ਸਹੁੰ-ਚੁੱਕ ਸਮਾਗਮ 29 ਨੂੰ;
ਸੋਰੇਨ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ
ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੇ ਅੱਜ ਕਿਹਾ ਕਿ ਰਾਜਪਾਲ ਦਰੌਪਦੀ ਮੁਰਮੂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਗੱਠਜੋੜ ਵੱਲੋਂ ਉਭਾਰੇ ਗਏ ਹੇਮੰਤ ਸੋਰੇਨ ਨੂੰ ਸਰਕਾਰ ਕਾਇਮ ਕਰਨ ਦਾ ਸੱਦਾ ਦਿੱਤਾ ਹੈ। ਸੋਰੇਨ ਮੰਗਲਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਰਾਜ ਭਵਨ ਗਏ ਸਨ ਤੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਦਿਆਂ 50 ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਸੌਂਪਿਆ ਸੀ। ਰਾਜ ਭਵਨ ਦੇ ਸੂਤਰਾਂ ਮੁਤਾਬਕ ਸਹੁੰ ਚੁੱਕ ਸਮਾਗਮ ਮੋਹਰਾਬਾੜੀ ਮੈਦਾਨ ਵਿਚ 29 ਦਸੰਬਰ ਨੂੰ ਹੋਵੇਗਾ। ਝਾਰਖੰਡ ਵਿਚ ਜੇਐੱਮਐੱਮ, ਕਾਂਗਰਸ, ਰਾਸ਼ਟਰੀ ਜਨਤਾ ਦਲ ਤੇ ਝਾਰਖੰਡ ਵਿਕਾਸ ਮੋਰਚਾ ਰਲ ਕੇ ਸਰਕਾਰ ਬਣਾ ਰਹੇ ਹਨ। ਹੇਮੰਤ ਸੋਰੇਨ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ 29 ਦਸੰਬਰ ਨੂੰ ਰਾਂਚੀ ’ਚ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸੂਤਰਾਂ ਮੁਤਾਬਕ ਉਨ੍ਹਾਂ ਰਾਹੁਲ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਤੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸੋਰੇਨ ਦੇ ਨਾਲ ਕਾਂਗਰਸੀ ਆਗੂ ਕੇ.ਸੀ. ਵੇਣੂਗੋਪਾਲ ਤੇ ਝਾਰਖੰਡ ’ਚ ਪਾਰਟੀ ਇੰਚਾਰਜ ਆਰਪੀਐੱਨ ਸਿੰਘ ਵੀ ਸਨ। ਸੋਰੇਨ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਦਾ ਇਸ ਮੌਕੇ ਸਮਰਥਨ ਲਈ ਧੰਨਵਾਦ ਕੀਤਾ।