ਤਹਿਰਾਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਇੱਕ ਚਰਚਿਤ ਪਹਿਲਵਾਨ ਨਾਵੀਦ ਅਫ਼ਕਾਰੀ ਨੂੰ ਫਾਹੇ ਨਾ ਲਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਉਸ ’ਤੇ 2018 ਦੀਆਂ ਸਰਕਾਰ ਵਿਰੋਧੀ ਰੈਲੀਆਂ ਦੌਰਾਨ ਜਲ ਸਪਲਾਈ ਕੰਪਨੀ ਦੇ ਇੱਕ ਮੁਲਾਜ਼ਮ ਨੂੰ ਮਾਰਨ ਦਾ ਦੋਸ਼ ਹੈ।
ਨਵੀਦ ਅਫ਼ਕਾਰੀ (27) ਸੁਣਾਈ ਮੌਤ ਦੀ ਸਜ਼ਾ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ੍ਰੀ ਟਰੰਪ ਨੇ ਟਵੀਟ ਕੀਤਾ, ‘ਮੈਂ ਇਰਾਨ ਦੇ ਨੇਤਾਵਾਂ ਦੀ ਬਹੁਤ ਪ੍ਰਸ਼ੰਸਾ ਕਰਾਂਗਾ ਜੇਕਰ ਉਹ ਇਸ ਨੌਜਵਾਨ ਦੀ ਜ਼ਿੰਦਗੀ ਬਖਸ਼ ਕੇ ਉਸਨੂੰ ਫਾਹੇ ਨਹੀਂ ਲਗਾਉਣਗੇ। ਧੰਨਵਾਦ।’ ਸ਼ਿਰਾਜ ਵਿੱਚ ਸੂਬਾਈ ਅਦਾਲਤ ਵੱਲੋਂ ਅਫ਼ਕਾਰੀ ਨੂੰ ਮੌਤ ਜਦਕਿ ਉਸਦੇ ਭਰਾਵਾਂ ਵਾਹਦ ਅਫ਼ਕਾਰੀ ਅਤੇ ਹਬੀਬ ਅਫ਼ਕਾਰੀ ਨੂੰ ਕ੍ਰਮਵਾਰ 54 ਅਤੇ 27 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਤਿੰਨੋਂ ਉਸਾਰੀ ਕਾਮੇ ਹਨ। ਉਨ੍ਹਾਂ ਰੈਲੀਆਂ ਦੌਰਾਨ ਇਕ ਮੁਲਾਜ਼ਮ ਨੂੰ ਜਾਨੋ ਮਾਰ ਦਿੱਤਾ ਸੀ।