ਟਵਾਸਨ ਤੋਂ ਵਿਕਟੋਰੀਆ ਤੱਕ..

(ਸਮਾਜ ਵੀਕਲੀ)

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਬਹੁਤ ਹੀ ਖ਼ੂਬਸੂਰਤ ਸ਼ਹਿਰ ਹੈ। ਭਾਵੇਂ ਧਰਾਤਲ ਤੌਰ ਤੇ ਇਹ ਬ੍ਰਿਟਿਸ਼ ਕੋਲੰਬੀਆ ਨਾਲ ਨਹੀਂ ਜੁਡ਼ਿਆ ਹੋਇਆ।ਸਮੁੰਦਰ ਦੇ ਰਸਤੇ ਹੀ ਇੱਥੇ ਜਾਇਆ ਜਾਂਦਾ ਹੈ। ਚਾਰ ਚੁਫ਼ੇਰੇ ਸਮੁੰਦਰ ਨਾਲ ਘਿਰਿਆ ਹੋਇਆ ਖੂਬਸੂਰਤ ਆਈਲੈਂਡ ਹੈ। ਵਿਕਟੋਰੀਆ ਜਾਣ ਲਈ ਬ੍ਰਿਟਿਸ਼ ਕੋਲੰਬੀਆ ਤੋਂ ਫੈਰੀ ਤੇ ਜਾਣਾ ਪੈਂਦਾ ਹੈ। ਛੋਟੇ ਸਮੁੰਦਰੀ ਜਹਾਜ਼ਾਂ ਨੂੰ ਫੈਰੀ ਕਿਹਾ ਜਾਂਦਾ ਹੈ। ਇਸ ਦਾ ਸਫ਼ਰ ਬੇਹੱਦ ਮਜ਼ੇਦਾਰ ਹੈ। ਫੈਰੀ ਦੇ ਹੇਠਲੇ ਹਿੱਸੇ ਤੇ ਪਾਰਕਿੰਗ ਦਾ ਪ੍ਰਬੰਧ ਹੁੰਦਾ। ਟਵਾਸਨ ਤੋਂ ਵਿਕਟੋਰੀਆ ਜਾਣ ਲਈ ਗੱਡੀ ਸਿੱਧੀ ਫੈਰੀ ਦੀ ਪਾਰਕਿੰਗ ਵਿੱਚ ਲੱਗਦੀ ਹੈ। ਇੱਥੇ ਇੱਕ ਫੈਰੀ ਵਿੱਚ ਤਿੰਨ ਸੌ ਦੇ ਕਰੀਬ ਗੱਡੀਆਂ ਲੱਗ ਜਾਂਦੀਆਂ ਹਨ।

ਪੌੜੀਆਂ ਜਾਂ ਲਿਫਟਾਂ ਰਾਹੀਂ ਫੈਰੀ ਦੇ ਉੱਪਰ ਵਾਲੀਆਂ ਮੰਜ਼ਿਲਾਂ ਤਕ ਜਾਇਆ ਜਾਂਦਾ ਹੈ। ਇਸ ਦੇ ਅੰਦਰ ਖਾਣ ਪੀਣ ਵਾਲੀਆਂ ਵਸਤਾਂ ਤੋਂ ਇਲਾਵਾ ਸਵੈਟਰ, ਜੈਕਟਾਂ, ਟੋਪੀਆਂ ਆਦਿ ਚੀਜ਼ਾਂ ਦੀ ਵੀ ਵਿਵਸਥਾ ਹੈ। ਡੇਢ ਘੰਟੇ ਦੇ ਇਸ ਸਫ਼ਰ ਵਿੱਚ ਸਮੁੰਦਰ ਵਿੱਚ ਬਣੇ ਛੋਟੇ ਛੋਟੇ ਟਾਪੂਆਂ ਦਾ ਦਿਲਕਸ਼ ਨਜ਼ਾਰਾ ਵੀ ਦੇਖਣ ਨੂੰ ਮਿਲਦਾ ਹੈ। ਹਰੇ-ਭਰੇ ਪੇੜ-ਪੌਦਿਆਂ ਨਾਲ ਲੱਦੇ ਇਹ ਟਾਪੂ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦੇ। ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਤੇ ਸੁਨਾਮੀ ਵਰਗੀ ਆਫ਼ਤ ਤੋਂ ਬਚਾਉਣ ਲਈ ਇਹ ਚੱਟਾਨਾਂ ਵਾਂਗ ਖਡ਼੍ਹੇ ਦਿਖਾਈ ਦਿੰਦੇ ਹਨ। ਦੂਰੋਂ ਪਰਬਤਾਂ ਵਰਗੀ ਦਿੱਖ ਵਾਲੇ ਇਹ ਟਾਪੂ ਸਮੁੰਦਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਪ੍ਰਤੀਤ ਹੁੰਦੇ ਹਨ।ਸਮੁੰਦਰ ਦੀਆਂ ਲਹਿਰਾਂ ਨਾਲ ਖਹਿੰਦੀ ਤਾਜ਼ੀ ਤੇ ਠੰਢੀ ਹਵਾ ਸਰੀਰ ਨੂੰ ਕੰਬਣੀ ਜਿਹੀ ਛੇੜ ਦਿੰਦੀ ਹੈ।

ਗਰਮੀਆਂ ਦੇ ਮੌਸਮ ਵਿੱਚ ਵੀ ਸੀਤ ਹਵਾ ਜੈਕਟ ਪਹਿਨਣ ਲਈ ਮਜਬੂਰ ਕਰ ਦਿੰਦੀ ਹੈ। ਕਈ ਇੱਥੋਂ ਦੇ ਵਸਨੀਕ ਲੋਕ ਕੰਮਕਾਰਾਂ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਇਨ੍ਹਾਂ ਆਈਲੈਂਡ ਤੇ ਰਹਿਣ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਰਮਣੀਕ ਸਥਾਨਾਂ ਤੇ ਟਾਵੇਂ-ਟਾਵੇਂ ਘਰ ਵੀ ਵੇਖਣ ਨੂੰ ਮਿਲਦੇ ਹਨ। ਇੱਥੇ ਰੈਣ-ਬਸੇਰਾ ਕਰਨ ਵਾਲੇ ਲੋਕਾਂ ਕੋਲ ਰੋਜ਼-ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸ਼ਤੀਆਂ ਵੀ ਰੱਖੀਆਂ ਹੋਈਆਂ ਹਨ। ਭਾਵੇਂ ਇਨ੍ਹਾਂ ਟਾਪੂਆਂ ਤੇ ਬਿਜਲੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਪਰ ਫਿਰ ਵੀ ਇੱਕਾ ਦੁੱਕਾ ਸਥਾਨਾਂ ਤੇ ਬਿਜਲੀ ਤੋਂ ਬਿਨਾਂ ਵੀ ਲੋਕ ਰਹਿਣਾ ਪਸੰਦ ਕਰਦੇ ਹਨ।

ਸਾਫ਼- ਸੁਥਰਾ ਵਾਤਾਵਰਨ ਸ਼ੋਰ ਸ਼ਰਾਬੇ ਤੋਂ ਦੂਰ ਸਿਰਫ਼ ਇਕਾਂਤ ਵਿਚ ਰਹਿਣਾ ਇਨ੍ਹਾਂ ਲੋਕਾਂ ਦੀ ਪਸੰਦ ਹੈ। ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਇਹ ਟਾਪੂ ਕੁਦਰਤ ਨੂੰ ਬੁੱਕਲ ਵਿੱਚ ਸਮੋ ਕੇ ਬੈਠੇ ਹਨ।ਕੁਦਰਤ ਦਾ ਅਸੀਮ ਸੁਹੱਪਣ ਤੇ ਸਮੁੰਦਰ ਦੀ ਅਸੀਮ ਵਿਸ਼ਾਲਤਾ “ਬਲਿਹਾਰੀ ਕੁਦਰਤਿ ਵਸਿਆ..” ਨੂੰ ਹੂ-ਬਹੂ ਪੇਸ਼ ਕਰਦਾ ਹੈ। ਇਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਨਿਹਾਰਦਿਆਂ ਡੇਢ ਘੰਟੇ ਦਾ ਸਫ਼ਰ ਪਲਾਂ ਵਿੱਚ ਹੀ ਸੀਮਤ ਹੋ ਗਿਆ ਜਾਪਦਾ ਹੈ। ਆਪਣੇ ਨਿੱਜੀ ਸਾਧਨਾਂ ‘ਤੇ ਵਿਕਟੋਰੀਆ ਘੁੰਮਣ ਦਾ ਆਨੰਦ ਕੁਝ ਵੱਖਰਾ ਹੀ ਹੈ। ਸਮੁੰਦਰ ਦੇ ਕੰਢੇ ਸ਼ਹਿਰ ਦਾ ਭੀੜ-ਭੜੱਕੇ ਵਾਲਾ ਏਰੀਆ ਡਾਊਨ ਟਾਊਨ ਬਣਿਆ ਹੋਇਆ ਹੈ, ਜਿੱਥੇ ਸੈਲਾਨੀਆਂ ਦੀ ਕਾਫੀ ਭੀੜ ਰਹਿੰਦੀ ਹੈ,ਇਹ ਵੀ ਵੇਖਣ ਯੋਗ ਹੈ। ਇੱਥੇ ਸਮੁੰਦਰ ‘ਚ ਸੈਲਾਨੀ ਬੋਟਿੰਗ ਕਰਨ ਦਾ ਨਜ਼ਾਰਾ ਲੈਂਦੇ ਹਨ।

ਕਿਸ਼ਤੀ ਵਾਲੇ ਸੈਲਾਨੀਆਂ ਨੂੰ ਵੇਲ ਵਾਚਿੰਗ ਦੇ ਨਾਂ ਤੇ ਸਮੁੰਦਰ ਦੀ ਦੂਰ ਤਕ ਬੋਟਿੰਗ ਕਰਵਾਉਂਦੇ ਹਨ ਤਾਂ ਕਿ ਵੇਲ ਮੱਛੀਆਂ ਨੂੰ ਨੇਡ਼ਿਓਂ ਤੱਕਿਆ ਜਾ ਸਕੇ।ਅਗਰ ਅਜਿਹਾ ਨਹੀਂ ਹੁੰਦਾ ਤਾਂ ਇੱਕ ਪਾਸ ਬਣਾ ਕੇ ਦਿੰਦੇ ਹਨ ਜੋ ਕਿ ਅਗਲੇ ਦਸ ਸਾਲ ਤਕ ਚੱਲਦਾ ਹੈ ਜਦੋਂ ਤਕ ਵੇਲ ਨੂੰ ਦੇਖ ਨਹੀਂ ਪਾਉਂਦੇ। ਇਸ ਪਾਸ ਤੇ ਜਿੰਨੀ ਵਾਰ ਮਰਜ਼ੀ ਆ ਸਕਦੇ ਹੋ। ਸਮੁੰਦਰ ਦਾ ਕਿਨਾਰਾ ਡਾਊਨ ਟਾਊਨ ਅਤੇ ਵਿਕਟੋਰੀਆ ਦੀ ਪਾਰਲੀਮੈਂਟ ਦੇ ਵਿਚਕਾਰ ਪੈਂਦਾ ਹੈ। ਸ਼ਨੀਵਾਰ ਤੇ ਐਤਵਾਰ ਦੋ ਦਿਨ ਸੈਲਾਨੀਆਂ ਨੂੰ ਪਾਰਲੀਮੈਂਟ ਅੰਦਰੋਂ ਵੇਖਣ ਦੀ ਇਜਾਜ਼ਤ ਹੈ। ਗੇਟ ਤੋਂ ਪਾਸ ਲੈ ਕੇ ਗਾਈਡ ਦੀ ਮਦਦ ਨਾਲ ਅੰਦਰੋਂ ਸਾਰੀ ਪਾਰਲੀਮੈਂਟ ਘੁੰਮ ਸਕਦੇ ਹਾਂ।ਗਾਈਡ ਨਾਲ-ਨਾਲ ਉਥੋਂ ਦੇ ਇਤਿਹਾਸ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਦੋ ਦਿਨਾਂ ਦੀ ਛੁੱਟੀ ਹੋਣ ਕਰਕੇ ਇਹ ਆਮ ਪਬਲਿਕ ਲਈ ਖੁੱਲ੍ਹਾ ਹੁੰਦਾ ਹੈ।

ਪਾਰਲੀਮੈਂਟ ਦੇ ਅੰਦਰੋਂ ਦੂਰ ਤੱਕ ਡਾਊਨ ਟਾਊਨ ਏਰੀਆ ਤੇ ਸਮੁੰਦਰ ਕਿਨਾਰਿਆਂ ਨਾਲ ਭਰਿਆ ਗਾਰਡਨ ਬੜੇ ਸੁੰਦਰ ਦਿਖਾਈ ਦਿੰਦੇ ਹਨ। ਪੁਰਾਤਨ ਟਾਂਗਿਆਂ ਦੀ ਸਵਾਰੀ ਵੀ ਇੱਥੇ ਆਮ ਦੇਖਣ ਨੂੰ ਮਿਲਦੀ ਹੈ। ਟਾਂਗੇ ਦੀ ਸਵਾਰੀ ਕਰਨ ਦਾ ਆਪਣਾ ਹੀ ਲੁਤਫ਼ ਹੈ। ਇੱਥੋਂ ਦੀ ਆਬਾਦੀ ਇੱਕ ਲੱਖ ਦੇ ਕਰੀਬ ਹੈ। ਇਹ ਆਈਲੈਂਡ ਕਰੀਬ ਵੀਹ ਕੁ ਕਿਲੋਮੀਟਰ ਦੇ ਏਰੀਏ ਵਿਚ ਫੈਲਿਆ ਹੋਇਆ ਹੈ।ਇੱਥੋਂ ਦੀ ਧਰਤੀ ਹਰੇ ਭਰੇ ਸੰਘਣੇ ਦਰੱਖਤਾਂ ਤੇ ਰੰਗ ਬਿਰੰਗੇ ਟਹਿਕਦੇ ਮਹਿਕਦੇ ਫੁੱਲਾਂ ਨਾਲ ਸ਼ਿੰਗਾਰੀ ਹੋਈ ਹੈ। ਚਾਰ ਚੁਫੇਰੇ ਹਰਿਆਵਲ ਦੀ ਸੰਘਣੀ ਲੋਈ ‘ਚ ਲਿਪਟਿਆ ਵਿਕਟੋਰੀਆ ਕਿਸੇ ਜੰਨਤ ਤੋਂ ਘੱਟ ਨਹੀਂ ,ਵਿਕਟੋਰੀਆ ਰੰਗ ਬਰੰਗੇ ਬਾਗ਼ ਬਗੀਚੇ ਬਹੁਤ ਹੀ ਖੂਬਸੂਰਤ ਬੰਦਰਗਾਹ ਅਤੇ ਕਮਾਲ ਦੇ ਨਕਸ਼ੇ ਵਿੱਚ ਬੱਝਿਆ ਹੋਇਆ ਸ਼ਹਿਰ ਹੈ।

ਗੁਰਜੀਤ ਕੌਰ ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWorld Bank estimates Pakistan flood losses at $40 billion
Next articleਭਾਈ ਜੇਠਾ ਜੀ