ਜੰਮੂ (ਸਮਾਜ ਵੀਕਲੀ) : ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ’ਚ ਸ਼ਾਮਲ ਕਰਾਊਣ ਲਈ ਸਿੱਖ ਜਥੇਬੰਦੀ ਨੇ ਅੱਜ ਤੋਂ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੈ। ਸਿੱਖ ਯੂਥ ਸੇਵਾ ਟਰੱਸਟ ਨੇ ਸਰਕਾਰ ’ਤੇ ਦਬਾਅ ਪਾਊਣ ਲਈ ਗਾਂਧੀ ਨਗਰ ਸਥਿਤ ਗੁਰਦੁਆਰੇ ਦੇ ਬਾਹਰ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ।
ਟਰੱਸਟ ਦੇ ਚੇਅਰਮੈਨ ਤੇਜਿੰਦਰ ਪਾਲ ਸਿੰਘ ਨੇ ਕਿਹਾ,‘‘ਸਮਾਜ ਦੇ ਸਾਰੇ ਵਰਗਾਂ ਦੀ ਹਮਾਇਤ ਮਿਲਣ ਦੇ ਬਾਵਜੂਦ ਸਾਡੀ ਮੰਗ ਪ੍ਰਤੀ ਕੇਂਦਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਇਹ ਲੋਕਤੰਤਰ ਹੈ ਅਤੇ ਕਿਸੇ ਵੀ ਵਿਤਕਰੇ ਖਿਲਾਫ਼ ਆਵਾਜ਼ ਊਠਾਊਣਾ ਸਾਡਾ ਹੱਕ ਹੈ। ਸਿੱਖ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਜਾਰੀ ਰਖਣਗੇ।’’ ਜਥੇਬੰਦੀ ਦੇ ਚੇਅਰਮੈਨ ਨੇ ਕਿਹਾ ਕਿ 1981 ਤੱਕ ਜੰਮੂ ਕਸ਼ਮੀਰ ’ਚ ਪੰਜਾਬੀ ਭਾਸ਼ਾ ਊਰਦੂ ਵਾਂਗ ਲਾਜ਼ਮੀ ਵਿਸ਼ਾ ਸੀ।
‘ਸੂਬੇ ਦਾ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਤੋਂ ਪਹਿਲਾਂ ਪੰਜਾਬੀ ਜੰਮੂ ਕਸ਼ਮੀਰ ਦੇ ਸੰਵਿਧਾਨ ਦਾ ਅਹਿਮ ਹਿੱਸਾ ਸੀ। ਜੰਮੂ ਕਸ਼ਮੀਰ ਦੀ ਵੱਡੀ ਆਬਾਦੀ ’ਚ ਪੰਜਾਬੀ ਮਕਬੂਲ ਹੈ।’ ਊਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਨਫ਼ੀ ਕਰ ਕੇ ਕੇਂਦਰ ਸਰਕਾਰ ਨੇ ‘ਸਖ਼ਤ ਕਦਮ’ ਊਠਾਇਆ ਹੈ ਜਿਸ ਨਾਲ ਨਾ ਸਿਰਫ਼ ਜੰਮੂ ਕਸ਼ਮੀਰ ਦੀਆਂ ਘੱਟ ਗਿਣਤੀਆਂ ਸਗੋਂ ਮੁਲਕ ਭਰ ਦੇ ਪੰਜਾਬੀ ਬੋਲਦੇ ਲੋਕਾਂ ’ਚ ਇਸ ਫ਼ੈਸਲੇ ਖਿਲਾਫ਼ ਨਾਰਾਜ਼ਗੀ ਹੈ। ਊਨ੍ਹਾਂ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।