ਟਰੰਪ ਦਾ ਦੌਰਾ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਵਧਾਂਗੜ ਨਹੀਂ ਬਣਨਾ ਚਾਹੀਦਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਸਿਰਫ ਟਰੰਪ ਦੀ ਪ੍ਰਚਾਰ ਮੁਹਿੰਮ ਦਾ ਵਧਾਂਗੜ ਨਹੀਂ ਬਣਨਾ ਚਾਹੀਦਾ ਅਤੇ ਇਸ ਦੇ ਭਾਰਤ ਲਈ ਠੋਸ ਨਤੀਜੇ ਨਿਕਲਣੇ ਚਾਹੀਦੇ ਹਨ। ਕਾਂਗਰਸ ਦੇ ਸੀਨੀਅਰ ਤਰਜਮਾਨ ਆਨੰਦ ਸ਼ਰਮਾ ਨੇ ਕਿਹਾ ਇਸ ਦੌਰੇ ਵਿੱਚ ਗੰਭੀਰਤਾ, ਡੂੰਘਾਈ ਅਤੇ ਗਤੀਸ਼ੀਲਤਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਵਿਸ਼ੇਸ਼ ਮੁੱਦਿਆਂ ਉੱਤੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਦੋਵਾਂ ਆਗੂਆਂ ਵੱਲੋਂ ਜਾਰੀ ਕੀਤੇ ਸਾਂਝੇ ਐਲਾਨਨਾਮੇ ਵਿੱਚ ਉਭਾਰੇ ਗਏ ਸਨ। ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਨਰਲ ਸਿਸਟਮ ਆਫ ਪ੍ਰੈਫਰੈਂਸ (ਜੀਐੱਸਪੀ) ਭਾਵ ਤਰਜੀਹੀ ਦਰਜੇ ਨੂੰ ਵਾਪਿਸ ਲੈਣ, ਐੱਚ1ਬੀ ਵੀਜ਼ਾ ਅਤੇ ਭਾਰਤੀ ਪੇਸ਼ੇਵਾਰਾਂ ਦੀ ਸਮਾਜਿਕ ਸੁਰੱਖਿਆ ਘੱਟ ਕਰਨ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸ਼ਰਮਾ ਨੇ ਆਸ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਟਰੰਪ ਨਾਲ ਗੱਲਬਾਤ ਦੌਰਾਨ ਇਨ੍ਹਾਂ ਮੁੱਦਿਆਂ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਟਰੰਪ ਦਾ ਦੌਰਾ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਭਾਈਚਾਰੇ ਨੂੰ ਪ੍ਭਾਵਿਤ ਕਰਨ ਲਈ ਇੱਕ ਹਥਿਆਰ ਨਹੀਂ ਬਣਨਾ ਚਾਹੀਦਾ ਸਗੋਂ ਇਹ ਦੇਸ਼ ਹਿੱਤ ਵਿੱਚ ਹੋਣਾ ਚਾਹੀਦਾ ਹੈ। -ਪੀਟੀਆਈ

Previous articleਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ
Next articleਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼