ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਅੱਜ ਸਾਬਕਾ ਮੁੱਖ ਮੰਤਰੀ ਤੇ ਝਾਰਖੰਡ ਵਿਕਾਸ ਮੋਰਚਾ (ਪ੍ਰਜਾਤੰਤਰਿਕ) ਦੇ ਪ੍ਰਧਾਨ ਬਾਬੂਲਾਲ ਮਰਾਂਡੀ ਦੀ ਭਾਜਪਾ ’ਚ ਵਾਪਸੀ ਹੋ ਗਈ। ਇਸ ਮੌਕੇ ਇੱਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਝਾਰਖੰਡ ਵਿਚ ਚੋਣਾਂ ਹਾਰੀ ਹੈ ਤੇ ਉਹ ਲੋਕ ਫ਼ਤਵੇ ਦਾ ਸਨਮਾਨ ਕਰਦੇ ਹਨ। ਵਿਰੋਧੀ ਧਿਰ ਵਜੋਂ ਪਾਰਟੀ ਉਸਾਰੂ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ਲਈ ਨਹੀਂ, ਮੁਲਕ ਨੂੰ ਅੱਗੇ ਲਿਜਾਣ ਲਈ ਕੰਮ ਕਰਦੀ ਹੈ। ਸ਼ਾਹ ਨੇ ਕਿਹਾ ਕਿ ਰਘੂਬਰ ਦਾਸ ਸਰਕਾਰ ਨੇ ਨਰਿੰਦਰ ਮੋਦੀ ਸਰਕਾਰ ਦੀ ਹਰ ਯੋਜਨਾ ਸੂਬੇ ਵਿਚ ਲਾਗੂ ਕੀਤੀ, ਚਾਹੇ ਉਹ ਬਿਜਲੀ ਬਾਰੇ ਹੋਵੇ ਜਾਂ ਪਖ਼ਾਨਿਆਂ, ਗੈਸ ਸਿਲੰਡਰਾਂ ਨਾਲ ਜੁੜੀਆਂ ਸਕੀਮਾਂ ਹੋਣ। ਸ਼ਾਹ ਨੇ ਇਸ ਮੌਕੇ ਰਾਮ ਮੰਦਰ ਦੀ ਉਸਾਰੀ, ਧਾਰਾ 370 ਹਟਾਉਣ ਦਾ ਵੀ ਜ਼ਿਕਰ ਕੀਤਾ। ਮਰਾਂਡੀ ਦੀ ਵਾਪਸੀ ’ਤੇ ਸ਼ਾਹ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਨੂੰ ਪਾਰਟੀ ਵਿਚ ਵਾਪਸ ਲਿਆਉਣ ਲਈ 2014 ਤੋਂ ਜ਼ੋਰ ਲਾ ਰਹੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਮਰਾਂਡੀ ਤੇ ਹੋਰਾਂ ਨੂੰ ਪਾਰਟੀ ਵਿਚ ਪੂਰਾ ਸਨਮਾਨ ਮਿਲੇਗਾ। ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਹੁਣ ਵਿਕਾਸ ਮੋਰਚਾ ਦੇ ਭਾਜਪਾ ਵਿਚ ਰਲਣ ਨਾਲ ਪਾਰਟੀ ਨੂੰ ਕੁਝ ਰਾਹਤ ਮਿਲੀ ਹੈ। ਮਰਾਂਡੀ ਦਾ ਆਦਿਵਾਸੀਆਂ ਵਿਚ ਕਾਫ਼ੀ ਪ੍ਰਭਾਵ ਹੈ ਤੇ ਉਹ ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਰਹਿ ਚੁੱਕੇ ਹਨ। ‘ਨਿੱਜੀ ਤੇ ਜਥੇਬੰਦਕ’ ਕਾਰਨਾਂ ਕਰ ਕੇ ਉਨ੍ਹਾਂ 2006 ਵਿਚ ਭਾਜਪਾ ਛੱਡ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਸੀਏਏ ਬਾਰੇ ‘ਡਰ’ ਫੈਲਾ ਰਹੀਆਂ ਹਨ। ਮਰਾਂਡੀ ਨੇ ਕਿਹਾ ਕਿ ‘ਹਿੰਦੂਤਵ ਕਰ ਕੇ ਹੀ ਮੁਲਕ ਧਰਮ ਨਿਰਪੱਖ ਹੈ।’