ਨਿਊਯਾਰਕ- ਹੁਣ ਜਦੋਂ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਆਖ਼ਰੀ ਗੇੜ ਵੱਲ ਵਧ ਰਹੀਆਂ ਹਨ, ਦੁਨੀਆ ਦੇ ਮੰਨੇ-ਪ੍ਰਮੰਨੇ ਰਸਾਲੇ ‘ਟਾਈਮ’ ਨੇ ਆਪਣੇ ਕੌਮਾਂਤਰੀ ਐਡੀਸ਼ਨ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਿਵਾਦ ਖੜ੍ਹਾ ਕਰਨ ਦੀ ਸਮਰੱਥਾ ਰੱਖਦੀ ਹੈੱਡਲਾਈਨ ਨਾਲ ਛਾਪੀ ਹੈ। ਅਮਰੀਕਨ ਰਸਾਲੇ ਦੇ ਕੌਮਾਂਤਰੀ ਐਡੀਸ਼ਨ ਵਿਚ ਮੋਦੀ ਦੀ ਕਵਰ ਸਟੋਰੀ (ਮੁੱਖ ਲੇਖ) ਦੀ ਮੁੱਖ ਹੈੱਡਲਾਈਨ ਹੈ ‘ਇੰਡੀਆ’ਜ਼ ਡਿਵਾਈਡਰ ਇਨ ਚੀਫ਼’ (ਭਾਰਤ ’ਚ ਵੰਡੀਆਂ ਪਾਉਣ ਵਾਲਾ)। ਇਕ ਵੱਖਰਾ ਲੇਖ ‘ਮੋਦੀ ਦਿ ਰਿਫ਼ਾਰਮਰ’ (ਸੁਧਾਰਕ ਮੋਦੀ) ਦੇ ਸਿਰਲੇਖ ਹੇਠ ਛਪਿਆ ਹੈ। ਮੋਦੀ ’ਤੇ ਆਧਾਰਿਤ ਇਹ ਕਵਰ ਸਟੋਰੀ (ਲੇਖ) ਭਾਰਤੀ ਮਹਿਲਾ ਪੱਤਰਕਾਰ ਤਵਲੀਨ ਸਿੰਘ ਤੇ ਮਰਹੂਮ ਪਾਕਿਸਤਾਨੀ ਸਿਆਸਤਦਾਨ ਸਲਮਾਨ ਤਾਸੀਰ ਦੇ ਪੁੱਤਰ ਆਤਿਸ਼ ਤਾਸੀਰ ਨੇ ਲਿਖੀ ਹੈ। ਇਸ ’ਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਨਿੰਦਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਕਾਂਗਰਸ ਕੋਲ ਵੰਸ਼ਵਾਦ ਦੀ ਸਿਆਸਤ ਤੋਂ ਇਲਾਵਾ ਹੋਰ ਕੁਝ ਪਰੋਸਣ ਲਈ ਘੱਟ ਹੀ ਹੈ। ‘ਮੋਦੀ ਦਿ ਰਿਫ਼ਾਰਮਰ’ ਨੂੰ ਯੂਰੇਸ਼ੀਆ ਗਰੁੱਪ ਦੇ ਪ੍ਰਧਾਨ ਤੇ ਬਾਨੀ ਇਯਾਨ ਬ੍ਰੈਮਰ ਨੇ ਲਿਖਿਆ ਹੈ। ਤਾਸੀਰ ਦੇ ਲੇਖ ਵਿਚ ਹੋਰ ਸਵਾਲਾਂ ਨੂੰ ਵੀ ਉਭਾਰਿਆ ਗਿਆ ਹੈ- ਜਿਵੇਂ ਕਿ ‘ਕੀ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਦੇ ਪੰਜ ਹੋਰ ਸਾਲ ਸਹਿ ਸਕੇਗਾ?’ ਜਦਕਿ ਬ੍ਰੈਮਰ ਨੇ ਲਿਖਿਆ ਹੈ ਕਿ ਮੋਦੀ ‘ਆਰਥਿਕ ਸੁਧਾਰਾਂ ਲਈ ਭਾਰਤ ਲਈ ਵੱਡੀ ਆਸ ਹਨ’। ਤਾਸੀਰ ਨੇ ਲਿਖਿਆ ਹੈ ਕਿ ਮੋਦੀ ਦਾ ਕੋਈ ਧਾਰਮਿਕ ਚਮਤਕਾਰ ਸਾਕਾਰ ਨਹੀਂ ਹੋਇਆ ਤੇ ਉਨ੍ਹਾਂ ਦੇਸ਼ ’ਚ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦੇ ਪਾਸਾਰ ’ਚ ਮਦਦ ਕੀਤੀ ਹੈ। ਵਿਕਾਸ ਦੇ ਵਾਅਦਿਆਂ ਤੋਂ ਦੂਰ, ਮੋਦੀ ਨੇ ਇਕ ਅਜਿਹਾ ਮਾਹੌਲ ਬਣਾਇਆ ਹੈ ਜਿੱਥੇ ਭਾਰਤੀ ਆਪਣੇ ਵਖ਼ਰੇਵਿਆਂ ਨਾਲ ਨਾਕਾਰਾਤਮਕ ਮੋਹ ਪਾਲ ਰਹੇ ਹਨ। ਤਾਸੀਰ ਨੇ ਪ੍ਰਿਯੰਕਾ-ਰਾਹੁਲ ਜੋੜੀ ਦੀ ਤੁਲਨਾ ਹਿਲੇਰੀ-ਚੈਲਸੀ ਦੀ ਜੋੜੀ ਨਾਲ ਕੀਤੀ। ਤਾਸੀਰ ਨੇ ਲਿਖਿਆ ਹੈ ਕਿ ਮੋਦੀ ਨੂੰ ਵਿਰੋਧੀ ਵੀ ਕਮਜ਼ੋਰ ਮਿਲੇ। ਜਦਕਿ ਬ੍ਰੈਮਰ ਨੇ ਮੋਦੀ ਨੂੰ ਆਰਥਿਕ ਸੁਧਾਰਾਂ ਦਾ ਸਿਹਰਾ ਦਿੱਤਾ ਹੈ ਤੇ ਵਿਦੇਸ਼ ਨੀਤੀ ਵਿਚ ਵੀ ਚੰਗਾ ਦੱਸਿਆ ਹੈ।
HOME ‘ਟਾਈਮ’ ਰਸਾਲੇ ਨੇ ਮੋਦੀ ਨੂੰ ਦੱਸਿਆ ‘ਡਿਵਾਈਡਰ-ਇਨ-ਚੀਫ਼’