ਟਰੰਪ ਨੇ ਵਿਚੋਲਗੀ ਦੇ ਮੁੱਦੇ ’ਤੇ ਕੱਟਿਆ ਕੂਹਣੀ ਮੋੜ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਚੋਲਗੀ ਤੋਂ ਖ਼ੁਦ ਨੂੰ ਲਾਂਭੇ ਕਰਦਿਆਂ ਕਿਹਾ ਕਿ ਚੰਗਾ ਹੋਵੇ ਜੇਕਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਮਿਲ ਬੈਠ ਕੇ ‘ਇਸ ਦਾ ਕੋਈ ਹੱਲ’ ਕੱਢ ਲੈਣ। ਅਮਰੀਕੀ ਸਦਰ ਨੇ ਇਹ ਟਿੱਪਣੀਆਂ ਅੱਜ ਇਥੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਮੌਕੇ ਕੀਤੀਆਂ। ਚੇਤੇ ਰਹੇ ਕਿ ਟਰੰਪ ਨੇ ਲੰਘੇ ਦਿਨ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਮੀਟਿੰਗ ਮੌਕੇ ਕਿਹਾ ਸੀ ਕਿ ਜੇਕਰ ਦੋਵੇਂ ਮੁਲਕ ਹਾਮੀ ਭਰਨ ਤਾਂ ਉਹ ਕਸ਼ਮੀਰ ਮੁੱਦੇ ’ਤੇ ਸਾਲਸ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੋਦੀ ਅਤੇ ਿੲਮਰਾਨ ਮਿਲ ਕੇ ਿੲਹ ਮਸਲਾ ਸੁਲਝਾ ਲੈਣਗੇ। ਇਸ ਦੌਰਾਨ ਸ੍ਰੀ ਮੋਦੀ ਨੇ ਅਮਰੀਕੀ ਸਦਰ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।
ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਮੋਦੀ ਦੀ ਤੁਲਨਾ ਅਮਰੀਕਾ ਦੇ ਉੱਘ ਰਾਕ ਸਟਾਰ ਐਲਵਿਸ ਪ੍ਰੈਸਲੇ ਨਾਲ ਕੀਤੀ। ਟਰੰਪ ਨੇ ਕਿਹਾ ਕਿ ਮੋਦੀ ਨੇ ਭਾਰਤ ਨੂੰ ਇਕਜੁੱਟ ਕੀਤਾ। ਅਸੀਂ ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰ ਪਿਤਾ ਆਖ ਸਕਦੇ ਹਾਂ। ਉਨ੍ਹਾਂ ਕਿਹਾ , ‘‘ ਉਨ੍ਹਾਂ ਦੀ ਮੋਦੀ ਨਾਲ ਨਿਜੀ ਕੈਮਿਸਟਰੀ ਬਹੁਤ ਗੂੜ੍ਹੀ ਹੈ। ਮੋਦੀ ਮਹਾਨ ਵਿਅਕਤੀ ਤੇ ਮਹਾਨ ਨੇਤਾ ਹਨ। ਮੈਨੂੰ ਉਦੋਂ ਦਾ ਭਾਰਤ ਚੇਤੇ ਹੈ ਜਦੋਂ ਉਹ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਤੇ ਝਗੜੇ ਹੁੰਦੇ ਸਨ। ਮੋਦੀ ਨੇ ਇਕ ਪਿਤਾ ਵਾਂਗ ਭਾਰਤ ਨੂੰ ਇਕਜੁੱਟ ਕੀਤਾ।’’ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ‘ਹਾਓਡੀ ਮੋਦੀ’ ਪ੍ਰੋਗਰਾਮ ਦੀ ਫਰੇਮ ਕੀਤੀ ਫੋਟੋ ਭੇਟ ਕੀਤੀ। ਟਰੰਪ ਨੇ ਇਸ ਲਈ ਮੋਦੀ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਇਥੇ ਸੰਯੁਕਤ ਰਾਸ਼ਟਰ
ਆਮ ਸਭਾ ਦੇ ਇਜਲਾਸ ਤੋਂ ਇਕ ਪਾਸੇ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਵਪਾਰ ਤੇ ਅਤਿਵਾਦ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਆਪਣਾ ਗੂੜ੍ਹਾ ਮਿੱਤਰ ਦੱਸਿਆ। ਸ੍ਰੀ ਮੋਦੀ ਨੇ ਕਿਹਾ, ‘ਉਹ (ਟਰੰਪ) ਮੇਰੇ ਦੋਸਤ ਹਨ, ਪਰ ਉਹ ਭਾਰਤ ਦੇ ਵੀ ਚੰਗੇ ਮਿੱਤਰ ਹਨ। ਉਧਰ ਰਾਇਟਰਜ਼ ਨੇ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਭਾਰਤ ਨਾਲ ਜਲਦੀ ਹੀ ਵਪਾਰਕ ਕਰਾਰ ਹੋਣ ਦੀ ਆਸ ਹੈ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਜਦੋਂ ਅਮਰੀਕੀ ਸਦਰ ਨੂੰ ਪਾਕਿਸਤਾਨ ਵੱਲੋਂ ਦਰਪੇਸ਼ ਅਤਿਵਾਦ ਦੇ ਟਾਕਰੇ ਬਾਰੇ ਸਵਾਲ ਪੁੱਛਿਆ ਤਾਂ ਟਰੰਪ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਮੋਦੀ ਅਜਿਹੇ ਹਾਲਾਤ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹਨ।’ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਹ ਮੇਰੇ ਵੱਲੋਂ ਦਿੱਤਾ ਗਿਆ ਸੁਨੇਹਾ ਨਹੀਂ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਸੁਨੇਹਾ ਹੈ। ਤੇ ਮੈਨੂੰ ਲਗਦਾ ਹੈ ਕਿ ਉਹ (ਮੋਦੀ) ਲੰਘੇ ਦਿਨੀਂ ਆਪਣੇ ਇਸ ਸੁਨੇਹੇ ਨੂੰ ਸਪਸ਼ਟ ਕਰ ਚੁੱਕੇ ਹਨ।’

Previous articleBolsonaro makes UN debut, says Amazon is Brazil’s
Next articleਕਸ਼ਮੀਰੀਆਂ ਦੇ ਤੌਖਲੇ ਦੂਰ ਕਰਨ ਦੀ ਲੋੜ: ਭਾਗਵਤ