ਕਿਸ਼ਤਵਾੜ ਜ਼ਿਲ੍ਹੇ ’ਚ ਵਾਪਰਿਆ ਹਾਦਸਾ; ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਇਕ ਬੱਸ ਦੇ ਖੱਡ ਵਿਚ ਡਿੱਗਣ ਨਾਲ 35 ਵਿਅਕਤੀਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਸਮਰੱਥਾ ਤੋਂ ਵੱਧ ਭਰੀ ਹੋਈ ਬੱਸ ਪਹਾੜੀ ਮਾਰਗ ਤੋਂ ਖ਼ਿਸਕ ਕੇ ਡੂੰਘੀ ਖੱਡ ਵਿਚ ਡਿੱਗ ਗਈ। ਇਹ ਬੱਸ ਕੇਸ਼ਵਾਨ ਤੋਂ ਕਿਸ਼ਤਵਾੜ ਜਾ ਰਹੀ ਸੀ ਤੇ ਕੇਸ਼ਵਾਨ-ਥਕਰਾਈ ਮਾਰਗ ਵਿਚਾਲੇ ਸਵੇਰੇ ਕਰੀਬ 7.30 ਵਜੇ ਬੇਕਾਬੂ ਹੋ ਕੇ ਖੱਡ ਵਿਚ ਜਾ ਡਿਗੀ। ਕਿਸ਼ਤਵਾੜ ਦੇ ਡੀਸੀ ਏ.ਐੱਸ. ਰਾਣਾ ਨੇ ਦੱਸਿਆ ਕਿ 28 ਸੀਟਾਂ ਵਾਲੀ ਬੱਸ ਵਿਚ 52 ਜਣੇ ਸਵਾਰ ਸਨ। ਉਨ੍ਹਾਂ ਕਿਹਾ ਕਿ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਦਸੇ ਵਿਚ 17 ਵਿਅਕਤੀ ਫੱਟੜ ਵੀ ਹੋਏ ਹਨ। ਹਾਦਸੇ ਮਗਰੋਂ ਪੁਲੀਸ, ਸੁਰੱਖਿਆ ਏਜੰਸੀਆਂ ਤੇ ਸਥਾਨਕ ਲੋਕਾਂ ਨੇ ਬਚਾਅ ਕਾਰਜ ਆਰੰਭੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ’ਤੇ ਹੈਲੀਕਾਪਟਰ ਦੀ ਵੀ ਮਦਦ ਲਈ ਗਈ ਤੇ ਤਿੰਨ ਯਾਤਰੀਆਂ ਨੂੰ ਘਟਨਾ ਵਾਲੀ ਥਾਂ ਤੋਂ ਜੰਮੂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ। ਰਾਜਪਾਲ ਸੱਤਿਆ ਪਾਲ ਮਲਿਕ ਨੇ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ ਹੈ ਤੇ ਮ੍ਰਿਤਕਾਂ ਦੇ ਵਾਰਿਸਾਂ ਲਈ ਪੰਜ-ਪੰਜ ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ। ਰਾਜਪਾਲ ਨੇ ਕਿਹਾ ਕਿ ਅਗਲੀ ਸੂਬਾਈ ਪ੍ਰਸ਼ਾਸਕੀ ਕੌਂਸਲ ਦੀ ਮੀਟਿੰਗ ਵਿਚ ਅਜਿਹੇ ਹਾਦਸਿਆਂ ਦੇ ਕਾਰਨਾਂ ਤੇ ਹੱਲ ਉੱਤੇ ਵਿਚਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।ਕਾਂਗਰਸ ਨੇ ਆਪਣੇ ਵਰਕਰਾਂ ਨੂੰ ਕਿਸ਼ਤਵਾੜ ਬੱਸ ਹਾਦਸੇ ਦੇ ਪੀੜਤਾਂ ਦੀ ਮਦਦ ਦੀ ਅਪੀਲ ਕੀਤੀ ਹੈ। ਪਾਰਟੀ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਜਿਹੇ ਹਾਦਸੇ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ।