ਹਕੂਮਤੀ ਦਾਬੇ ਖ਼ਿਲਾਫ਼ ਲੋਕ ਘਰਾਂ ’ਚੋਂ ਨਿਕਲਣ: ਅਪੂਰਵਾਨੰਦ

ਪੀਪਲਜ਼ ਲਿਟਰੇਰੀ ਫੈਸਟੀਵਲ

ਨਾਗਰਿਕਤਾ ਸੋਧ ਕਾਨੂੰਨ ’ਤੇ ਪੰਜਾਬੀਆਂ ਦੀ ਚੁੱਪ ਉੱਤੇ ਫ਼ਿਕਰਮੰਦੀ ਪ੍ਰਗਟਾਈ

ਪੰਜ ਰੋਜ਼ਾ ‘ਪੀਪਲਜ਼ ਲਿਟਰੇਰੀ ਫੈਸਟੀਵਲ’ ਦੀ ਅੱਜ ਇੱਥੇ ਹੋਈ ਸ਼ੁਰੂਆਤ ਮੌਕੇ ਦੇਸ਼ ਵਿਚ ਹਕੂਮਤੀ ਦਾਬੇ ਨਾਲ ਸਿਰਜੇ ਜਾ ਰਹੇ ਖ਼ੌਫ ਦੇ ਮਾਹੌਲ ’ਤੇ ਤੌਖਲੇ ਪ੍ਰਗਟਾਏ ਗਏ। ਸਮੁੱਚੇ ਦੇਸ਼ ਨੂੰ ਸਾਜ਼ਿਸ਼ੀ ਏਜੰਡੇ ਤਹਿਤ ਫਿਰਕੂ ਲੀਹਾਂ ’ਤੇ ਵੰਡਣ ’ਤੇ ਵਿਚਾਰ ਚਰਚਾ ਹੋਈ। ਚਿੰਤਨ ਸੈਸ਼ਨ ਵਿਚ ਇਹ ਧਰਵਾਸ ਬੱਝਿਆ ਕਿ ਦੇਸ਼ ਵਿਚ ਯੁਵਕ ਕਾਫਲੇ ਫਿਰਕੂ ਸੋਚ ਨੂੰ ਬੰਨ੍ਹ ਮਾਰਨ ਲਈ ਸੜਕਾਂ ’ਤੇ ਨਿਕਲੇ ਹਨ। ਡਾ. ਸਰਦਾਰਾ ਸਿੰਘ ਜੌਹਲ ਨੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਇੱਥੇ ਟੀਚਰਜ਼ ਹੋਮ ’ਚ ਕਰਵਾਏ ਜਾ ਰਹੇ ‘ਪੀਪਲਜ਼ ਲਿਟਰੇਰੀ ਫੈਸਟੀਵਲ’ ਦਾ ਉਦਘਾਟਨ ਕੀਤਾ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਅਪੂਰਵਾਨੰਦ ਨੇ ਮੁੱਖ ਭਾਸ਼ਣ ਵਿਚ ਮੋਦੀ ਸਰਕਾਰ ਵਲੋਂ ਦੇਸ਼ ਵਿਚ ਬਹੁਲਵਾਦ ਦੀ ਧੌਂਸ ਨਾਲ ਬੁਣੇ ਜਾ ਰਹੇ ਤਾਣੇ-ਬਾਣੇ ਦੀਆਂ ਗੁੰਝਲਾਂ ਦਾ ਭੇਤ ਖੋਲ੍ਹਿਆ। ਉਨ੍ਹਾਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤੋੜਨ, ਰਾਮਜਨਮ ਭੂਮੀ ਦੇ ਕਾਹਲੀ ’ਚ ਆਏ ਫ਼ੈਸਲੇ ਅਤੇ ਨਾਗਰਿਕਤਾ ਸੋਧ ਕਾਨੂੰਨ ਪਿਛਲੇ ਛੁਪੇ ਏਜੰਡੇ ’ਤੇ ਚਾਨਣਾ ਪਾਇਆ। ਪ੍ਰੋ. ਅਪਰੂਵਾਨੰਦ ਨੇ ਕਿਹਾ ਕਿ ਹੁਣ ਜਦੋਂ ਭੈਅ ਦੇ ਮਾਹੌਲ ’ਚ ਮੁਸਲਿਮ ਭਾਈਚਾਰਾ ਇਕੱਲਤਾ ਨਾਲ ਜੂਝ ਰਿਹਾ ਹੈ ਤਾਂ ਉਸ ਵੇਲੇ ਯੂਨੀਵਰਸਿਟੀਆਂ ਦਾ ਨੌਜਵਾਨ ਸੰਘਰਸ਼ ਦੇ ਮੈਦਾਨ ਵਿਚ ਕੁੱਦਿਆ ਹੈ। ਦੇਸ਼ ਨੂੰ ਨੌਜਵਾਨ ਰਾਹ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਕਰਮੰਦੀ ਵਾਲੀ ਗੱਲ ਹੈ ਕਿ ਕਿਸੇ ਘੱਟ ਗਿਣਤੀ ਫਿਰਕੇ ਨੇ ਮੁਸਲਮਾਨਾਂ ਨਾਲ ਹੋ ਰਹੀ ਜ਼ਿਆਦਤੀ ਖ਼ਿਲਾਫ਼ ਆਵਾਜ਼ ਨਹੀਂ ਉਠਾਈ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੇ ਪੱਖ ਵਿਚ ਹਾਮੀ ਭਰੀ। ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਰਾਸ਼ਟਰ ਬਣ ਗਿਆ ਹੈ ਕਿ ਅਸੀਂ ਇੱਕ-ਦੂਸਰੇ ਦੇ ਦੁੱਖ ਵਿਚ ਸ਼ਰੀਕ ਹੋਣਾ ਹੀ ਭੁੱਲ ਬੈਠੇ ਹਾਂ। ਦਮਨ ਦਾ ਇਹ ਦੌਰ ਸਮੁੱਚੇ ਸਮਾਜ ਲਈ ਚੁਣੌਤੀ ਹੈ, ਜਿਸ ਖ਼ਿਲਾਫ਼ ਬੋਲਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਿਹਤਰ ਸਮਾਜ ਚਾਹੁੰਦੇ ਹਨ ਤਾਂ ਘਰਾਂ ਵਿਚੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਬੰਦੀਗ੍ਰਹਿ (ਡਿਟੈਂਸਨ ਸੈਂਟਰ) ਨਵੀਂ ਕਿਸਮ ਦਾ ਦਬਾਅ ਪਾਉਣ ਦੇ ਹਥਿਆਰ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਮੁੱਖ ਧਾਰਾ ’ਚੋਂ ਜਲਾਵਤਨ ਕੀਤੇ ਜਾ ਰਹੇ ਮੁਸਲਿਮ ਭਾਈਚਾਰੇ ਦੀ ਪੀੜਾ ’ਚ ਸਮੁੱਚੇ ਦੇਸ਼ ਨੂੰ ਸ਼ਰੀਕ ਹੋਣਾ ਚਾਹੀਦਾ ਹੈ। ਡਾ. ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਮੌਜੂਦਾ ਸੰਕਟ ’ਤੇ ਚਰਚਾ ਕੀਤੀ ਅਤੇ ਕਿਹਾ ਕਿ ਸਿਆਸੀ ਧਿਰਾਂ ਵੱਲੋਂ ਲੋਕ ਹਿੱਤਾਂ ਨੂੰ ਤਿਆਗ ਕੇ ਵੋਟ ਬਟੋਰਨ ਦੇ ਏਜੰਡੇ ਤਰਜੀਹ ’ਤੇ ਰੱਖੇ ਜਾ ਰਹੇ ਹਨ, ਜੋ ਖ਼ਤਰਨਾਕ ਰੁਝਾਨ ਹੈ। ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਮਜਲੂਮਾਂ ਦੀ ਹਮਾਇਤ ’ਤੇ ਰਿਹਾ ਹੈ ਪ੍ਰੰਤੂ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਮਸਲੇ ’ਤੇ ਖ਼ਾਮੋਸ਼ੀ ਚਿੰਤਾ ਵਾਲੀ ਹੈ। ਮੁੱਖ ਸਟੇਜ ਤੋਂ ਪਵਨ ਨਾਦ ਦੀ ਅਨੁਵਾਦਿਤ ਪੁਸਤਕ ‘ਕਵਿਤਾ ਦੇ ਵਿਹੜੇ’, ਰਾਜਪਾਲ ਸਿੰਘ ਦੀ ਪੁਸਤਕ ‘ਇੱਕ ਕਵੀ ਦੀ ਆਤਮ ਕਥਾ’, ਸੁਭਾਸ਼ ਪਰਿਹਾਰ ਦੀ ਪੁਸਤਕ ‘ਸੁਭਾਸ਼ ਪਰਿਰਾਹ ਫੇਸਬੁੱਕ.ਕਾਮ’, ਬਲਵਿੰਦਰ ਭੁੱਲਰ ਦੀ ‘ਉਡਾਰੀਆਂ ਭਰਦੇ ਲੋਕ’ ਅਤੇ ਗੁਰਪ੍ਰੇਮ ਲਹਿਰੀ ਦੀ ਪੁਸਤਕ ‘ਬੁਲੇਟਨਾਮਾ’ ਰਿਲੀਜ਼ ਕੀਤੀਆਂ ਗਈਆਂ। ਫੈਸਟੀਵਲ ਵਿਚ ਸਕੂਲੀ ਵਿਦਿਆਰਥੀਆਂ ਦੇ ਕੋਲਾਜ ਮੇਕਿੰਗ ਮੁਕਾਬਲੇ ਹੋਏ। ਸ਼ਾਮ ਦੇ ਸੈਸ਼ਨ ਵਿਚ ਕਹਾਣੀਕਾਰ ਅਤਰਜੀਤ ਦੀ ਕਹਾਣੀ ’ਤੇ ਆਧਾਰਿਤ ਬਲਰਾਜ ਸਾਗਰ ਵੱਲੋਂ ਨਿਰਦੇਸ਼ਿਤ ਫਿਲਮ ‘ਸਬੂਤੇ ਕਦਮ’ ਦੀ ਸਕਰੀਨਿੰਗ ਕੀਤੀ ਗਈ। ਵਾਣੀ ਪ੍ਰਕਾਸ਼ਨ ਦਿੱਲੀ ਤੋਂ ਇਲਾਵਾ ਦਰਜਨ ਪ੍ਰਕਾਸ਼ਕਾਂ ਨੇ ਪੁਸਤਕ ਪ੍ਰਦਰਸ਼ਨੀ ਲਾਈ। ਇਸ ਤੋਂ ਇਲਾਵਾ ਬਰਗਾੜੀ ਗੁੜ, ਬੀੜ ਸੁਸਾਇਟੀ, ਗਰੀਨ ਐਨਰਜੀ ਫਾਰਮ, ਮੰਡੀ ਖੁਰਦ ਦੇ ਨੌਜਵਾਨ ਦੀ ਸ਼ਹਿਦ ਦੀ ਸਟਾਲ ਆਦਿ ਵਿਚ ਵੀ ਲੋਕਾਂ ਨੇ ਰੁਚੀ ਦਿਖਾਈ। ਫੈਸਟੀਵਲ ਵਿਚ ਸਾਹਿਤ ਸਭਾ ਦੇ ਜਸਪਾਲ ਮਾਨਖੇੜਾ, ਸ਼ੁਭਪ੍ਰੇਮ ਬਰਾੜ, ਗੁਰਬਿੰਦਰ ਬਰਾੜ, ਬਲਜੀਤ ਪੰਮੀ, ਕੁਲਵੰਤ ਗਿੱਲ, ਪ੍ਰੋ. ਤਿਰਲੋਕ ਬੰਧੂ, ਸਟਾਲਿਨਜੀਤ ਬਰਾੜ, ਪ੍ਰੋ. ਬੂਟਾ ਸਿੰਘ ਬਰਾੜ, ਨੀਤੂ ਅਰੋੜਾ, ਭੁਪਿੰਦਰ ਬਰਗਾੜੀ, ਇੰਜ. ਦਰਸ਼ਨ ਭੁੱਲਰ ਤੇ ਸਾਬਕਾ ਮੁੱਖ ਇੰਜਨੀਅਰ ਕਰਨੈਲ ਸਿੰਘ ਮਾਨ ਆਦਿ ਹਾਜ਼ਰ ਸਨ।

Previous articleਝਾਰਖੰਡ: ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ
Next articleਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’