ਭਾਰਤੀ ਕ੍ਰਿਕਟ ਟੀਮ ਨੇ ਅੱਜ ਇੱਥੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਸ ਨੇ ਆਪਣੇ ਗਰੁੱਪ ‘ਏ’ ਵਿੱਚ ਚੋਟੀ ਦਾ ਸਥਾਨ ਪੱਕਾ ਕਰ ਲਿਆ। ‘ਪਲੇਅਰ ਆਫ ਦਿ ਮੈਚ’ ਰਹੀ ਸਪਿੰਨਰ ਰਾਧਾ ਯਾਦਵ ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੀ ਇੱਕ ਹੋਰ ਤੇਜ਼ ਤਰਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ 32 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।
ਰਾਧਾ ਨੇ 23 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤਰ੍ਹਾਂ ਭਾਰਤ ਨੇ ਸ੍ਰੀਲੰਕਾ ਨੂੰ ਨੌਂ ਵਿਕਟਾਂ ਪਿੱਛੇ 113 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤੀ ਟੀਮ ਨੇ 14.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 116 ਦੌੜਾਂ ਬਣਾ ਕੇ ਟੀਚਾ ਹਾਸਲ ਕੀਤਾ। 16 ਸਾਲ ਦੀ ਸ਼ੈਫਾਲੀ ਮੁੜ ਨੀਮ ਸੈਂਕੜੇ ਤੋਂ ਖੁੰਝ ਗਈ, ਪਰ ਉਸ ਨੇ 34 ਗੇਂਦਾਂ ’ਤੇ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ।
ਭਾਰਤ ਨੇ ਲੀਗ ਗੇੜ ਵਿੱਚ ਆਪਣੇ ਸਾਰੇ ਚਾਰ ਮੈਚ ਜਿੱਤੇ ਹਨ ਅਤੇ ਇਸ ਤਰ੍ਹਾਂ ਉਸ ਨੇ ਅੱਠ ਅੰਕ ਹਾਸਲ ਕੀਤੇ। ਹੁਣ ਟੀਮ ਪੂਰੇ ਹੌਸਲੇ ਨਾਲ ਸੈਮੀਫਾਈਨਲ ਵਿੱਚ ਉਤਰੇਗੀ। ਸ੍ਰੀਲੰਕਾ ਦੀ ਇਹ ਲਗਾਤਾਰ ਤੀਜੀ ਹਾਰ ਹੈ। ਭਾਰਤ ਸਾਹਮਣੇ ਛੋਟਾ ਟੀਚਾ ਸੀ ਅਤੇ ਅਜਿਹੇ ਵਿੱਚ ਸ਼ੈਫ਼ਾਲੀ ਅਤੇ ਸਮ੍ਰਿਤੀ ਮੰਧਾਨਾ (12 ਗੇਂਦਾਂ ਵਿੱਚ 17 ਦੌੜਾਂ) ਨੇ ਹਮਲਾਵਰ ਰੁਖ਼ ਅਪਣਾਇਆ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 34 ਦੌੜਾਂ ਜੋੜੀਆਂ। ਮੰਧਾਨਾ ਦੇ ਆਊਟ ਹੋਣ ਮਗਰੋਂ ਕਪਤਾਨ ਹਰਮਨਪ੍ਰੀਤ ਕੌਰ (14 ਗੇਂਦਾਂ ’ਤੇ 15 ਦੌੜਾਂ) ਕ੍ਰੀਜ਼ ’ਤੇ ਉਤਰੀ। ਉਸ ਨੇ ਦੋ ਚੌਕੇ ਅਤੇ ਇੱਕ ਛੱਕਾ ਜੜਿਆ, ਪਰ ਉਹ ਸੈਮੀਫਾਈਨਲ ਤੋਂ ਪਹਿਲਾਂ ਵੱਡੀ ਪਾਰੀ ਨਹੀਂ ਖੇਡ ਸਕੀ। ਹਰਮਨਪ੍ਰੀਤ ਨੇ ਲਾਂਗ ਆਨ ਦੇ ਉਪਰੋਂ ਲੰਬਾ ਸ਼ਾਟ ਖੇਡਣ ਦੇ ਯਤਨ ਵਿੱਚ ਬਾਊਂਡਰੀ ’ਤੇ ਕੈਚ ਦੇ ਦਿੱਤਾ। ਸਾਰਿਆਂ ਦੀਆਂ ਨਜ਼ਰਾਂ ਸ਼ੈਫਾਲੀ ਦੀ ਬੱਲੇਬਾਜ਼ੀ ’ਤੇ ਸਨ, ਜੋ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਨੀਮ-ਸੈਂਕੜੇ ਵੱਲ ਵਧ ਰਹੀ ਸੀ, ਪਰ ਉਹ ਰਨ ਆਊਟ ਹੋ ਗਈ। ਫਿਰ ਜੇਮੀਮ੍ਹਾ ਰੌਡਰਿਗਜ਼ (15 ਦੌੜਾਂ) ਅਤੇ ਦੀਪਤੀ ਸ਼ਰਮਾ (15 ਦੌੜਾਂ) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ।
ਇਸ ਤੋਂ ਪਹਿਲਾਂ ਰਾਧਾ ਨੇ ਗੇਂਦ ਸੰਭਾਲਦਿਆਂ ਸ੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਦੀ ਅਹਿਮ ਵਿਕਟ ਲਈ। ਉਸ ਨੇ ਆਪਣੀ ਟੀਮ ਵੱਲੋਂ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਰਾਧਾ ਨੂੰ ਰਾਜੇਸ਼ਵਰੀ ਗਾਇਕਵਾੜ (18 ਦੌੜਾਂ ਦੇ ਕੇ ਦੋ ਵਿਕਟਾਂ) ਦਾ ਵੀ ਚੰਗਾ ਸਾਥ ਮਿਲਿਆ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਉਸ ਨੇ ਤੀਜੇ ਓਵਰ ਵਿੱਚ ਹੀ ਸਲਾਮੀ ਬੱਲੇਬਾਜ਼ ਉਮੇਸ਼ ਤਿਮਾਸਿਨੀ (ਦੋ ਦੌੜਾਂ) ਦੀ ਵਿਕਟ ਗੁਆਈ। ਰਾਜੇਸ਼ਵਰੀ ਨੇ ਦੀਪਤੀ ਦੀ ਗੇਂਦ ’ਤੇ ਉਸ ਦਾ ਕੈਚ ਲਿਆ। ਕਪਤਾਨ ਅਟਾਪੱਟੂ ਨੇ ਹਮਲਾਵਰ ਰੁਖ਼ ਅਪਣਾਈ ਰੱਖਿਆ ਅਤੇ ਪੰਜ ਚੌਕੇ ਅਤੇ ਇੱਕ ਛੱਕਾ ਜੜਿਆ। ਉਸ ਨੇ ਹਰਸ਼ਿਤਾ ਮਦਾਵੀ (12 ਦੌੜਾਂ) ਨਾਲ 30 ਦੌੜਾਂ ਦੀ ਭਾਈਵਾਲੀ ਕੀਤੀ। ਰਾਜੇਸ਼ਵਰੀ ਨੇ ਅੱਠਵੇਂ ਓਵਰ ਵਿੱਚ ਮਦਾਵੀ ਨੂੰ ਆਊਟ ਕੀਤਾ। ਰਾਧਾ ਨੇ ਨੌਵੇਂ ਓਵਰ ਵਿੱਚ ਗੇਂਦ ਸੰਭਾਲੀ ਅਤੇ ਉਸ ਦੀ ਪਹਿਲੀ ਹੀ ਗੇਂਦ ’ਤੇ ਸ੍ਰੀਲੰਕਾਈ ਕਪਤਾਨ ਨੇ ਛੱਕਾ ਜੜਿਆ, ਪਰ ਅਗਲੀ ਗੇਂਦ ’ਤੇ ਆਊਟ ਹੋ ਗਈ। ਫਿਰ ਸ੍ਰੀਲੰਕਾਈ ਪਾਰੀ ਸੰਭਲ ਨਹੀਂ ਸਕੀ। ਸ਼ਸ਼ੀਕਲਾ ਸ੍ਰੀਵਰਧਨੇ ਨੇ 13 ਦੌੜਾਂ ਬਣਾਈਆਂ, ਜਦਕਿ ਹੇਠਲੇ ਕ੍ਰਮ ਵਿੱਚ ਕਵਿਸ਼ਾ ਦਿਲਹਾਰੀ (16 ਗੇਂਦਾਂ ਵਿੱਚ ਨਾਬਾਦ 25 ਦੌੜਾਂ) ਦੀ ਪਾਰੀ ਨਾਲ ਸ੍ਰੀਲੰਕਾ 100 ਦੌੜਾਂ ਤੋਂ ਪਾਰ ਪਹੁੰਚ ਸਕਿਆ।
HOME ਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਦੀ ਲਗਾਤਾਰ ਚੌਥੀ ਜਿੱਤ