ਕੁਰਸੀ, ਚੌਧਰ, ਸ਼ੋਹਰਤ, ਜ਼ੁੰਮੇਵਾਰੀ ਤੇ ਸੇਵਾ

(ਸਮਾਜਵੀਕਲੀ)

 

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

ਕੋਈ ਬੰਦਾ ਬਿਨਾਂ ਰੋਟੀ ਪਾਣੀ ਤੋਂ ਕੁਝ ਸਮਾਂ ਜੀਊਂਦਾ ਰਹਿ ਸਕਦਾ, ਪਰ ਜਿਸ ਨੂੰ ਕੁਰਸੀ ਅਤੇ ਚੌਧਰ ਨਾਮ ਦੀਆਂ ਦੋ ਭੁੱਖਾਂ ਲੱਗ ਗਈਆਂ, ਉਹ ਨਾ ਹੀ ਕਦੇ ਸ਼ਾਂਤ ਹੋ ਸਕਦਾ ਹੈ ਤੇ ਨਾ ਹੀ ਉਸ ਦੀਆਂ ਇਹ ਉਕਤ ਭੁੱਖਾਂ ਕਦੇ ਪੂਰੀਆਂ ਹੋ ਸਕਦੀਆਂ ਹਨ । ਅਸਲ ਵਿੱਚ ਇਹ ਹੀ ਉਹ ਦੋ ਭੁੱਖਾਂ ਹਨ ਜੋ ਕਈ ਵਾਰ ਧਰਮ ਕਰਮ ਦਾ ਕਾਰਜ ਕਰਨ ਵਾਲੇ ਕਿਸੇ ਮਨੁੱਖ ਦੇ ਅਚੇਤ ਜਾਂ ਸੁਚੇਤ ਮਨ ਵਿਚ ਕਾਰਜਸ਼ੀਲ ਰਹਿੰਦੀਆ ਹਨ ਤੇ ਇਹਨਾ ਦੋ ਭੁੱਖਾਂ ਦਾ ਸ਼ਿਕਾਰ ਮਨੁੱਖ ਧਰਮ ਕਰਮ ਦੇ ਕਾਰਜਾਂ ਓਹਲੇ ਵੀ ਇਹਨਾਂ ਦੀ ਪੂਰਤੀ ਨੂੰ ਹੀ ਮੁੱਖ ਰੱਖਦਾ ਹੈ । ਕੁਰਸੀ ਤੇ ਚੌਧਰ ਨਾਮ ਦੀਆ ਦੋ ਭੁੱਖਾ ਜੋ ਕਿਸੇ ਮਨੁੱਖ ਵਾਸਤੇ ਬੇਚੈਨੀ ਤੇ ਘਬਰਾਹਟ ਦਾ ਕਾਰਨ ਬਣਦੀਆਂ ਹਨ ਉੱਥੇ ਕਾਮ ਪੂਰਤੀ ਦੀ ਚੇਸ਼ਟਾ ਤੋ ਬਾਅਦ , ਕਰੋਧ, ਲੋਭ, ਮੋਹ ਤੇ ਹੰਕਾਰ ਵੀ ਇਹਨਾਂ ਦੀ ਹੀ ਉਪਜ ਹੁੰਦੇ ਹਨ ।

ਚੌਧਰ ਤੇ ਸੇਵਾ ਵਿਚ ਬੁਨਿਆਦੀ ਅੰਤਰ ਇਹੀ ਹੁੰਦਾ ਹੈ ਕਿ ਜੇਕਰ ਕੋਈ ਜਨਤਕ ਕਾਰਜ ਲੋਕਾਂ ਦੇ ਭਲੇ ਵਾਸਤੇ ਦਿਲੀ ਭਾਵਨਾ ਅਤੇ ਨਿਸ਼ਕਾਮਤਾ ਨਾਲ ਕੀਤਾ ਜਾਵੇ ਤਾਂ ਉਹ ਸੇਵਾ ਹੁੰਦਾ ਹੈ, ਪਰੰਤੂ ਜੇਕਰ ਉਹੀ ਕਾਰਜ ਕਿਸੇ ਵਲੋਂ ਇਹ ਸੋਚ ਕੇ ਕੀਤਾ ਜਾਵੇ ਕਿ ਇਹ ਕਾਰਜ ਮੈ ਹੀ ਕਰ ਸਕਦਾ ਹਾਂ, ਹੋਰ ਕੋਈ ਵੀ ਦੂਸਰਾ ਵਿਅਕਤੀ ਇਸ ਕਾਰਜ ਨੂੰ ਨਹੀ ਕਰ ਸਕਦਾ ਤਾਂ ਇਸ ਭਾਵਨਾ ਵਿਚ, ਚੌਧਰ ਤੇ ਹੰਕਾਰ ਦੋਵੇ ਰਲਕੇ ਸਾਹਮਣੇ ਆਉਣਗੇ ਜੋ ਕੀਤੇ ਜਾਣ ਵਾਲੇ ਕਾਰਜ ਦੀ ਨਿਸ਼ਕਾਮ ਭਾਵਨਾ ਦਾ ਘਾਤ ਕਰ ਦਿੰਦੇ ਹਨ ।

ਸ਼ੋਹਰਤ ਦਾ ਤਾਜ ਪਹਿਨਕੇ ਚੱਲਣ ਵਾਲਾ ਜਦੋ ਉਸ ਤਾਜ ਨੂੰ ਜਿੰਮੇਵਾਰੀ ਦੀ ਬਜਾਏ ਚੌਧਰ ਸਮਝਣ ਲੱਗ ਜਾਵੇ ਤਾਂ ਸਮਝੋ ਉਸ ਅੰਦਰ ਹਾਊਮੈਂ, ਨਫਰਤ ਤੇ ਈਰਖਾ ਦਾ ਸਾੜਾ ਭਾਂਬੜ ਬਣਕੇ ਮਚ ਰਿਹਾ ਹੈ ਤੇ ਅਜਿਹਾ ਵਿਅਕਤੀ ਆਪਣੇ ਅਸਲ ਨਿਸ਼ਾਨੇ ਤੋ ਭਟਕ ਚੁਕਿਆ ਹੈ ਤੇ ਨਿਮਰਤਾ, ਹਮਦਰਦੀ, ਸੇਵਾ ਤੇ ਨਿਸ਼ਕਾਮਤਾ ਨਾਮ ਦੇ ਗੁਣ ਉਹ ਸਿਰਫ ਦਿਖਾਵੇ ਤੇ ਮਤਲਬ ਪਰਸਤੀ ਵਾਸਤੇ ਹੀ ਵਰਤਦਾ ਹੈ ਜਦ ਕਿ ਅਸਲੋ ਇਹਨਾਂ ਗੁਣਾ ਨਾਲ ਅਜਿਹੇ ਵਿਅਕਤੀ ਦਾ ਦੂਰ ਦਾ ਵੀ ਵਾਹ ਵਾਸਤਾ ਵੀ ਨਹੀ ਹੁੰਦਾ । ਤੁਸੀ ਉਸਦੇ ਚਿਹਰੇ ਦੇ ਹਾਵ ਭਾਵ ਤੇ ਨਕਲੀ ਮੁਸਕਾਨ ਤੋ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ਕਿ ਉਹ ਅਜਿਹਾ ਪ੍ਰਭੀਵ ਦੇ ਕੇ ਤੁਹਾਨੂੰ ਸਿਰਫ ਬੁੱਧੂ ਬਣਾ ਰਿਹਾ ਹੈ ।

ਚੌਧਰ ਦਾ ਭੁੱਖਾ ਕਲੇਸ਼ੀ ਹੁੰਦਾ ਹੈ । ਉਹ ਜਿਥੋਂ ਵੀ ਵਿਚਰੇਗਾ ਨਫਰਤ ਫੈਲਾਏਗਾ, ਧੜੇਬੰਦੀਆ ਖੜੀਆ ਕਰੇਗਾ, ਚੰਗੇ ਕਾਰਜਾ ਚ ਵਿਧਨ ਪਾਏਗਾ ਤੇ ਹਮੇਸ਼ਾ ਕੋਸ਼ਿਸ਼ ਕਰੇਗਾ ਕਿ ਜੋ ਵੀ ਹੋਵੇ, ਉਹ ਸਾਰਾ ਉਸ ਦੀ ਮਰਜੀ ਮੁਤਾਬਿਕ ਹੀ ਹੋਵੇ ।

ਨੇਤਾਗਿਰੀ ਤੇ ਚੌਧਰ ਦੇ ਚੱਕਰ ਚ ਉਹ ਇਹ ਵੀ ਭੁੱਲ ਜਾਏਗਾ ਕਿ ਉਹ ਕਿਥੇ ਤੇ ਕਿਸ ਸਥਾਨ ‘ਤੇ ਖੜੇ ਹੋ ਕੇ ਕਿਹੜੀ ਗੱਲ ਕਰ ਰਿਹਾ ਹੈ । ਨੇਤਾਗਿਰੀ ਦਾ ਲਾਲਚ ਉਸ ਨੂੰ ਮਾਨਸਿਕ ਪੱਖੋ ਏਨਾ ਕਮੀਨਾ ਬਣਾ ਦੇਵੇਗਾ ਕਿ ਉਸ ਦੀ ਅਕਲ ‘ਤੇ ਪਰਦਾ ਪੈ ਜਾਵੇਗਾ । ਸ਼ਾਇਦ ਏਹੀ ਕਾਰਨ ਹੈ ਕਿ ਡਾ ਭੀਮ ਰਾਓ ਅੰਬੇਦਕਰ ਨੇ ਕਿਹਾ ਹੈ ਕਿ “ ਆਪਸੀ ਝਗੜਿਆਂ ਤੋਂ ਬਚੋ ਨਹੀਂ ਤਾਂ ਨੇਤਾ ਗਿਰੀ ਦਾ ਲਾਲਚ ਤੁਹਾਨੂੰ ਏਨਾ ਕਮਜ਼ੋਰ ਕਰ ਦੇਵੇਗਾ, ਤੁਹਾਡੀ ਸਥਿਤੀ ਵਿਗੜ ਜਾਵੇਗੀ ਤੇ ਤੁਸੀਂ ਨਿਸ਼ਾਨੇ ਤੋਂ ਭਟਕ ਜਾਵੋਗੇ ।”

ਚੌਧਰ ਅਤੇ ਨੇਤਾਗਿਰੀ ਦੇ ਜਾਲ ਵਿੱਚ ਇਕ ਵਾਰ ਫਸਿਆ ਕੋਈ ਵੀ ਮਨੁੱਖ ਫਿਰ ਵੱਡੇ ਤੋਂ ਵੱਡੇ ਅਪਰਾਧ ਵੀ ਅਸਾਨੀ ਨਾਲ ਕਰਨ ਦਾ ਆਦੀ ਹੋ ਜਾਂਦਾ ਹੈ । ਗੱਲ ਗੱਲ ‘ਤੇ ਝੂਠ ਬੋਲਣਾ ਉਸ ਦੀ ਆਦਤ ਬਣ ਜਾਦੀ ਹੈ ਤੇ ਲੋਕਾਂ ਨੂੰ ਵੱਡੇ ਵੱਡੇ ਸਬਜਬਾਗ ਦਿਖਾ ਕੇ ਉਹਨਾ ਨੂੰ ਭਰਮਾਉਣਾਤ ਤੇ ਆਪਣੇ ਹਿਤਾਂ ਲਈ ਗੁਮਰਾਹ ਕਰਕੇ ਉਹਨਾ ਦਾ ਇਸਤੇਮਾਲ ਕਰਨਾ ਉਸ ਦੀ ਮੁਹਾਰਤ ਬਣ ਜਾਂਦੀ ਹੈ ।

ਇਹ ਆਮ ਦੇਖਿਆ ਜਾਂਦਾ ਹੈ ਕਿ ਇਸ ਤਰਾਂ ਦੀ ਮਾਰੂ ਬਿਰਤੀ ਤੇ ਹਊਮੈਂ ਦੇ ਸ਼ਿਕਾਰ ਲੋਕ ਆਪਣੇ ਆਪ ਨੂੰ ਕਈ ਵਾਰ ਭਗਤ, ਸੇਵਾਦਾਰ, ਪ੍ਰਧਾਨ, ਤੇ ਚੇਅਰਮੈਨ ਆਦਿ ਦਾ ਲੇਬਲ ਲਗਾ ਕੇ ਪੇਸ਼ ਕਰਦੇ ਹਨ ਅਤੇ ਆਪਣੇ ਆਪ ਨੂੰ ਅਸਲੀ ਨਾਵਾਂ ਦੀ ਬਜਾਏ ਉਕਤ ਲਕਬਾਂ ਦੇ ਨਾਮ ਨਾਲ ਹੀ ਬੁਲਾਏ ਜਾਣ ‘ਤੇ ਅਥਾਹ ਖੁਸ਼ੀ ਤੇ ਸਕੂਨ ਮਹਿਸੂਸ ਕਰਦੇ ਹੋਏ ਫੁੱਲਕੇ ਕੁੱਪਾ ਹੋ ਜਾਂਦੇ ਹਨ ।
ਉਕਤ ਕਿਸਮ ਦੇ ਲੋਕ ਆਪਣੇ ਆਲੇ ਦੁਆਲੇ ਚਾਪਲੂਸਾਂ ਦੀ ਭੀੜ ਜਮ੍ਹਾਂ ਰੱਖਣਾ ਪਸੰਦ ਕਰਦੇ ਤੇ ਚਾਪਲੂਸਾਂ ਦੇ ਜਮਘਟੇ ਚ ਰਹਿ ਕੇ ਬਹੁਤ ਖੁਸ਼ ਰਹਿੰਦੇ ਹਨ । ਆਪਣੀ ਮਸ਼ਹੂਰੀ ਵਾਸਤੇ ਪੇਡ ਖ਼ਬਰਾਂ ਵੀ ਲੁਆਉਂਦੇ ਹਨ ਤੇ ਲੋਕਾਂ ਵਿੱਚ ਇਹ ਕੂੜ ਪ੍ਰਚਾਰ ਕਰਦੇ ਹਨ ਕਿ ਉਹ ਮਹਾਨ ਹਨ ਤੇ ਜਨਤਾ ਦੀ ਵੱਡੀ ਸੇਵਾ ਕਰ ਰਹੇ ਹਨ । ਜੇਕਰ ਇੰਜ ਕਹਿ ਲਈਏ ਕਿ ਅਜਿਹੇ ਕਿਸਮ ਦੇ ਸਵਾਰਥੀ ਲੋਕ ਸ਼ੇਰ ਦੀ ਖੱਲ ਚ ਲੂੰਬੜ ਹੁੰਦੇ ਹਨ ਤਾਂ ਗਲਤ ਨਹੀ ਹੋਵੇਗਾ ।

ਮੁਕਦੀ ਗੱਲ ਇਹ ਕੇ ਇਸ ਤਰਾ ਦੇ ਭੁੱਖੜ ਤੇ ਸਵਾਰਥੀ ਲੋਕਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮੂੰਹ ਲਾਉਣੋ ਗੁਰੇਜ ਕਰਨਾ ਚਾਹੀਦਾ ਹੈ, ਉਹਨਾਂ ਦੀਆਂ ਚਿੱਕਨੀਆਂ ਚੋਪੜੀਆਂ ਗੱਲਾਂ ਚ ਆਉਣ ਦੀ ਬਜਾਏ ਉਹਨਾ ਨੂੰ ਮੌਕੇ ‘ਤੇ ਹੀ ਫਿਟਕਾਰਨਾ ਚਾਹੀਦਾ ਹੈ ਤਾਂ ਕਿ ਸਮਾਜ ਅਤੇ ਸਮਾਜਿਕ ਸੰਸਥਾਵਾਂ ਨੁੰ ਅਜਿਹੇ ਕਮੀਨੇ ਸਵਾਰਥੀ ਤੇ ਘਟੀਆ ਅਨਸਰਾਂ ਤੋ ਮੁਕਤ ਰੱਖਿਆ ਜਾ ਸਕੇ ।

 

Previous articleਬਸਪਾ ਦੇ ਨਵ-ਨਿਯੁਕਤ ਪ੍ਰਧਾਨ ਦਾ ਸ਼ਾਮਚੁਰਾਸੀ ‘ਚ ਸਵਾਗਤ
Next articleਯੂ.ਕੇ ਦੇ ਸ਼ਹਿਰ ਲੈਸਟਰ ”ਚ ਗਾਂਧੀ ਦੇ ਬੁੱਤ ਨੂੰ ਲੈ ਕੇ ਵਿਰੋਧ