ਵਾਸ਼ਿੰਗਟਨ (ਸਮਾਜਵੀਕਲੀ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੇ ਦਿਨ ਕਰੋਨਾਵਾਇਰਸ ਮਹਾਮਾਰੀ ਅਤੇ ਦੁਨੀਆ ਦੀ ਅਰਥਵਿਵਸਥਾ ਬਾਰੇ ਚਰਚਾ ਕਰਨ ਲਈ ਜਰਮਨੀ ਤੇ ਸਾਊਦੀ ਅਰਬ ਸਣੇ ਵਿਸ਼ਵ ਦੇ ਕਈ ਆਗੂਆਂ ਨਾਲ ਗੱਲਬਾਤ ਕੀਤੀ। ਇਹ ਜਾਣਕਾਰੀ ਅੱਜ ਵ੍ਹਾਈਟ ਹਾਊਸ ਨੇ ਦਿੱਤੀ।
ਵ੍ਹਾਈਟ ਹਾਊਸ ਅਨੁਸਾਰ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਟਰੰਪ ਤੇ ਸਾਊਦੀ ਅਰਬ ਦੇ ਸੁਲਤਾਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ-ਸਾਊਦ ਵੱਲੋਂ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ’ਚ ਹੋਏ ਸਕਾਰਾਤਮਕ ਸੁਧਾਰਾਂ ਅਤੇ ਦੁਨੀਆ ਦੀ ਅਰਥਵਿਵਸਥਾ ਨੂੰ ਮੁੜ ਪੈਰਾਂ ਸਿਰ ਕਰਨ ਬਾਰੇ ਚਰਚਾ ਕੀਤੀ ਗਈ।
ਟੈਲੀਫੋਨ ’ਤੇ ਹੋਈ ਇਕ ਹੋਰ ਵੱਖਰੀ ਗੱਲਬਾਤ ਦੌਰਾਨ ਟਰੰਪ ਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੱਲੋਂ ਵੀ ਕਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਉਠਾਏ ਗਏ ਕਦਮਾਂ, ਖੋਜ ਕਾਰਜਾਂ ਅਤੇ ਅਮਰੀਕਾ ਤੇ ਜਰਮਨੀ ਦੀਆਂ ਅਰਥਵਿਵਸਥਾਵਾਂ ਖੋਲ੍ਹਣ ਬਾਰੇ ਚਰਚਾ ਕੀਤੀ ਗਈ। ਇਸੇ ਦੌਰਾਨ ਸ੍ਰੀ ਟਰੰਪ ਵੱਲੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੁਹੀਦੀਨ ਯਾਸਿਨ ਨਾਲ ਵੀ ਕਰੋਨਾਵਾਇਰਸ ਦੇ ਖ਼ਾਤਮੇ ਸਬੰਧੀ ਚਰਚਾ ਕੀਤੀ ਗਈ।