ਤੇਜਸਵੀ ਯਾਦਵ ਨੇ 31ਵਾਂ ਜਨਮ ਦਿਨ ਮਨਾਇਆ

ਪਟਨਾ (ਸਮਾਜ ਵੀਕਲੀ) : ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਬਿਹਾਰ ਅਸੈਂਬਲੀ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਪਹਿਲਾਂ ਅੱਜ ਬੇਹੱਦ ਸਾਦੇ ਸਮਾਗਮ ਦੌਰਾਨ ਆਪਣਾ 31ਵਾਂ ਜਨਮ ਦਿਨ ਮਨਾਇਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਤੇਜਸਵੀ ਯਾਦਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿਹਾਰ ਦੇ ਲੋਕ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਉਸ ਨੂੰ ਜਨਮ ਦਿਨ ਦਾ ਤੋਹਫ਼ਾ ਦੇਣਗੇ। ਲਾਲੂ ਚਾਰਾ ਘੁਟਾਲੇ ਨਾਲ ਜੁੜੇ ਕੇਸਾਂ ਕਰਕੇ ਰਾਂਚੀ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।

ਕਾਂਗਰਸ ਆਗੂ ਰਾਹੁਲ ਗਾਂਧੀ, ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ, ਹਿੰਦੁਸਤਾਨ ਅਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ ਤੇ ਆਰਐੱਲਐੱਸਪੀ ਦੇ ਉਪੇਂਦਰ ਕੁਸ਼ਵਾਹਾ ਨੇ ਤੇਜਸਵੀ ਨੂੰ ਵਧਾਈ ਸੰਦੇਸ਼ ਭੇਜ ਕੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਤੇਜਸਵੀ ਦੇ ਵੱਡੇ ਭਰਾ ਤੇਜ ਪ੍ਰਤਾਪ ਨੇ ‘ਹੈਪੀ ਬਰਥ ਡੇਅ ਸੀਐੱਮ’ ਕਹਿ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਤੇਜਸਵੀ ਦੀ ਵੱਡੀ ਭੈਣ ਮੀਸਾ ਭਾਰਤੀ ਨੇ ਇਸ ਮੌਕੇ ਕੁਝ ਤਸਵੀਰਾਂ ਟਵਿੱਟਰ ’ਤੇ ਪੋਸਟ ਕੀਤੀਆਂ, ਜਿਸ ਵਿੱਚ ਆਰਜੇਡੀ ਆਗੂ ਆਪਣੀ ਮਾਂ ਰਾਬੜੀ ਦੇਵੀ ਤੇ ਭਰਾ ਤੇਜ ਪ੍ਰਤਾਪ ਯਾਦਵ ਦੀ ਹਾਜ਼ਰੀ ਵਿੱਚ ਜਨਮ ਦਿਨ ਦਾ ਕੇਕ ਕੱਟਦਾ ਵਿਖਾਈ ਦੇ ਰਿਹਾ ਹੈ। ਪਾਰਟੀ ਨੇ ਐਤਵਾਰ ਨੂੰ ਤੇਜਸਵੀ ਦੇ ਹਮਾਇਤੀਆਂ ਨੂੰ ਜਨਮ ਦਿਨ ਮੌਕੇ ਜ਼ਾਬਤੇ ਵਿੱਚ ਰਹਿਣ ਤੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਨਾ ਹੋਣ ਲਈ ਕਿਹਾ ਸੀ, ਪਰ ਇਸ ਦੇ ਬਾਵਜੂਦ ਰਾਬੜੀ ਦੇਵੀ ਦੀ 10 ਸਰਕੁਲਰ ਰੋਡ ਸਥਿਤ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ਪਾਰਟੀ ਵਰਕਰ ਇਕੱਠੇ ਹੋਏ।

Previous articleBSP starts preparing for 2022 UP Assembly polls
Next articleਮਹਾਰਾਸ਼ਟਰ ’ਚ ਭੂਚਾਲ ਦਾ ਝਟਕਾ