ਕੇਂਦਰ ਨੇ ਸਾਉਣੀ ਦੀਆਂ ਫਸਲਾਂ ਦੇ ਭਾਅ ਐਲਾਨੇ
ਸਰਕਾਰ ਨੇ ਅੱਜ ਝੋਨੇ ਦਾ ਭਾਅ ਸਾਲ 2019-20 ਲਈ 65 ਰੁਪਏ ਕੁਇੰਟਲ ਵਧਾ ਕੇ 1815 ਰੁਪਏ ਕਰ ਦਿੱਤਾ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਦੌਰਾਨ ਸਰਕਾਰ ਨੇ ਤੇਲ ਬੀਜਾਂ, ਦਾਲਾਂ ਅਤੇ ਹੋਰ ਫਸਲਾਂ ਦੇ ਭਾਅ ਵੀ ਵਧਾਏ ਹਨ। ਸਰਕਾਰ ਅਨੁਸਾਰ ਭਾਅ ਵਿੱਚ ਵਾਧੇ ਦੇ ਫੈਸਲੇ ਨਾਲ ਕਿਸਾਨ ਸਾਉਣੀ ਦੀਆਂ ਫਸਲਾਂ ਦੀ ਬਿਜਾਂਦ ਵੱਲ੍ਹ ਵਧੇਰੇ ਉਤਸ਼ਾਹਤ ਹੋਣਗੇ। ਜ਼ਿਕਰਯੋਗ ਹੈ ਕਿ ਝੋਨਾ ਸਾਉਣੀ ਦੀ ਮੁੱਖ ਫਸਲ ਹੈ। ਇਸ ਵਾਰ ਮੌਨਸੂਨ ਵਿੱਚ ਹੋਈ ਦੇਰੀ ਕਾਰਨ ਪਿਛਲੇ ਹਫ਼ਤੇ ਤੱਕ 146.61 ਲੱਖ ਹੈਕਟੇਅਰ ਵਿੱਚ ਹੀ ਫਸਲਾਂ ਦੀ ਬਿਜਾਂਦ ਕੀਤੀ ਜਾ ਸਕੀ ਹੈ ਜਦੋਂ ਕਿ ਪਿਛਲੇ ਸਾਲ 162 ਲੱਖ ਹੈਕਟੇਅਰ ਵਿੱਚ ਫਸਲਾਂ ਬੀਜੀਆਂ ਜਾ ਚੁੱਕੀਆਂ ਸਨ। ਮੌਸਮ ਵਿਭਾਗ ਅਨੁਸਾਰ ਜੁਲਾਈ ਅਤੇ ਅਗਸਤ ਮਹੀਨੇ ਚੰਗੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਾਲ ਲਈ ਸਾਉਣੀ ਦੀਆਂ ਫਸਲਾਂ ਦੇ ਭਾਅ ਦਾ ਐਲਾਨ ਕਰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਝੋਨਾ ਇਸ ਰੁੱਤ ਦੀ ਮੁੱਖ ਫਸਲ ਹੈ, ਜੋ ਮੌਨਸੂਨ ਆਉਣ ਉੱਤੇ ਸ਼ੁਰੂ ਕੀਤੀ ਜਾਂਦੀ ਹੈ ਪਰ ਇਸ ਵਾਰ ਮੌਨਸੂਨ ਪਛੜ ਗਈ ਹੈ। ਕੇਂਦਰ ਸਰਕਾਰ ਨੇ ਸੂਬਾਈ ਸਰਕਾਰਾਂ ਦੇ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਪਰ ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ ਮੌਨਸੂਨ ਆਮ ਦੀ ਤਰ੍ਹਾਂ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਕੀਤੇ ਐਲਾਨ ਅਨੁਸਾਰ ਫਸਲਾਂ ਦੇ ਲਾਗਤ ਮੁੱਲ ਅਨੁਸਾਰ ਭਾਅ ਵਿੱਚ ਘੱਟੋ ਘੱਟ ਡੇਢ ਫੀਸਦੀ ਵਾਧਾ ਕੀਤਾ ਹੈ। ਝੋਨੇ ਵਿੱਚ ਕੀਤਾ 65 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ 3.7 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਆਮ ਝੋਨੇ ਦਾ ਭਾਅ ਵਾਧੇ ਬਾਅਦ 1815 ਰੁਪਏ ਅਤੇ ਏ ਗ੍ਰੇਡ ਦਾ 1835 ਰੁਪਏ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਭਾਅ ਲਾਗਤ ਕੀਮਤ ਤੋਂ 50 ਫੀਸਦੀ ਵੱਧ ਤੈਅ ਕੀਤਾ ਗਿਆ ਹੈ। ਰਾਗੀ ਦੇ ਭਾਅ ਵਿੱਚ 253 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ 3150 ਰੁਪਏ ਕਰ ਦਿੱਤਾ ਹੈ। ਜਵਾਰ ਦੇ ਭਾਅ ਵਿੱਚ 120 ਰੁਪਏ ਵਾਧਾ ਕਰਕੇ 2550 ਰੁਪਏ ਕਰ ਦਿੱਤਾ ਹੈ। ਮੱਕੀ ਦੇ ਭਾਅ ਵਿੱਚ 60 ਰੁਪਏ ਵਾਧਾ ਕਰਕੇ 1760 ਰੁਪਏ ਕੁਇੰਟਲ ਕਰ ਦਿੱਤਾ ਹੈ। ਬਾਜਰੇ ਦੇ ਭਾਅ ਵਿੱਚ 50 ਰੁਪਏ ਵਾਧਾ ਕਰਕੇ 2000 ਰੁਪਏ ਕਰ ਦਿੱਤਾ ਹੈ। ਸਰਕਾਰ ਨੇ ਦਾਲਾਂ ਦੇ ਭਾਅ ਵਿੱਚ ਵੀ ਵਾਧੇ ਦਾ ਐਲਾਨ ਕਰਦਿਆਂ ਮਾਂਹ ਦਾ ਭਾਅ 100 ਰੁਪਏ ਵਧਾ ਕੇ 5700 ਅਤੇ ਮੂੰਗ ਦਾਲ ਦੇ ਭਾਅ ਵਿੱਚ 75 ਰੁਪਏ ਵਾਧਾ ਕਰਕੇ 7050 ਰੁਪਏ ਕਰ ਦਿੱਤਾ ਹੈ। ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਨੇ ਤੇਲ ਬੀਜਾਂ ਦੀ ਦਰਾਮਦ ਨੂੰ ਨਿਰਉਤਸ਼ਾਹਤ ਕਰਨ ਦੇ ਇਰਾਦੇ ਨਾਲ ਤੇਲ ਬੀਜਾਂ ਦੀ ਕੀਮਤ ਵਿੱਚ ਚੰਗਾ ਵਾਧਾ ਕੀਤਾ ਹੈ। ਸੋਇਆਬੀਨ ਦੇ ਭਾਅ ਵਿੱਚ 311 ਰੁਪਏ ਵਾਧਾ ਕੀਤਾ ਗਿਆ ਹੈ। ਇਹ ਹੁਣ 3710 ਰੁਪਏ ਹੋ ਗਿਆ ਹੈ। ਸੂਰਜਮੁਖੀ ਦੇ ਭਾਅ ਵਿੱਚ 262 ਰੁਪਏ ਵਾਧਾ ਕਰਕੇ 5650 ਰੁਪਏ ਕਰ ਦਿੱਤਾ ਹੈ। ਕਪਾਹ ਦੇ ਭਾਅ ਵਿੱਚ ਇੱਕ ਸੌ ਤੋਂ 105 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਇਸ ਸਾਲ ਕਪਾਹ ਦਾ ਭਾਅ 5255 ਰੁਪਏ ਤੋਂ 5550 ਰੁਪਏ ਤੱਕ ਹੋਵੇਗਾ। ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਤੇਜ਼ੀ ਨਾਲ ਕਦਮ ਪੁੱਟ ਰਹੀ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕੇਂਦਰੀ ਖਰੀਦ ਏਜੰਸੀਆਂ ਤੇਲ ਬੀਜਾਂ ਦਾ ਘੱਟ ਤੋਂ ਘੱਟ ਸਹਾਇਕ ਭਾਅ ਦੇਣ ਲਈ ਮਾਰਕੀਟ ਵਿੱਚ ਸਰਗਰਮ ਰਹਿਣਗੀਆਂ।