ਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਵੱਲੋਂ ਜੇਤੂ ਸ਼ੁਰੂਆਤ

ਸਿਡਨੀ– ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਘੱਟ ਸਕੋਰ ਵਾਲੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤੀ ਟੀਮ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਚਾਰ ਵਿਕਟਾਂ ’ਤੇ 132 ਦੌੜਾਂ ਹੀ ਬਣਾ ਸਕੀ, ਪਰ ਲੈੱਗ ਸਪਿੰਨਰ ਪੂਨਮ ਯਾਦਵ (19 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਮੱਧਮ ਰਫ਼ਤਾਰ ਦੀ ਗੇਂਦਬਾਜ਼ ਸ਼ਿਖਾ ਪਾਂਡੇ (14 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਭਾਰਤੀ ਟੀਮ ਨੂੰ ਬਿਹਤਰੀਨ ਵਾਪਸੀ ਦਿਵਾਈ ਅਤੇ ਆਸਟਰੇਲੀਆ ਨੂੰ 19.5 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਏਨਾ ਜ਼ਿਆਦਾ ਸੀ ਕਿ ਮੇਜ਼ਬਾਨ ਟੀਮ ਲਈ ਸਿਰਫ਼ ਦੋ ਬੱਲੇਬਾਜ਼ ਹੀ ਦਹਾਈ ਅੰਕ ਤੱਕ ਪਹੁੰਚ ਸਕੇ। ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੇ 35 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ, ਜਦਕਿ ਐਸ਼ਲੇ ਗਾਰਡਨਰ ਨੇ 36 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਨਾਲ 34 ਦੌੜਾਂ ਬਣਾਈਆਂ। ਪੂਨਮ ਯਾਦਵ ਨੇ ਆਪਣੀ ਫ਼ਿਰਕੀ ਦਾ ਜਾਦੂ ਚਲਾਉਂਦਿਆਂ ਹੀਲੀ ਤੋਂ ਇਲਾਵਾ ਰਸ਼ੇਲ ਹਾਇਨਸ (ਛੇ ਦੌੜਾਂ), ਅਲਿਸਾ ਪੈਰੀ (ਸਿਫ਼ਰ) ਅਤੇ ਜੈੱਸ ਜੋਨਾਸਨ (ਦੋ ਦੌੜਾਂ) ਦੀਆਂ ਵਿਕਟਾਂ ਝਟਕਾਈਆਂ। ਇਸੇ ਤਰ੍ਹਾਂ ਸ਼ਿਖਾ ਪਾਂਡੇ ਨੇ ਬੈੱਥ ਮੂਨੀ, ਐਸ਼ਲੇ ਗਾਰਡਨਰ ਅਤੇ ਐਨਾਬੇਲ ਸਦਰਲੈਂਡ ਨੂੰ ਆਊਟ ਕੀਤਾ। ਰਾਜੇਸ਼ਵਰੀ ਗਾਇਕਵਾੜ ਨੂੰ ਵੀ ਇੱਕ ਵਿਕਟ ਮਿਲੀ। ਭਾਰਤੀ ਫੀਲਡਰਾਂ ਨੇ ਅਖ਼ੀਰ ਵਿੱਚ ਦੋ ਬੱਲੇਬਾਜ਼ਾਂ ਨੂੰ ਰਨ ਆਊਟ ਕੀਤਾ ਅਤੇ ਆਸਟਰੇਲਿਆਈ ਪਾਰੀ ਨੂੰ ਖ਼ਤਮ ਕੀਤਾ।
ਇਸ ਤੋਂ ਪਹਿਲਾਂ 16 ਸਾਲ ਦੀ ਸ਼ੈਫਾਲੀ ਵਰਮਾ ਨੇ ਭਾਰਤ ਨੂੰ ਚਾਰ ਓਵਰਾਂ ਤੱਕ ਬਿਨਾਂ ਵਿਕਟ ਗੁਆਏ 41 ਦੌੜਾਂ ’ਤੇ ਪਹੁੰਚਾ ਦਿੱਤਾ। ਉਸਨੇ 15 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਸ਼ੈਫਾਲੀ ਦੇ ਆਊਟ ਹੋਣ ਮਗਰੋਂ ਭਾਰਤੀ ਬੱਲੇਬਾਜ਼ੀ ਦੀ ਲੈਅ ਵਿਗੜ ਗਈ ਅਤੇ ਬਾਕੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਦੀਪਤੀ ਸ਼ਰਮਾ ਨੇ 46 ਗੇਂਦਾਂ ਵਿੱਚ ਨਾਬਾਦ 49 ਦੌੜਾਂ ਦੀ ਪਾਰੀ ਖੇਡੀ, ਪਰ ਅਖ਼ੀਰ ਵਿੱਚ ਭਾਰਤ ਨੂੰ ਹਮਲਾਵਰ ਹੋ ਕੇ ਖੇਡਣ ਦੀ ਲੋੜ ਸੀ, ਜਿਸ ਦੀ ਘਾਟ ਦਿਸੀ।
ਟੀਮ ਸ਼ੈਫਾਲੀ ਦੀ ਪਾਰੀ ਦੀ ਬਦੌਲਤ ਚਾਰ ਓਵਰਾਂ ਤੱਕ ਚੰਗੀ ਸਥਿਤੀ ਵਿੱਚ ਸੀ। ਖੱਬੇ ਹੱਥ ਦੀ ਸਪਿੰਨਰ ਜੈੱਸ ਜੋਨਾਸਨ (24 ਦੌੜਾਂ ਦੇ ਕੇ) ਨੇ ਤੇਜ਼ੀ ਨਾਲ ਦੋ ਵਿਕਟਾਂ ਲਈਆਂ। ਉਸ ਨੇ ਸਮ੍ਰਿਤੀ ਮੰਧਾਨਾ (11 ਗੇਂਦਾਂ ਵਿੱਚ ਦਸ ਦੌੜਾਂ) ਅਤੇ ਹਰਮਨਪ੍ਰੀਤ ਕੌਰ (ਪੰਜ ਗੇਂਦਾਂ ਵਿੱਚ ਦੋ ਦੌੜਾਂ) ਨੂੰ ਬਾਹਰ ਦਾ ਰਾਹ ਵਿਖਾਇਆ। ਇਸ ਤਰ੍ਹਾਂ ਭਾਰਤ ਦਾ ਸਕੋਰ ਤਿੰਨ ਵਿਕਟਾਂ ’ਤੇ 47 ਦੌੜਾਂ ਹੋ ਗਿਆ। ਦੀਪਤੀ ਨੇ ਫਿਰ ਜੇਮੀਮ੍ਹਾ ਰੌਡਰਿਗਜ਼ (33 ਗੇਂਦਾਂ ’ਤੇ 26 ਦੌੜਾਂ) ਨਾਲ 53 ਦੌੜਾਂ ਦੀ ਭਾਈਵਾਲੀ ਕਰਕੇ 16ਵੇਂ ਓਵਰ ਤੱਕ ਭਾਰਤ ਨੂੰ 100 ਦੌੜਾਂ ਤੱਕ ਪਹੁੰਚਾਇਆ। ਜੇਮੀਮ੍ਹਾ ਇੱਕ ਵਾਰ ਡੀਆਰਐੱਸ ਵਿੱਚ ਐੱਲਬੀਡਬਲਯੂ ਆਊਟ ਹੋਣ ਦੇ ਫ਼ੈਸਲੇ ਤੋਂ ਬਚੀ। ਆਸਟਰੇਲੀਆ ਲਈ ਐਲਿਸ ਪੈਰੀ (15 ਵਿਕਟਾਂ ਦੇ ਕੇ) ਅਤੇ ਡੈਲਿਸਾ ਕਮਿਨਸ (24 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਲਈ।

Previous articleਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ
Next articleਭਾਰਤ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ’ਚ ਸ਼ਾਮਲ: ਹਰਮਨਪ੍ਰੀਤ