ਸੰਗਰੂਰ (ਸਮਾਜਵੀਕਲੀ) : ਸਥਾਨਕ ਅਕਾਲ ਡਿਗਰੀ ਕਾਲਜ ਫਾਰ ਵਿਮੈੱਨ ਵਿਚ ਕਾਲਜ ਮੈਨੇਜਮੈਂਟ ਵੱਲੋਂ ਕਥਿਤ ਫੰਡਾਂ ਦੀ ਦੁਰਵਰਤੋਂ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਈ ਤਿੰਨ-ਮੈਂਬਰੀ ਉੱਚ ਪੱਧਰੀ ਜਾਂਚ ਟੀਮ ਨੇ ਕਾਲਜ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਰੁਣ ਸ਼ਰਮਾ ਆਈਪੀਐੱਸ ਕਪਤਾਨ ਪੁਲੀਸ ਪਟਿਆਲਾ, ਅਰਵਿੰਦ ਗੋਇਲ ਡਿਪਟੀ ਡਾਇਰੈਕਟਰ ਦਫ਼ਤਰ ਪ੍ਰੀਖਿਅਕ (ਸਥਾਨਕ ਫੰਡ ਅਤੇ ਖਾਤੇ) ਅਤੇ ਸਿਮਰਤ ਕੌਰ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਸ਼ਮੂਲੀਅਤ ਵਾਲੀ ਟੀਮ ਕਰੀਬ ਢਾਈ ਘੰਟੇ ਤੱਕ ਕਾਲਜ ਵਿਚ ਰਹੀ ਅਤੇ ਪਲੇਠੀ ਫੇਰੀ ਦੌਰਾਨ ਕਾਲਜ ਦੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ।
ਜਾਂਚ ਟੀਮ ਨੇ ਸਰਕਾਰ ਵੱਲੋਂ ਬਤੌਰ ਕਾਲਜ ਪ੍ਰਬੰਧਕ ਨਿਯੁਕਤ ਕੀਤੇ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ। ਟੀਮ ਕਾਲਜ ਪ੍ਰਿੰਸੀਪਲ ਡਾ. ਸੁਖਮੀਨ ਸਿੱਧੂ ਨੂੰ ਵੀ ਮਿਲੀ। ਜਾਂਚ ਟੀਮ ਵੱਲੋਂ ਕਾਲਜ ਕੰਪਲੈਕਸ ਦਾ ਦੌਰਾ ਕਰਦਿਆਂ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਗਿਆ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਬੀਤੀ 3 ਜੁਲਾਈ ਨੂੰ ਤਿੰਨ-ਮੈਂਬਰੀ ਉੱਚ ਪੱਧਰੀ ਜਾਂਚ ਟੀਮ ਗਠਿਤ ਕਰ ਕੇ 15 ਦਿਨਾਂ ਦੇ ਅੰਦਰ-ਅੰਦਰ ਵਿਸਥਾਰਿਤ ਪੜਤਾਲ ਕਰ ਕੇ ਸਿਫ਼ਾਰਸ਼ਾਂ ਸਣੇ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਸਨ।
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਅਕਾਲ ਡਿਗਰੀ ਕਾਲਜ ਫਾਰ ਵਿਮੈੱਨ ਦੀ ਪ੍ਰਬੰਧਕ ਕਮੇਟੀ ਨੂੰ ਮੁਅੱਤਲ ਕਰ ਕੇ ਏਡੀਸੀ (ਜਨਰਲ) ਰਾਜੇਸ਼ ਤ੍ਰਿਪਾਠੀ ਨੂੰ ਕਾਲਜ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ ਸੀ। ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਹੈ ਕਿ ਕਾਲਜ ਵਿਚ ਬੀਏ-ਭਾਗ ਪਹਿਲਾ ਲਈ ਲੜਕੀਆਂ ਦਾ ਦਾਖ਼ਲਾ ਜਾਰੀ ਰਹੇਗਾ। ਉਧਰ, ਪੰਜਾਬ-ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵਲੋਂ ਮੈਨੇਜਮੈਂਟ ਕਮੇਟੀ ਨੂੰ ਮੁਅੱਤਲ ਕਰਨ ਅਤੇ ਜਾਂਚ ਲਈ ਕਮੇਟੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।