ਅਹਿਮਦਾਬਾਦ (ਸਮਾਜ ਵੀਕਲੀ): : ਇੱਥੋਂ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਅੱਜ ਖੇਡੇ ਗਏ ਚੌਥੇ ਟੀ-20 ਕ੍ਰਿਕਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਵਿੱਚ ਲੜੀ 2-2 ਨਾਲ ਬਰਾਬਰ ਕਰ ਲਈ। ਭਾਰਤ ਵੱਲੋਂ ਗੇਂਦਬਾਜ਼ ਸ਼ਰਦੁਲ ਠਾਕੁਰ ਨੇ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ 185 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਅੱਠ ਵਿਕਟਾਂ ’ਤੇ 177 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 57 ਤੇ ਸ਼੍ਰੇਅਸ ਅੱਈਅਰ ਨੇ 37 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ 33 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸੇ ਦੌਰਾਨ ਰੋਹਿਤ ਸ਼ਰਮਾ ਨੇ 12 ਦੌੜਾਂ ਬਣਾਈਆਂ ਤੇ ਟੀ20 ਕ੍ਰਿਕਟ ਵਿੱਚ 9000 ਦੌੜਾਂ ਪੂਰੀਆਂ ਕਰ ਕੇ ਭਾਰਤ ਦੇ ਦੂਜੇ ਤੇ ਦੁਨੀਆਂ ਦੇ ਨੌਵੇਂ ਬੱਲੇਬਾਜ਼ ਬਣ ਗਏ।