ਵਾਸ਼ਿੰਗਟਨ– ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਰਾਹ ਲੱਭਣ ਲਈ ਗੱਲਬਾਤ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਖੇਤਰੀ ਸੁਰੱਖਿਆ ਦੇ ਮਾਮਲਿਆਂ ਬਾਰੇ ਵੀ ਨਜ਼ਰਸਾਨੀ ਕੀਤੀ। ਟਰੰਪ ਅਤੇ ਮੋਦੀ ਵਿਚਕਾਰ ਟੈਲੀਫੋਨ ’ਤੇ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਇਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਵੱਲੋਂ ਮਾਰ ਮੁਕਾਏ ਜਾਣ ਮਗਰੋਂ ਖਾੜੀ ਖ਼ਿੱਤੇ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੋਵੇਂ ਆਗੂਆਂ ਵਿਚਕਾਰ ਨਵੇਂ ਸਾਲ ’ਚ ਇਹ ਪਹਿਲੀ ਗੱਲਬਾਤ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਵ੍ਹਾਈਟ ਹਾਊਸ ’ਚ ਪਰਤੇ ਟਰੰਪ ਦੀ ਕਿਸੇ ਕੌਮਾਂਤਰੀ ਆਗੂ ਨਾਲ ਟੈਲੀਫੋਨ ’ਤੇ ਹੋਈ ਪਹਿਲੀ ਗੱਲਬਾਤ ਹੈ। ਵ੍ਹਾਈਟ ਹਾਊਸ ਨੇ ਕਿਹਾ,‘‘ਅੱਜ ਰਾਸ਼ਟਰਪਤੀ ਡੋਨਲਡ ਜੇ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਨੇ ਇਕ-ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।’’ ਦੋਵੇਂ ਆਗੂਆਂ ਵਿਚਕਾਰ ‘ਖੇਤਰੀ ਸੁਰੱਖਿਆ ਮਾਮਲਿਆਂ’ ਨੂੰ ਲੈ ਕੇ ਹੋਈ ਗੱਲਬਾਤ ਦੇ ਵੇਰਵੇ ਵ੍ਹਾਈਟ ਹਾਊਸ ਨੇ ਨਸ਼ਰ ਨਹੀਂ ਕੀਤੇ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਟੈਲੀਫੋਨ ’ਤੇ ਗੱਲਬਾਤ ਕਰਕੇ ਖਾੜੀ ਖ਼ਿੱਤੇ ’ਚ ਪੈਦਾ ਹੋਏ ਤਣਾਅ ’ਤੇ ਭਾਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।