ਵਿਸ਼ਵ ਹਾਕੀ ਕੱਪ ਵਿੱਚ ਟਿਕਟਾਂ ਦੀ ਬਲੈਕ ਜ਼ੋਰਾਂ ’ਤੇ

ਵਿਸ਼ਵ ਹਾਕੀ ਕੱਪ ਦੇ ਜਨੂੰਨ ਦਾ ਲਾਹਾ ਲੈਣ ਲਈ ਸ਼ਹਿਰ ਦੇ ਟਿਕਟ ਮਾਫੀਆ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਵਿਸ਼ਵ ਕੱਪ ਦੇ ਬਹੁਤੇ ਮੈਚਾਂ ਦਾ ਹਾਲ ਇਹ ਹੈ ਕਿ ਸਟੇਡੀਅਮ 25 ਫੀਸਦੀ ਖਾਲੀ ਹੁੰਦਾ ਹੈ ਪਰ ਟਿਕਟ ਖਿੜਕੀ ’ਤੇ ਟਿਕਟਾਂ ਉਪਲਬਧ ਨਹੀਂ ਹੁੰਦੀਆਂ। ਹਾਕੀ ਪ੍ਰੇਮੀਆਂ ਵੱਲੋਂ ਇਸ ਲਈ ਟਿਕਟਾਂ ਵੇਚਣ ਵਾਸਤੇ ਬਣਾਏ ਗਏ ਸਿਸਟਮ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ। ਟਿਕਟ ਮਾਫੀਆ ਨੇ ਟਿਕਟਾਂ ਦੀ ਆਨ-ਲਾਈਨ ਵਿਕਰੀ ਦੌਰਾਨ ਥੋਕ ਦੇ ਹਿਸਾਬ ਨਾਲ ਟਿਕਟਾਂ ਖਰੀਦ ਲਈਆਂ ਹਨ ਅਤੇ ਹੁਣ ਇਹ ਟਿਕਟਾਂ ਬਲੈਕ ਵਿੱਚ ਵੇਚੀਆਂ ਜਾ ਰਹੀਆਂ ਹਨ। ਭਾਰਤ ਅਤੇ ਬੈਲਜੀਅਮ ਦੇ ਮੈਚ ਦੌਰਾਨ ਸੌ ਰੁਪਏ ਵਾਲੀ ਟਿਕਟ ਤਿੰਨ ਹਜ਼ਾਰ ਰੁਪਏ ਵਿੱਚ ਵਿਕੀ। ਸਟੇਡੀਅਮ ਦੇ ਬਾਹਰ ਬਣੀਆਂ ਦੁਕਾਨਾਂ ਤੋਂ ਇਹ ਟਿਕਟਾਂ ਬਲੈਕ ਵਿੱਚ ਮਿਲ ਰਹੀਆਂ ਹਨ। ਦਿਲਚਸਪ ਗੱਲ ਹੈ ਕਿ ਇਹ ਸਾਰਾ ਧੰਦਾ ਪੁਲੀਸ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ। ਕਈ ਦੁਕਾਨਾਂ ’ਤੇ ਜਿੱਥੇ ਪੁਲੀਸ ਵਾਲੇ ਚਾਹ ਪੀ ਰਹੇ ਸਨ ਉਸੇ ਕਾਊਂਟਰ ਤੋਂ ਮੈਚ ਦੀ ਟਿਕਟ ਘੱਟੋ-ਘੱਟ 10 ਗੁਣਾ ਬਲੈਕ ਵਿੱਚ ਵਿਕ ਰਹੀ ਹੈ। ਐੱਫਆਈਐੱਚ ਨੇ ਟਿਕਟਾਂ ਦੀ ਵਿਕਰੀ ਆਨ-ਲਾਈਨ ਵੀ ਖੋਲ੍ਹੀ ਸੀ ਪਰ ਕੁਝ ਦਿਨਾਂ ਬਾਅਦ ਇਸ ’ਤੇ ਵੀ ਸੋਲਡ ਆਊਟ ਦਾ ਫੱਟਾ ਜੜ ਦਿੱਤਾ ਗਿਆ।ਫਰਾਂਸ ਦੀ ਵਿਦਾਇਗੀ: 28 ਸਾਲਾਂ ਬਾਅਦ ਵਿਸ਼ਵ ਕੱਪ ਖੇਡਣ ਆਈ ਫਰਾਂਸ ਦੀ ਟੀਮ ਕੁਆਰਟਰ ਫਾਈਨਲ ਵਿੱਚ ਭਾਵੇਂ ਆਸਟਰੇਲੀਆ ਤੋਂ ਹਾਰ ਗਈ ਪਰ ਇਸ ਟੀਮ ਨੇ ਹਾਕੀ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਫੁਟਬਾਲ ਵਿੱਚ ਵਿਸ਼ਵ ਚੈਂਪੀਅਨ ਫਰਾਂਸ ਲਈ ਹਾਕੀ ਬਿਲਕੁਲ ਨਵਾਂ ਨਾਂ ਹੈ ਪਰ ਕੌਮੀ ਫੈਡਰੇਸ਼ਨ ਨੇ ਮਿਸ਼ਨ-2024 ਪ੍ਰੋਗਰਾਮ ਉਲੀਕਿਆ ਹੈ ਜਿਸ ਦੀ ਪ੍ਰਾਪਤੀ ਵੱਲ ਇਹ ਟੀਮ ਸਫ਼ਲਤਾ ਨਾਲ ਵੱਧ ਰਹੀ ਹੈ। 2024 ਓਲੰਪਿਕ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਪੈਰਿਸ ਨੂੰ ਮਿਲੀ ਹੈ ਅਤੇ ਫਰਾਂਸ ਦਾ ਟੀਚਾ ਹੈ ਕਿ ਉਸ ਸਮੇਂ ਤੱਕ ਪੁਰਸ਼ ਟੀਮ ਨੂੰ ਪਹਿਲੀਆਂ ਪੰਜ ਟੀਮਾਂ ਅਤੇ ਮਹਿਲਾ ਹਾਕੀ ਟੀਮ ਨੂੰ ਪਹਿਲੀਆਂ 10 ਟੀਮਾਂ ਵਿੱਚ ਸ਼ਾਮਲ ਕੀਤਾ ਜਾਵੇ। ਫਰਾਂਸ ਦੀ ਪੁਰਸ਼ ਹਾਕੀ ਟੀਮ ਦੀ ਕੋਚਿੰਗ ਦੀ ਕਮਾਨ ਡੱਚ ਕੋਚ ਜੈਰਨ ਡੈਲਮੀ ਕੋਲ ਹੈ।
ਹਾਕੀ ਇੰਡੀਆ ਦਾ ਦਬਕਾ: ਕਲਿੰਗਾ ਸਟੇਡੀਅਮ ਦੇ ਵੀਆਈਪੀ ਖੇਤਰ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਦੇ ਦਾਖਲੇ ’ਤੇ ਹਾਕੀ ਇੰਡੀਆ ਦੀ ਸੀਈਓ ਐਲਨ ਨੌਰਮਨ ਵੱਲੋਂ ਵਰਤੀ ਗਈ ਸ਼ਬਦਾਵਲੀ ਤੋਂ ਹਾਕੀ ਖਿਡਾਰੀ ਕਾਫੀ ਨਿਰਾਸ਼ ਹਨ। ਜਿਸ ਜਗ੍ਹਾ ’ਤੇ ਭਾਰਤੀ ਖਿਡਾਰੀ ਆਪਣੇ ਪ੍ਰਸ਼ੰਸਕਾਂ ਨੂੰ ਆਟੋਗਰਾਫ ਦੇ ਰਹੇ ਸਨ ਉਸ ਜਗ੍ਹਾ ’ਤੇ ਦੂਜੀਆਂ ਟੀਮਾਂ ਦੇ ਖਿਡਾਰੀ ਅਕਸਰ ਘੁੰਮਦੇ ਨਜ਼ਰ ਆਉਂਦੇ ਹਨ। ਇਸ ਮੁੱਦੇ ’ਤੇ ਭਾਰਤੀ ਕਪਤਾਨ ਨੇ ਗਲਤੀ ਵੀ ਮੰਨ ਲਈ ਹੈ। ਅਸਲ ਵਿੱਚ ਕੋਈ ਵੀ ਖਿਡਾਰੀ ਇਸ ਵਿਵਾਦ ਵਿੱਚ ਉਲਝ ਕੇ ਆਪਣੇ ਖੇਡ ਕਰੀਅਰ ਨੂੰ ਦਾਅ ’ਤੇ ਨਹੀਂ ਲਗਾਉਣਾ ਚਾਹੁੰਦਾ। ਇਸ ਸਮੇਂ ਹਾਕੀ ਇੰਡੀਆ ਤੋਂ ਲੈ ਕੇ ਐੱਫਆਈਐੱਚ ਦੇ ਪ੍ਰਬੰਧਕੀ ਢਾਂਚੇ ਵਿੱਚ ਭਾਰਤ ਦਾ ਦਬਦਬਾ ਹੈ। ਗੁਰਬਾਜ਼ ਸਿੰਘ ਵਰਗੇ ਮੁੱਦਿਆਂ ਤੋਂ ਖਿਡਾਰੀਆਂ ਨੇ ਇਹੀ ਸਬਕ ਲਿਆ ਹੈ।
ਹਾਕੀ ’ਤੇ ਸੈਲਫੀ: ਆਮ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਸੈਲਫੀ ਦੇ ਰੁਝਾਨ ਦਾ ਅਸਰ ਵਿਸ਼ਵ ਕੱਪ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਤਣ ਵਾਲੀ ਹਰੇਕ ਟੀਮ ਦੇ ਖਿਡਾਰੀ ਇੱਕ ਸੈਲਫੀ ਲੈਂਦੇ ਹਨ। ਇਹ ਸੈਲਫੀ ਜ਼ਿਆਦਾਤਰ ਹਾਕੀ ’ਤੇ ਕੈਮਰਾ ਰੱਖ ਕੇ ਲਈ ਜਾਂਦੀ ਹੈ।

Previous articleਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ
Next articleGehlot to be Rajasthan CM, Pilot Deputy CM