ਚੰਡੀਗੜ੍ਹ (ਸਮਾਜਵੀਕਲੀ) : ਯੂਟੀ ਦੇ ਸਕੂਲਾਂ ਵਿਚ ਪੜ੍ਹਾਉਂਦੇ ਕੰਪਿਊਟਰ ਅਧਿਆਪਕਾਂ ਨੂੰ ਠੇਕੇਦਾਰ ਨੇ ਠੇਕਾ ਨਵਿਆਉਣ ਲਈ 12 ਹਜ਼ਾਰ ਰੁਪਏ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਇਹ ਰਕਮ ਨਾ ਦੇਣ ਦੀ ਸੂਰਤ ਵਿਚ ਸੀਨੀਅਰ ਤੇ ਜੂਨੀਅਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਦਿੱਤੀ ਹੈ ਪਰ ਅਧਿਆਪਕਾਂ ਨੇ ਇਹ ਰਕਮ ਦੇਣ ਤੋਂ ਅਸਮਰੱਥਤਾ ਪ੍ਰਗਟਾਈ ਹੈ। ਦੂਜੇ ਪਾਸੇ ੇਅਧਿਕਾਰੀਆਂ ਨੇ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਵੇਲੇ ਸਰਕਾਰੀ ਸਕੂਲਾਂ ਵਿਚ 130 ਦੇ ਕਰੀਬ ਕੰਪਿਊਟਰ ਅਧਿਆਪਕ ਡੀਸੀ ਰੇਟਾਂ ‘ਤੇ ਪੜ੍ਹਾ ਰਹੇ ਹਨ ਤੇ ਜੂਨੀਅਰ ਕੰਪਿਊਟਰ ਅਧਿਆਪਕਾਂ ਨੂੰ 26000 ਤੇ ਸੀਨੀਅਰ ਕੰਪਿਊਟਰ ਅਧਿਆਪਕਾਂ ਨੂੰ 30000 ਰੁਪਏ ਪ੍ਰਤੀ ਮਹੀਨਾ ਮਿਲ ਰਹੇ ਹਨ। ਇਨ੍ਹਾਂ ਅਧਿਆਪਕਾਂ ਦਾ ਠੇਕਾ ਪੰਚਕੂਲਾ ਦੇ ਆਰ ਆਰ ਇੰਟਰਪ੍ਰਾਈਜ਼ਿਜ਼ ਨੂੰ ਮਿਲਿਆ ਹੈ। ਇਸ ਕੰਪਨੀ ਦੇ ਠੇਕੇਦਾਰ ਨੇ ਅਧਿਆਪਕਾਂ ਨੂੰ ਕਹਿ ਦਿੱਤਾ ਹੈ ਕਿ ਜੇ 12000 ਰੁਪਏ ਵਿਚ ਰਜਿਸਟਰੇਸ਼ਨ ਨਹੀਂ ਕਰਵਾਈ ਤਾਂ ਉਹ 1 ਜੁਲਾਈ ਤੋਂ ਸਕੂਲ ਨਾ ਆਉਣ।
ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਅਧਿਆਪਕ 15-15 ਸਾਲਾਂ ਤੋਂ ਕੰਮ ਕਰ ਰਹੇ ਹਨ। ਜੇ ਉਨ੍ਹਾਂ ਦਾ ਠੇਕਾ ਨਵਿਆਇਆ ਨਹੀਂ ਗਿਆ ਤਾਂ ਉਹ ਸੜਕਾਂ ‘ਤੇ ਆ ਜਾਣਗੇ ਸ੍ਰੀ ਕੰਬੋਜ ਨੇ ਦੱਸਿਆ ਕਿ ਇਕ ਪਾਸੇ ਅਧਿਆਪਕਾਂ ਨੂੰ ਕਰੋਨਾ ਦੀ ਮਾਰ ਪੈ ਰਹੀ ਹੈ ਦੂਜੇ ਪਾਸੇ ਠੇਕੇਦਾਰ ਡੀਸੀ ਰੇਟਾਂ ਰਾਹੀਂ ਅਧਿਆਪਕਾਂ ਦਾ ਸੋਸ਼ਣ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਰਜਿਸਟਰੇਸ਼ਨ ਕਰਵਾਉਣ ਦੀ ਰਿਸੀਦ ਵੀ ਨਹੀਂ ਦੇ ਰਿਹਾ ਤੇ ਅਜਿਹਾ ਕਰ ਕੇ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ। ਕੰਿਪਊਟਰ ਅਧਿਆਪਕਾਂ ਨੇ ਦੱਸਿਆ ਕਿ ਉਹ ਮਹੀਨੇ ਦੇ 12000 ਰਜਿਸਟਰੇਸ਼ਨ ਨਹੀਂ ਦੇ ਸਕਦੇ ਹਨ।