ਜੰਮੂ (ਸਮਾਜ ਵੀਕਲੀ) : ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅਤਿਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕਰਦਿਆਂ ਉੱਥੋਂ ਵੱਡੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਕੀਤਾ ਹੈ। ਪੁਣਛ ਦੇ ਐੱਸਐੱਸਪੀ ਰਾਮੇਸ਼ ਅੰਗਰਾਲ ਨੇ ਦੱਸਿਆ ਕਿ ਪੁਣਛ ਦੇ ਕਿਰਨੀ ਸੈਕਟਰ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਬਰਾਮਦ ਅਸਲੇ ’ਚ ਚਾਰ ਏਕੇ-47 ਰਾਈਫਲਾਂ, 4 ਮੈਗਜ਼ੀਨ, 141 ਕਾਰਤੂਸ, ਦੋ ਹੱਥਗੋਲੇ, ਡਾਇਰੀਆਂ, ਇੱਕ ਊਠ ਦਾ ਥੈਲਾ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਹਥਿਆਰ ਕਸ਼ਮੀਰ ਘਾਟੀ ’ਚ ਅਤਿਵਾਦੀ ਗੁੱਟ ਲਸ਼ਕਰ-ਏ-ਤਾਇਬਾ ਨੂੰ ਸਪਲਾਈ ਕਰਨ ਵਾਸਤੇ ਤਸਕਰੀ ਰਾਹੀਂ ਮੰਗਵਾਏ ਗਏ ਸਨ। ਇਸ ਸਬੰਧੀ ਪੁਣਛ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਗਗਵਾਲ ਖੇਤਰ ਵਿੱਚ ਇਕ ਮੰਦਿਰ ਨੇੜੇ ਖੁਦਾਈ ਕਰਦਿਆਂ ਅਣਚੱਲਿਆ ਹੱਥਗੋਲਾ ਬਰਾਮਦ ਹੋਇਆ ਹੈ। ਬੰਬ ਡਿਸਪੋਜ਼ਲ ਸਕੁਐਡ ਨੇ ਮਗਰੋਂ ਇਸ ਨੂੰ ਨਕਾਰਾ ਕਰ ਦਿੱਤਾ।