀਪ ਸਿੰਘ ਬੁੱਢੇਵਾਲ, ਰੇਸ਼ਮ ਸਿੰਘ ਗਿੱਲ, ਬਲਿਹਾਰ ਸਿੰਘ, ਵਰਿੰਦਰ ਸਿੰਘ ਬਠਿੰਡਾ, ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲਹਿਰਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਪਿੱਛੇ ਹਟਦਿਆਂ ਵੱਖ ਵੱਖ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਦਾ ਲਾਭ ਦਿੰਦਿਆਂ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਵਿਚ ਰੈਗੂਲਰ ਕਰਨ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਸੰਘਰਸ਼ ਤੋਂ ਬਾਅਦ ਪਿਛਲੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਵੀ ਮੌਜੂਦਾ ਸਰਕਾਰ ਲਾਗੂ ਕਰਨ ਤੋਂ ਭੱਜ ਰਹੀ ਹੈ। ਨਵੀਆਂ ਨੌਕਰੀਆਂ ਦੇਣ ਦੀ ਥਾਂ ਪਹਿਲਾਂ ਹੀ ਵੱਖ ਵੱਖ ਵਿਭਾਗਾਂ ’ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਬਰੀ ਛਾਂਟੀਆਂ, ਬਦਲੀਆਂ ਤੇ ਮੁਅੱਤਲੀਆਂ ਕਰਕੇ ਸਰਕਾਰ ਨੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਜਿਸ ਨੂੰ ਮੁਲਾਜ਼ਮ ਕਿਸੇ ਵੀ ਰੂਪ ’ਚ ਬਰਦਾਸ਼ਤ ਨਹੀਂ ਕਰਨਗੇ।
ਆਗੂਆਂ ਨੇ ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਕਰਨ, 2016 ’ਚ ਬਣੇ ਐਕਟ ’ਚ ਰਹਿੰਦੀਆਂ ਸ਼੍ਰੇਣੀਆਂ ਨੂੰ ਸ਼ਾਮਿਲ ਕਰਨ, ਬਰਾਬਰ ਕੰਮ-ਬਰਾਬਰ ਤਨਖਾਹ ਲਾਗੂ ਕਰਨ ਆਦਿ ਦੀ ਮੰਗ ਕੀਤੀ। ਰੈਲੀ ਦੌਰਾਨ ਸੇਵਕ ਸਿੰਘ, ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਮੋਮੀ, ਦੀਦਾਰ ਸਿੰਘ ਮੁੱਦਕੀ, ਜਸਪ੍ਰੀਤ ਗਗਨ, ਅਮਰੀਕ ਸਿੰਘ ਮਹਿਰਾਜ, ਭਗਤ ਸਿੰਘ ਭਗਤਾ, ਰਾਕੇਸ਼ ਕੁਮਾਰ, ਬੱਗਾ ਸਿੰਘ, ਜਸਵੀਰ ਭੰਗੂ, ਜਗਜੀਤ ਸਿੰਘ, ਰਾਜਵੀਰ ਸਿੰਘ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਵੱਡੀ ਗਿਣਤੀ ’ਚ ਨੁਮਾਇੰਦੇ ਹਾਜ਼ਰ ਸਨ। ਇਨ੍ਹਾਂ ਅਧਿਆਪਕਾਂ ਵੱਲੋਂ ਰੋਸ ਰੈਲੀ ਤੋਂ ਬਾਅਦ ਡੀਸੀ ਦਫਤਰ ਤੋਂ ਭਾਰਤ ਨਗਰ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ ਜਾਣਾ ਸੀ ਜੋ ਤਹਿਸੀਲਦਾਰ ਲੁਧਿਆਣਾ ਪੱਛਮੀ ਅਜੀਤਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਰੱਦ ਕਰ ਦਿੱਤੀ ਗਈ।
INDIA ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਸੂਬਾ ਪੱਧਰੀ ਰੈਲੀ