ਮਾਨਸਾ (ਸਮਾਜ ਵੀਕਲੀ) ( ਔਲਖ ): ਸਿਹਤ ਬਲਾਕ ਖਿਆਲਾ ਕਲਾਂ ਅਧੀਨ ਵੱਖ ਵੱਖ ਪਿੰਡਾਂ ਵਿੱਚ ਕਰੋਨਾ ਟੀਕਾਕਰਨ ਸੰਬੰਧੀ ਕੈਂਪਾਂ ਦੀ ਲੜੀ ਲਗਾਤਾਰ ਜਾਰੀ ਹੈ। ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਮੂਸਾ, ਰੜ, ਅਤੇ ਰਾਧਾ ਸਵਾਮੀ ਸਤਸੰਗ ਘਰ ਭੀਖੀ ਵਿਖੇ 533 ਵਿਅਕਤੀਆਂ ਨੇ ਮੁਫਤ ਕਰੋਨਾ ਟੀਕਾਕਰਨ ਦਾ ਲਾਭ ਲਿਆ। ਸਿਵਲ ਸਰਜਨ ਡਾ ਸੁਖਵਿੰਦਰ ਸਿੰਘ ਨੇ ਪਿੰਡ ਮੂਸਾ ਵਿਖੇ ਪਹੁੰਚ ਕੇ ਕੈਂਪ ਦਾ ਨਿਰੀਖਣ ਕਰਦਿਆਂ ਕਿਹਾ ਕਿ ਕੋਵਿਡ ਵੈਕਸੀਨ ਟੀਕਾਕਰਨ ਇਸ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਕ ਵਧੀਆ ਉਪਾਅ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਹਰਦੀਪ ਸ਼ਰਮਾਂ ਨੇ ਕਿਹਾ ਕਿ ਵਿਸ਼ਵ ਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ ਕੋਵਿਡ ਵੈਕਸੀਨ ਟੀਕਾਕਰਨ ਲਈ ਧਾਰਮਿਕ ਸ਼ਖਸੀਅਤਾਂ ਅਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਲੋਕ ਉਤਸ਼ਾਹ ਨਾਲ ਸਿਹਤ ਵਿਭਾਗ ਦੇ ਟੀਕਾਕਰਨ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਬਲਾਕ ਐਕਸਟੈਨਸ਼ਨ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪਿੰਡਾਂ ਵਿਚ ਬਣੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਚ ਵੀ ਕੋਵਿਡ-19 ਵੈਕਸੀਨ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਹਜ਼ਾਰਾਂ ਲੋਕਾਂ ਵਲੋਂ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸਿਹਤ ਕਰਮੀ ਚਾਨਣ ਦੀਪ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣਾ ਜਾਂ ਅਫਵਾਹਾਂ ‘ਤੇ ਅਮਲ ਨਹੀਂ ਕਰਨਾ ਚਾਹੀਦਾ ਬਲਕਿ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵੈਕਸੀਨ ਦਾ ਟੀਕਾਕਰਨ ਕਰਵਾਉਣਾ ਹੋਰ ਵੀ ਜਰੂਰੀ ਹੈ। ਇਸ ਮੌਕੇ ਸੰਦੀਪ ਸਿੰਘ, ਹਰਦੀਪ ਸਿੰਘ, ਲਵਦੀਪ ਸਿੰਘ, ਮਨਦੀਪ ਕੌਰ, ਵਰਿੰਦਰ ਕੌਰ, ਖੁਸ਼ਦੀਪ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।