ਚੇਤੇਸ਼ਵਰ ਪੁਜਾਰਾ (791 ਅੰਕ) ਅਤੇ ਅਜਿੰਕਿਆ ਰਹਾਣੇ (759 ਅੰਕ) ਕ੍ਰਮਵਾਰ ਚੌਥੇ ਅਤੇ ਛੇਵੇਂ ਸਥਾਨ ’ਤੇ ਕਾਇਮ ਹਨ। ਆਸਟਰੇਲਿਆਈ ਬੱਲੇਬਾਜ਼ ਮਾਰਨੁਸ ਲਾਬੂਸ਼ਾਨੇ ਨੂੰ ਪਰਥ ਟੈਸਟ ਵਿੱਚ 143 ਦੌੜਾਂ ਅਤੇ 40 ਦੌੜਾਂ ਦੀਆਂ ਪਾਰੀਆਂ ਖੇਡਣ ਦਾ ਫ਼ਾਇਦਾ ਮਿਲਿਆ ਅਤੇ ਉਸ ਨੇ ਚੋਟੀ ਦੇ ਪੰਜ ਬੱਲੇਬਾਜ਼ ਵਿੱਚ ਥਾਂ ਬਣਾ ਲਈ। ਲਾਬੂਸ਼ਾਨੇ ਨੂੰ ਭਾਵੇਂ ਤਿੰਨ ਦਰਜਿਆਂ ਦਾ ਫ਼ਾਇਦਾ ਹੋਇਆ ਹੈ, ਪਰ ਉਹ ਪਾਕਿਸਤਾਨ ਦੇ ਜ਼ਹੀਰ ਅੱਬਾਸ ਅਤੇ ਮੁਦੱਸਰ ਨਾਜ਼ਰ ਦੀ ਬਰਾਬਰੀ ਕਰਨ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਿਆ, ਜਿਨ੍ਹਾਂ ਨੇ ਲਗਾਤਾਰ ਤਿੰਨ ਟੈਸਟ ਪਾਰੀਆਂ ਦੌਰਾਨ 150 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਹੈ। ਦਰਜਾਬੰਦੀ ਵਿੱਚ ਉਸ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਵੀ ਪਛਾੜ ਦਿੱਤਾ ਅਤੇ ਸਟੀਵ ਸਮਿੱਥ ਮਗਰੋਂ ਦੂਜਾ ਸਰਵੋਤਮ ਆਸਟਰੇਲਿਆਈ ਬੱਲੇਬਾਜ਼ ਹੈ। ਪਾਕਿਸਤਾਨ ਦਾ ਬੱਲੇਬਾਜ਼ ਬਾਬਰ ਆਜ਼ਮ ਪਹਿਲੀ ਵਾਰ ਸਿਖਰਲੇ ਦਸ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਸ੍ਰੀਲੰਕਾ ਖ਼ਿਲਾਫ਼ ਡਰਾਅ ਰਹੇ ਪਹਿਲੇ ਟੈਸਟ ਮੈਚ ਵਿੱਚ ਨਾਬਾਦ 102 ਦੌੜਾਂ ਦੀ ਪਾਰੀ ਖੇਡੀ ਅਤੇ 13ਵੇਂ ਤੋਂ ਨੌਵੇਂ ਸਥਾਨ ’ਤੇ ਪਹੁੰਚਿਆ। ਉਹ ਇਸ ਸਮੇਂ ਟੀ-20 ਕੌਮਾਂਤਰੀ ਵਿੱਚ ਅੱਵਲ ਨੰਬਰ ਅਤੇ ਇੱਕ ਰੋਜ਼ਾ ਵਿੱਚ ਦੂਜੇ ਸਥਾਨ ’ਤੇ ਕਾਬਜ਼ ਹੈ। ਇਸੇ ਤਰ੍ਹਾਂ ਆਪਣੇ ਪਲੇਠੇ ਕੌਮਾਂਤਰੀ ਟੈਸਟ ’ਚ ਨਾਬਾਦ 109 ਦੌੜਾਂ ਬਣਾਉਣ ਵਾਲੇ ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ ਨੇ ਟੈਸਟ ਦਰਜਾਬੰਦੀ ਵਿੱਚ 78ਵੇਂ ਸਥਾਨ ਤੋਂ ਆਪਣਾ ਸ਼ੁਰੂ ਕੀਤਾ ਹੈ। ਉਹ ਪਲੇਠੇ ਇੱਕ ਰੋਜ਼ਾ ਅਤੇ ਟੈਸਟ ਦੋਵਾਂ ਵੰਨਗੀਆਂ ਵਿੱਚ ਸੈਂਕੜੇ ਜਮਾਉਣ ਵਾਲਾ ਪਹਿਲਾ ਪੁਰਸ਼ ਖਿਡਾਰੀ, ਜਦੋਂਕਿ ਇੰਗਲੈਂਡ ਦੀ ਸਾਬਕਾ (ਮਹਿਲਾ) ਸਲਾਮੀ ਬੱਲੇਬਾਜ਼ ਐਨਿਡ ਬੇਕਵੈੱਲ ਮਗਰੋਂ ਦੂਜਾ ਕ੍ਰਿਕਟਰ ਬਣ ਗਿਆ। ਦੱਖਣੀ ਅਫਰੀਕਾ ਖ਼ਿਲਾਫ਼ ਘਰੇਲੂ ਲੜੀ ਤੋਂ ਸੱਟ ਕਾਰਨ ਟੀਮ ’ਚੋਂ ਬਾਹਰ ਚੱਲ ਰਿਹਾ ਬੁਮਰਾਹ ਗੇਂਦਬਾਜ਼ਾਂ ਵਿੱਚ ਛੇਵੇਂ ਸਥਾਨ ’ਤੇ ਖਿਸਕ ਗਿਆ। ਇਸ ਦਰਜਾਬੰਦੀ ਵਿੱਚ ਆਸਟਰੇਲੀਆ ਦਾ ਪੈਟ ਕਮਿਨਸ ਪਹਿਲੇ ਸਥਾਨ ’ਤੇ ਕਾਬਜ਼ ਹੈ। ਨਿਊਜ਼ੀਲੈਂਡ ਦੇ ਨੀਲ ਵੈਗਨਰ ਨੂੰ ਆਸਟਰੇਲੀਆ ਖ਼ਿਲਾਫ਼ ਟੈਸਟ ਵਿੱਚ ਸੱਤ ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ ਹੈ। ਉਹ ਕਰੀਅਰ ਦੇ ਸਰਵੋਤਮ ਰੇਟਿੰਗ 834 ਅੰਕਾਂ ਨਾਲ ਇੱਕ ਵਾਰ ਫਿਰ ਤੀਜੇ ਸਥਾਨ ’ਤੇ ਪਹੁੰਚ ਗਿਆ। ਮੈਚ ਵਿੱਚ ਨੌਂ ਵਿਕਟਾਂ ਲੈਣ ਵਾਲਾ ਟਿਮ ਸਾਊਦੀ ਮੁੜ ਚੋਟੀ ਦੇ ਦਸ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ। ਇਸ ਮੈਚ ਵਿੱਚ ਆਸਟਰੇਲਿਆਈ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਪਹਿਲੇ ਟੈਸਟ ਵਿੱਚ 97 ਦੌੜਾਂ ਦੇ ਕੇ ਨੌਂ ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ ਅਤੇ ਉਹ ਕਰੀਅਰ ਦੇ ਸਰਵੋਤਮ 806 ਅੰਕਾਂ ਨਾਲ ਸਰਵੋਤਮ ਪੰਜਵੇਂ ਸਥਾਨ ’ਤੇ ਪਹੁੰਚ ਗਿਆ। ਹਰਫ਼ਨਮੌਲਾ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਭਾਰਤ ਦਾ ਰਵਿੰਦਰ ਜਡੇਜਾ ਦੂਜੇ ਸਥਾਨ ’ਤੇ ਬਰਕਰਾਰ ਹੈ, ਜਦੋਂਕਿ ਵੈਸਟ ਇੰਡੀਜ਼ ਦਾ ਜੇਸਨ ਹੋਲਡਰ ਅੱਵਲ ਨੰਬਰ ’ਤੇ ਬਣਿਆ ਹੋਇਆ ਹੈ। ਭਾਰਤੀ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਚੈਂਪੀਅਨਸ਼ਿਪ ਵਿੱਚ 360 ਅੰਕ ਲੈ ਕੇ ਚੋਟੀ ’ਤੇ ਬਰਕਰਾਰ ਹੈ, ਜਦੋਂਕਿ ਆਸਟਰੇਲੀਆ (216 ਅੰਕ) ਦੂਜੇ ਨੰਬਰ ’ਤੇ ਹੈ।
Sports ਟੈਸਟ ਦਰਜਾਬੰਦੀ: ਕੋਹਲੀ ਸਿਖਰ ’ਤੇ ਬਰਕਰਾਰ