ਵਾਸ਼ਿੰਗਟਨ (ਸਮਾਜਵੀਕਲੀ) : ਕੌਮੀ ਸਮਾਰਕਾਂ ਨੂੰ ਨੁਕਸਾਨਣ ਵਾਲਿਆਂ ਖ਼ਿਲਾਫ਼ ਮੁਕੱਦਮਾ ਚਲਾਉਣ ਅਤੇ ਇਸ ਅਪਰਾਧ ਲਈ 10 ਸਾਲ ਕੈਦ ਦੀ ਸਜ਼ਾ ਦੇਣ ਸਬੰਧੀ ਹੁਕਮਾਂ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਸਤਾਖ਼ਰ ਕਰ ਦਿੱਤੇ ਹਨ।
ਇਹ ਹੁਕਮ 25 ਮਈ ਨੂੰ ਅਫ਼ਰੀਕੀ ਮੂਲ ਦੇ ਇਕ ਅਮਰੀਕੀ ਜੌਰਜ ਫਲੋਇਡ ਦੀ ਪੁਲੀਸ ਹਿਰਾਸਤ ਵਿੱਚ ਬੇਰਹਿਮੀ ਨਾਲ ਹੋਈ ਮੌਤ ਤੋਂ ਬਾਅਦ ਦੇਸ਼ ਵਿੱਚ ਫੈਲੀ ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਇਤਿਹਾਸਕ ਥਾਵਾਂ, ਸਮਾਰਕਾਂ ਤੇ ਬੁੱਤਾਂ ਦੀ ਕੀਤੀ ਗਈ ਭੰਨ੍ਹਤੋੜ ਨੂੰ ਧਿਆਨ ਵਿੱਚ ਰੱਖਦਿਆਂ ਅਮਲ ਵਿੱਚ ਲਿਆਂਦੇ ਗਏ ਹਨ। ਰਾਸ਼ਟਰਪਤੀ ਵੱਲੋਂ ਇਸ ਹਿੰਸਾ ਲਈ ਖੱਬੇ ਪੱਖੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਸ੍ਰੀ ਟਰੰਪ ਨੇ ਇਸ ਸਬੰਧੀ ਜਾਰੀ ਸਖ਼ਤ ਹੁਕਮਾਂ ਵਿੱਚ ਕਿਹਾ, ‘‘ਮੇਰਾ ਪ੍ਰਸ਼ਾਸਨ ਖੱਬੇ ਪੱਖੀਆਂ ਵੱਲੋਂ ਭੜਕਾਈ ਗਈ ਹਿੰਸਕ ਭੀੜ ਨੂੰ ਇਤਿਹਾਸ ਦੇ ਉਨ੍ਹਾਂ ਪਹਿਲੂਆਂ ਦਾ ਸਾਲਸ ਬਣਨ ਦੀ ਇਜਾਜ਼ਤ ਨਹੀਂ ਦੇ ਸਕਦਾ ਜਿਨ੍ਹਾਂ ਨੂੰ ਜਨਤਕ ਥਾਵਾਂ ’ਤੇ ਛੋਟ ਮਿਲ ਜਾਵੇ।’’ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਹਫ਼ਤਿਆਂ ਤੋਂ ਆਮ ਲੋਕਾਂ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀਆਂ ਜ਼ਿੰਦਗੀਆਂ ਤੇ ਜਾਇਦਾਦਾਂ, ਸਰਕਾਰੀ ਜਾਇਦਾਦਾਂ ਅਤੇ ਲਿੰਕਨ ਯਾਦਗਾਰ ਵਰਗੇ ਅਮਰੀਕੀ ਸਮਾਰਕਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਹੁਣ ਇਨ੍ਹਾਂ ਹੁਕਮਾਂ ਅਧੀਨ ਸੰਘੀ ਸਰਕਾਰ ਨੂੰ ਧਾਰਮਿਕ ਜਾਂ ਹੋਰ ਸਮਾਰਕਾਂ ਦੀ ਭੰਨ੍ਹਤੋੜ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮੇ ਚਲਾਉਣ ਦੀ ਹਦਾਇਤ ਕੀਤੀ ਗਈ ਹੈ।