ਟੋਕੀਓ ਓਲੰਪਿਕ ਦੇ ਤਗ਼ਮਿਆਂ ਦੀ ਘੁੰਡ ਚੁਕਾਈ

ਏਸ਼ਿਆਈ ਮਹਾਂਦੀਪ ਵਿੱਚ 12 ਸਾਲ ਮਗਰੋਂ ਹੋਣ ਵਾਲੀ ਟੋਕੀਓ ਓਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਖੇਡਾਂ ਦੇ ਉਦਘਾਟਨ ਤੋਂ 365 ਦਿਨ ਪਹਿਲਾਂ ਅੱਜ ਇੱਥੇ ਪਹਿਲੀ ਵਾਰ ਇਸ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮਿਆਂ ਨੂੰ ਜਨਤਾ ਸਾਹਮਣੇ ਪੇਸ਼ ਕੀਤਾ ਗਿਆ। ਜਾਪਾਨ ਦੀ ਰਾਜਧਾਨੀ ਵਿੱਚ ਪ੍ਰਸ਼ੰਸਕਾਂ, ਸਪਾਂਸਰਾਂ ਅਤੇ ਸਿਆਸਤਦਾਨਾਂ ਨੇ ਵੱਖ-ਵੱਖ ਸਮਾਰੋਹ ਵਿੱਚ ਹਿੱਸਾ ਲਿਆ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਘੜੀ 365 ਦਿਨ ਬਾਕੀ ਦੱਸ ਰਹੀ ਸੀ। ਟੋਕੀਓ ਓਲੰਪਿਕ ਦਾ ਉਦਘਾਟਨ ਸਮਾਰੋਹ 24 ਜੁਲਾਈ 2020 ਨੂੰ ਹੋਵੇਗਾ। ਓਲੰਪਿਕ 1976 ਵਿੱਚ ਤਲਵਾਰਬਾਜ਼ੀ ਦੇ ਸੋਨ ਤਗ਼ਮਾ ਜੇਤੂ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਸਕੂਲੀ ਬੱਚਿਆਂ ਨਾਲ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ। ਜਾਪਾਨ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ’ਤੇ ਲਗਪਗ 20 ਅਰਬ ਡਾਲਰ ਖ਼ਰਚ ਕੀਤੇ ਹਨ, ਹਾਲਾਂਕਿ ਓਲੰਪਿਕ ਕਰਵਾਉਣ ’ਤੇ ਹੋਣ ਵਾਲੇ ਖਰਚਿਆਂ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਖੇਡਾਂ ਲਈ ਅੱਠ ਨਵੇਂ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪੰਜ ਦਾ ਕੰਮ ਮੁਕੰਮਲ ਹੋ ਗਿਆ ਹੈ।ਕੌਮੀ ਸਟੇਡੀਅਮ ਇੱਕ ਅਰਬ 25 ਕਰੋੜ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਇਸ ਸਾਲ ਦੇ ਅਖ਼ੀਰ ਤੱਕ ਖੋਲ੍ਹ ਦਿੱਤਾ ਜਾਵੇਗਾ। ਟੋਕੀਓ ਵਿੱਚ ਆਈਓਸੀ ਪੜਤਾਲੀਆ ਟੀਮ ਦੇ ਪ੍ਰਮੁੱਖ ਜੌਹਨ ਕੋਟਸ ਨੇ ਕਿਹਾ, ‘‘ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਤੁਸੀਂ ਟਿਕਟਾਂ ਦੀ ਵਿਕਰੀ ਵਿੱਚ ਦਿਲਚਸਪੀ ਤੋਂ ਇਸ ਦਾ ਅੰਦਾਜ਼ਾ ਲਾ ਸਕਦੇ ਹੋ।’’ ਜਾਪਾਨੀ ਲੋਕਾਂ ਦੀਆਂ ਟਿਕਟਾਂ ਦੀ ਮੰਗ ਸਪਲਾਈ ਤੋਂ ਦਸ ਗੁਣਾ ਜਾਂ ਇਸ ਤੋਂ ਵੱਧ ਹੈ। ਵਿਦੇਸ਼ਾਂ ਤੋਂ ਵੀ ਟਿਕਟਾਂ ਦੀ ਭਾਰੀ ਮੰਗ ਹੈ। ਜਾਪਾਨ ਵਿੱਚ ਹਾਲ ਹੀ ਵਿੱਚ ਅਣ-ਅਧਿਕਾਰਤ ਢੰਗ ਨਾਲ ਟਿਕਟਾਂ ਦੀ ਮੁੜ ਤੋਂ ਵਿਕਰੀ ’ਤੇ ਰੋਕ ਲਾਉਣ ਲਈ ਕਾਨੂੰਨ ਬਣਾਇਆ ਗਿਆ ਸੀ ਅਤੇ ਕਈ ਘਾਟਾਂ ਦਰਮਿਆਨ ਇਸ ਦੀ ਅਸਲ ਪਰਖ ਹੁਣ ਹੋਵੇਗੀ। ਟੋਕੀਓ ਦੀਆਂ ਓਲੰਪਿਕ ਤਿਆਰੀਆਂ ਆਖ਼ਰੀ ਗੇੜ ਵਿੱਚ ਪਹੁੰਚ ਗਈਆਂ ਹਨ। ਕੋਟਸ ਨੇ ਹਾਲਾਂਕਿ ਤਿਆਰੀਆਂ ਦੀ ਪ੍ਰਸ਼ੰਸਾ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯੋਸ਼ਿਰੋ ਮੋਰੀ ਨੇ ਕਿਹਾ, ‘‘ਇਸ ਸਾਲ ਟੋਕੀਓ ਦਾ ਮੌਸਮ ਚੰਗਾ ਰਿਹਾ। ਇਹ ਬੀਤੇ ਸਾਲ ਦੇ ਮੁਕਾਬਲੇ ਕਾਫ਼ੀ ਅਲੱਗ ਸੀ।’’ ਟੋਕੀਓ ਦੇ ਗਵਰਨਰ ਯੂਰਿਕੋ ਕੋਇਕੇ ਨੂੰ ਕੁੱਝ ਦਿਨ ਪਹਿਲਾਂ ਓਲੰਪਿਕ ’ਤੇ ਕੀਤੇ ਗਏ ਅਰਬਾਂ ਦੇ ਖ਼ਰਚ ਨੂੰ ਸਹੀ ਠਹਿਰਾਉਣ ਲਈ ਕਿਹਾ ਗਿਆ ਸੀ। ਪ੍ਰਬੰਧਕਾਂ ’ਤੇ ਲਾਗਤ ਵਿੱਚ ਕਟੌਤੀ ਕਰਨ ਦਾ ਦਬਾਅ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਟੇਡੀਅਮਾਂ ਦੀ ਵਰਤੋਂ ਕਰਕੇ ਉਨ੍ਹਾਂ ਨੇ ਅਰਬਾਂ ਡਾਲਰ ਬਚਾਏ ਹਨ। ਟੋਕੀਓ ਵਿੱਚ ਅੱਠ ਨਵੇਂ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ, ਪਰ ਉਹ 35 ਅਸਥਾਈ ਜਾਂ ਪੁਰਾਣੇ ਸਟੇਡੀਅਮਾਂ ਦੀ ਵਰਤੋਂ ਕਰ ਰਿਹਾ ਹੈ। ਓਲੰਪਿਕ ਖ਼ਤਮ ਹੋਣ ਮਗਰੋਂ 25 ਅਗਸਤ 2020 ਤੋਂ ਪੈਰਾਲੰਪਿਕ ਸ਼ੁਰੂ ਹੋਵੇਗੀ। ਟੋਕੀਓ ਨੇ ਇਸ ਤੋਂ ਪਹਿਲਾਂ 1964 ਵਿੱਚ ਓਲੰਪਿਕ ਕਰਵਾਈ ਸੀ, ਜਦਕਿ ਏਸ਼ੀਆ ਮਹਾਂਦੀਪ ਵਿੱਚ ਆਖ਼ਰੀ ਓਲੰਪਿਕ 2008 ਵਿੱਚ ਪੇਈਚਿੰਗ ਵਿੱਚ ਹੋਈ ਸੀ।

Previous articleਖੇੜੀ ਗੰਡਿਆਂ ਤੋਂ ਲਾਪਤਾ ਬੱਚਿਆਂ ਦੀ ਕੋਈ ਉੱਘ-ਸੁੱਘ ਨਹੀਂ
Next articleਬੌਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ