ਮਿਨੀਪੋਲਿਸ/ਵਾਸ਼ਿੰਗਟਨ (ਸਮਾਜਵੀਕਲੀ): ਮਿਨੀਪੋਲਿਸ ਵਿੱਚ ਵੀਰਵਾਰ ਦੀ ਰਾਤ ਸਿਆਹਫਾਮ ਜੌਰਜ ਫਲਾਇਡ ਦੀ ਯਾਦ ਵਿੱਚ ਪਹਿਲਾ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਦੇਸ਼ ਭਰ ’ਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਫਲਾਇਡ ਲਈ ਨਿਆਂ ਦੀ ਮੰਗ ਕਰਦਿਆਂ ਤੁਰੰਤ ਪੁਲੀਸ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੋਧਾਂ ਕੀਤੇ ਜਾਣ ਦੀ ਮੰਗ ਕੀਤੀ।
ਸ਼ਰਧਾਂਜਲੀ ਸਮਾਗਮ ਮੌਕੇ ਸਮਾਜਿਕ ਕਾਰਕੁਨਾਂ ਨੇ ਕਿਹਾ, ‘‘ਅਸੀਂ ਸਾਰੀ ਦੁਨੀਆਂ ਵਿੱਚ ਮਾਰਚ ਕਿਉਂ ਕਰ ਰਹੇ ਹਾਂ, ਕਿਉਂਕਿ ਅਸੀਂ ਜੌਰਜ ਵਰਗੇ ਹਾਂ, ਅਸੀਂ ਸਾਹ ਨਹੀਂ ਲੈ ਪਾ ਰਹੇ ਹਾਂ। ਸਮਾਂ ਆ ਗਿਆ ਹੈ ਕਿ ਅਸੀਂ ਜੌਰਜ ਦੇ ਨਾਂ ’ਤੇ ਖੜ੍ਹੇ ਹੋਈਏ ਅਤੇ ਕਹੀਏ ਕਿ ਸਾਡੀਆਂ ਧੌਣਾਂ ਤੋਂ ਆਪਣੇ ਗੋਡੇ ਚੁੱਕੋ।’’ ਸ਼ੋਕ ਸਭਾ ਵਿੱਚ ਸ਼ਾਮਲ ਲੋਕਾਂ ਨੂੰ 8 ਮਿੰਟ 46 ਸਕਿੰਟਾਂ ਲਈ ਮੋਨ ਧਾਰਨ ਲਈ ਕਿਹਾ ਗਿਆ ਕਿਉਂਕਿ ਫਲਾਇਡ ਏਨਾ ਸਮਾਂ ਹੀ ਤੜਪਦਾ ਰਿਹਾ ਸੀ।
ਦੱਸਣਯੋਗ ਹੈ ਕਿ ਹਿਊਸਟਨ ਵਾਸੀ ਅਫਰੀਕੀ-ਅਮਰੀਕੀ ਫਲਾਇਡ ਨੂੰ ਗੋਰੇ ਪੁਲੀਸ ਅਫਸਰਾਂ ਨੇ 25 ਮਈ ਨੂੰ ਹੱਥਕੜੀਆਂ ਲਾ ਕੇ ਸੜਕ ’ਤੇ ਸੁੱਟਿਆ ਅਤੇ ਕਰੀਬ ਨੌਂ ਮਿੰਟ ਊਸ ਦੀ ਧੌਣ ’ਤੇ ਗੋਡਾ ਰੱਖੀ ਰੱਖਿਆ। ਊਹ ਸਾਹ ਲੈਣ ਲਈ ਤੜਫ਼ਦਾ ਅਖੀਰ ਦਮ ਤੋੜ ਗਿਆ। ਅੱਜ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਅਮਰੀਕੀਆਂ ਨੇ ‘ਬਲੈਕ ਲਾਈਵਜ਼ ਮੈਟਰ’ ਦੇ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਸਲੀ ਹਿੰਸਾ ਵਿਰੁਧ ਨਾਅਰੇਬਾਜ਼ੀ ਕੀਤੀ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੌਮੀ ਸ਼ੋਕ ਦਿਹਾੜਾ ਹੈ। ਊਨ੍ਹਾਂ ਕਿਹਾ ਕਿ ਨਸਲੀ ਹਿੰਸਾ ਖ਼ਤਮ ਕਰਨ ਅਤੇ ਬਰਾਬਰੀ ਲਈ ਊਨ੍ਹਾਂ ਵਲੋਂ ਸੈਨੇਟ ਦੇ ਡੈਮੋਕਰੈਟਾਂ ਨਾਲ ਕਾਨੂੰਨ ’ਤੇ ਕੰਮ ਕੀਤਾ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਹੁੰਦਾ, ਊਹ ਟਿਕ ਕੇ ਨਹੀਂ ਬੈਠਣਗੇ।