ਜੱਜ ਨਿਡਰ ਹੋ ਕੇ ਫ਼ੈਸਲੇ ਕਰਨ: ਜਸਟਿਸ ਰਾਮੰਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਐੱਨ.ਵੀ. ਰਾਮੰਨਾ ਨੇ ਕਿਹਾ ਕਿ ਨਿਆਂਪ੍ਰਣਾਲੀ ਦੀ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਇਸ ਵਿੱਚ ਭਰੋਸਾ ਹੈ ਅਤੇ ਜੱਜਾਂ ਨੂੰ ‘ਆਪਣੇ ਸਿਧਾਂਤਾਂ ’ਤੇ ਕਾਇਮ’ ਅਤੇ ‘ਫ਼ੈਸਲਿਆਂ ਵਿੱਚ ਨਿਡਰ’ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਦਬਾਅ ਅਤੇ ਔਖਿਆਈਆਂ ਝੱਲੀਆਂ ਜਾ ਸਕਣ।

ਜਸਟਿਸ ਰਾਮੰਨਾ ਦੀਆਂ ਇਹ ਟਿੱਪਣੀਆਂ ਇਸ ਕਰਕੇ ਅਹਿਮ ਹਨ ਕਿਉਂਕਿ ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਨੇ ਊਨ੍ਹਾਂ ਖ਼ਿਲਾਫ਼ ਭਾਰਤ ਦੇ ਚੀਫ ਜਸਟਿਸ ਨੂੰ ਪੱਤਰ ਭੇਜ ਕੇ ਦੋਸ਼ ਲਾਏ ਸਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਆਰ. ਲਕਸ਼ਮਣ, ਜਿਨ੍ਹਾਂ ਦਾ 27 ਅਗਸਤ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਸ਼ਨਿੱਚਰਵਾਰ ਨੂੰ ਸ਼ੋਕ ਸਭਾ ਮੌਕੇ ਬੋਲਦਿਆਂ ਜਸਟਿਸ ਰਾਮੰਨਾ ਨੇ ਕਿਹਾ, ‘‘ਨਿਆਂਪਾਲਿਕਾ ਦੀ ਸਭ ਤੋਂ ਵੱਡੀ ਤਾਕਤ ਊਸ ਵਿੱਚ ਲੋਕਾਂ ਦਾ ਭਰੋਸਾ ਹੈ। ਭਰੋਸਾ, ਵਿਸ਼ਵਾਸ ਅਤੇ ਪ੍ਰਵਾਨਗੀ ਲਈ ਆਦੇਸ਼ ਨਹੀਂ ਦਿੱਤੇ ਜਾ ਸਕਦੇੇ, ਇਹ ਕਮਾਊਣੇ ਪੈਂਦੇ ਹਨ।’’

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਲਿਖੇ ਪੱਤਰ ਤੋਂ ਬਾਅਦ ਪੈਂਦੇ ਹੋਏ ਵਿਵਾਦ ਮਗਰੋਂ ਜਸਟਿਸ ਰਾਮੰਨਾ ਪਹਿਲੀ ਵਾਰ ਕਿਸੇ ਜਨਤਕ ਸਮਾਗਮ ਵਿੱਚ ਬੋਲੇ ਹਨ। ਊਨ੍ਹਾਂ ਕਿਹਾ, ‘‘ਚੰਗੀ ਜ਼ਿੰਦਗੀ ਜਿਊਣ ਲਈ ਵਿਅਕਤੀ ਵਿੱਚ ਅਣਗਿਣਤ ਗੁਣ ਹੋਣੇ ਚਾਹੀਦੇ ਹਨ: ਨਿਮਰਤਾ, ਸਬਰ, ਦਿਆਲਤਾ, ਕੰਮ ਦੀ ਲਗਨ ਅਤੇ ਦਿਲਚਸਪੀ ਤਾਂ ਜੋ ਤੁਸੀਂ ਲਗਾਤਾਰ ਸਿੱਖਦੇ ਰਹੋ ਅਤੇ ਨਿਖਰਦੇ ਰਹੋ।’’ ਸੀਨੀਅਰ ਜੱਜ ਨੇ ਅੱਗੇ ਕਿਹਾ, ‘‘ਸਭ ਤੋਂ ਅਹਿਮ ਹੈ, ਖ਼ਾਸ ਕਰਕੇ ਇੱਕ ਜੱਜ ਲਈ, ਕਿ ਊਹ ਆਪਣੇ ਸਿਧਾਂਤਾਂ ’ਤੇ ਅਡੋਲਤਾ ਨਾਲ ਕਾਇਮ ਰਹੇ ਅਤੇ ਆਪਣੇ ਫ਼ੈਸਲਿਆਂ ਵਿੱਚ ਨਿਡਰ ਹੋਵੇ। ਇਹ ਇੱਕ ਜੱਜ ਦਾ ਅਹਿਮ ਗੁਣ ਹੈ, ਜਿਸ ਕਰਕੇ ਊਹ ਹਰ ਤਰ੍ਹਾਂ ਦੇ ਦਬਾਅ ਅਤੇ ਔਖਿਆਈਆਂ ਦਾ ਸਾਹਮਣਾ ਕਰਕੇ ਸਾਰੇ ਅੜਿੱਕੇ ਦਲੇਰੀ ਨਾਲ ਪਾਰ ਕਰ ਸਕਦਾ ਹੈ।’’

ਸਾਬਕਾ ਜੱਜ ਨੂੰ ਯਾਦ ਕਰਦਿਆਂ ਊਨ੍ਹਾਂ ਕਿਹਾ, ‘‘ਸਾਨੂੰ ਸਾਰਿਆਂ ਨੂੰ ਊਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਨਿਰਪੱਖ ਨਿਆਂਪਾਲਿਕਾ ਲਈ ਵੱਚਨਬੱਧ ਹੋਣਾ ਚਾਹੀਦਾ ਹੈ, ਜਿਸ ਦੀ ਮੌਜੂਦਾ ਸਮੇਂ ਵਿੱਚ ਲੋੜ ਹੈ।’’

Previous articleਥਰੂਰ ਦੀਆਂ ਟਿੱਪਣੀਆਂ ਨਾਲ ਭਾਜਪਾ ਤੇ ਕਾਂਗਰਸ ’ਚ ਸ਼ਬਦੀ ਜੰਗ ਛਿੜੀ
Next articleਲੋਕਤੰਤਰ ‘ਬੇਹੱਦ ਮੁਸ਼ਕਲ ਦੌਰ’ ਵਿਚੋਂ ਲੰਘ ਰਿਹਾ ਹੈ: ਸੋਨੀਆ