(ਸਮਾਜਵੀਕਲੀ)
ਇੱਕ ਸੂਝਵਾਨ ਲੇਖਕ ਦੀਆਂ ਲਿਖਤਾਂ ਵਿੱਚ ਉਸ ਦੇ ਆਪਣੇ ਜੀਵਨ – ਅਨੁਭਵਾਂ ਦਾ ਹੋਣਾ ਜ਼ਰੂਰੀ ਹੈ ; ਕਿਉਂ ਜੋ ਉਸ ਦੇ ਚਾਹਵਾਨ ਪਾਠਕ ਆਪਣੇ ਲੇਖਕ ਦੇ ਜੀਵਨ ਤਜਰਬਿਆਂ ਅਤੇ ਕੌੜੇ – ਮਿੱਠੇ ਪਹਿਲੂਆਂ ਤੋਂ ਕੁਝ ਸਿੱਖ ਕੇ ਜੀਵਨ – ਪੰਧ ਨੂੰ ਆਸਾਨ ਬਣਾ ਸਕਣ । ਇਸੇ ਤੱਥ ਦੇ ਪ੍ਰਕਾਸ਼ ਅਧੀਨ ਮੈਂ ਕੁਝ ਲਿਖਣ ਦੀ ਠਾਣੀ। ਲਿਖਣ ਤੋਂ ਪਹਿਲਾਂ ਕਈ ਵਾਰ ਸਵੈ – ਕੇਂਦਰਿਤ ਹੋ ਕੇ ਸੋਚਿਆ ਵੀ ਤੇ ਲਿਖਣਾ ਆਰੰਭ ਕਰ ਦਿੱਤਾ।
ਵਿਅਕਤੀ ਜੇਕਰ ਜੀਵਨ ਪੱਥ ‘ਤੇ ਤੁਰਦਾ ਹੋਇਆ ਨਿਮਰਤਾ ਨਾਲ ਦਿਲੋਂ ਨੀਵਾਂ ਬਣ ਕੇ ਆਪਣੇ – ਆਪ ਨੂੰ ਛੋਟਾ ਸਮਝ ਕੇ ਜੀਵਨ ਦਾ ਸਫ਼ਰ ਤੈਅ ਕਰੇ ਤਾਂ ਜੀਵਨ ਬਸਰ ਕਰਨ ਦੇ ਹੋਰ ਤੌਰ – ਤਰੀਕਿਆਂ ਨਾਲੋਂ ਇੱਕ ਅਲੌਕਿਕ , ਰੂਹਾਨੀ , ਵੱਖਰਾ , ਸਦਾਚਾਰਕ ਤੇ ਫ਼ਕੀਰੀ ਆਨੰਦ ਮਹਿਸੂਸ ਹੋ ਸਕਦਾ ਹੈ ; ਕਿਉਂਕਿ ਛੋਟੇ ਤੋਂ ਛੋਟੇ ਨਾਲੇ – ਨਦੀਆਂ ਨਿਵਾਣ ਵੱਲ ਨੂੰ ਜਾ ਕੇ ਵਿਸ਼ਾਲ ਸਮੁੰਦਰ ਵਿੱਚ ਰਲ ਕੇ ਇੱਕ – ਮਿਕ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਖੁਦ ਦਾ ਅਸਤੀਤਵ ਮਿਟ ਜਾਂਦਾ ਹੈ , ਫਿਰ ਉਹ ‘ਸਮੁੰਦਰ’ ਅਖਵਾਉਂਦੇ ਹਨ। ਇਹ ਹੈ ਨੀਵਾਂ ਹੋ ਕੇ ਵਿਚਰਨ , ਰਹਿਣ ਤੇ ਆਚਾਰ – ਵਿਹਾਰ ਕਰਨ ਦੀ ਮਹਿਮਾ।
ਹੋ ਸਕੇ ਤਾਂ ਵਿਅਕਤੀ ਜੀਵਨ – ਭਰ ਇੱਕ ਜਗਿਆਸੂ ਤੇ ਇੱਕ ਵਿਦਿਆਰਥੀ ਦੀ ਤਰ੍ਹਾਂ ਮਹਿਸੂਸ ਕਰਦਾ ਹੋਇਆ ਵਿਚਰੇ , ਜੀਵਨ – ਪੰਧ ‘ਤੇ ਚੱਲਦਾ ਜਾਵੇ । ਹਮੇਸ਼ਾ ਕੁਝ ਨਵਾਂ ਪੜ੍ਹਨ , ਸਮਝਣ , ਅਖ਼ਤਿਆਰ ਕਰਨ ਅਤੇ ਸਿੱਖਣ ਦੀ ਕਾਮਨਾ ਰੱਖੇ, ਇਸ ਨਾਲ ਵੀ ਜੀਵਨ ਮਧੁਰ ਤੇ ਖੁਸ਼ਨੁਮਾ ਬਣਿਆ ਰਹਿੰਦਾ ਹੈ। ਅਸੀਂ ਕਈ ਦਫ਼ਾ ਦੁਖੀ ਅਤੇ ਤੰਗ ਪ੍ਰੇਸ਼ਾਨ ਹੋ ਕੇ ਰੱਬ ਅਤੇ ਉਸ ਦੀ ਹੋਂਦ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੰਦੇ ਹਾਂ । ਜਦੋਂ ਕਿ ਅਜਿਹਾ ਨਹੀਂ ਹੈ ।
ਅਸੀਂ ਸਮਝੀਏ , ਮੰਨੀਏ, ਕਹੀਏ , ਵਿਚਾਰੀਏ ਜਾਂ ਅਨੁਭਵ ਕਰੀਏ ਭਾਵੇਂ ਨਾ ਕਰੀਏ , ਪਰ ਜੋ ਹੈ , ਜਿਸ ਦਾ ਅਸਤਿਤਵ ਹੈ , ਹੋਂਦ ਹੈ , ਉਹ ਤਾਂ ਹੋਵੇਗਾ ਹੀ ਤੇ ਰਹੇਗਾ ਹੀ। ਜਿਵੇਂ ਜੇਕਰ ਠੰਢੀ ਵਸਤੂ ਨੂੰ ਅਸੀਂ ਭਾਵੇਂ ਗਰਮ ਕਹੀ ਜਾਈਏ , ਪਰ ਠੰਢੀ ਵਸਤੂ ਰਹੇਗੀ ਤਾਂ ਠੰਢੀ ਹੀ। ਸਾਡੇ ਸਮਝਣ , ਕਹਿਣ ਨਾਲ ਕਿਸੇ ਦੀ ਹੋਂਦ , ਉਸ ਦੀ ਅਣਹੋਂਦ ਵਿੱਚ ਨਹੀਂ ਵਿੱਚ ਬਦਲ ਜਾਣੀ ਹੁੰਦੀ। ਅਨੇਕਾਂ ਬੁੱਧੀਜੀਵੀਆਂ ਨੇ ਸੰਗੀਤ ਦੀ ਸਾਡੇ ਜੀਵਨ ਵਿੱਚ ਵਿਸ਼ੇਸ਼ ਤਵੱਜੋਂ ਦੱਸੀ ਤੇ ਸਮਝੀ ਹੈ।
ਇਸ ਲਈ ਹਰ ਇਨਸਾਨ ਨੂੰ ਆਪਣੀ ਦਿਨਚਰਿਆ ਦੇ ਕੁੱਝ ਪਲ ਸੰਗੀਤ ਦਾ ਆਨੰਦ ਮਾਨਣ ਸੰਗੀਤ ਸੁਣਨ ਲਈ ਅਰਪਣ ਕਰਨਾ ਜ਼ਰੂਰੀ ਹੈ। ਇਸ ਨਾਲ ਸਾਨੂੰ ਇੱਕ ਵੱਖਰੀ ਊਰਜਾ , ਤਾਜ਼ਗੀ , ਨਵੀਆਂ ਭਾਵਨਾਵਾਂ , ਨਵੇਂ ਵਿਚਾਰ , ਸਕਾਰਾਤਮਕਤਾ , ਖੁਸ਼ੀ , ਉਮੰਗ , ਤਰੰਗ , ਜੋਸ਼ ,ਆਸ ਤੇ ਉਤੇਜਨਾ ਪ੍ਰਾਪਤ ਹੁੰਦੀ ਹੈ । ਆਪਣੀ ਪਸੰਦ ਦਾ ਸੰਗੀਤ ਜ਼ਰੂਰ ਸੁਣੋ। ਜੀਵਨ ਵਿੱਚ ਛੋਟੇ – ਵੱਡੇ ਉਤਰਾਅ – ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਚਲੇ ਵੀ ਜਾਂਦੇ ਹਨ , ਪ੍ਰੰਤੂ ਸਾਨੂੰ ਸਿਦਕ – ਸਿਰੜ ‘ਤੇ ਫੁੱਲ ਚੜ੍ਹਾਉਂਦੇ ਰਹਿਣਾ ਚਾਹੀਦਾ ਹੈ ਅਤੇ ਛੇਤੀ ਹੀ ਪੈਰ ਨਹੀਂ ਛੱਡ ਦੇਣੇ ਚਾਹੀਦੇ ਤੇ ਜੀਵਨ ਦੇ ਦੁਚਿੱਤੀ ਤੇ ਔਕੜਾਂ ਭਰੇ ਸਮੇਂ ਵਿੱਚ ਕਦੇ ਵੀ ਆਤਮ – ਹੱਤਿਆ ਅਜਿਹੇ ਗੈਰ – ਮਨੁੱਖੀ ਤੇ ਗ਼ੈਰ – ਇਖ਼ਲਾਕੀ ਕਦਮ ਨਹੀਂ ਚੁੱਕਣੇ ਚਾਹੀਦੇ ।
ਸਾਨੂੰ ਆਪਣੇ ਮਨ ਦਿਲ ਦੀਆਂ ਗੱਲਾਂ, ਭਾਵਨਾਵਾਂ, ਇੱਛਾਵਾਂ , ਆਪਣੇ ਵਲਵਲੇ ਹਮੇਸ਼ਾ ਆਪਣੇ ਪਰਿਵਾਰ ਵਿੱਚ, ਮਿੱਤਰਾਂ – ਦੋਸਤਾਂ ਨਾਲ ਜਾਂ ਚੰਗੇ ਹਮ – ਉਮਰ ਜਾਂ ਹਮ – ਰੁਤਬਾ ਅਤੇ ਸਹਿਕਰਮੀਆਂ , ਵਟਸਐਪ, ਫੇਸਬੁੱਕ ਦੋਸਤਾਂ ਆਦਿ ਨਾਲ ਜਰੂਰ ਜਰੂਰ ਜ਼ਰੂਰ ਸਾਂਝੇ ਕਰਦੇ ਰਹਿਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਸਿਦਕ ਸਿਰੜ ਨਾਲ ਇਸ ਗੱਲ ‘ਤੇ ਪਹਿਰਾ ਦੇਣਾ ਚਾਹੀਦਾ ਹੈ, ” ਜ਼ਿੰਦਗੀ ਵਿੱਚ ਹਮੇਸ਼ਾ ਤੁਰਦੇ ਰਹਿਣਾ ਹੈ , ਕਦੇ ਭੁੱਲ ਕੇ ਵੀ ਖ਼ੁਦਕੁਸ਼ੀ ਦੇ ਰਾਹ ਨਹੀਂ ਪੈਣਾ ਹੈ। ”
ਇਸ ਤੋਂ ਇਲਾਵਾ ਅਧਿਆਤਮਕ ਪੱਖ ਤੋਂ ਵੀ ਸਾਨੂੰ ਆਪਣੇ – ਆਪ ਨੂੰ ਪਰਮ ਪਿਤਾ ਪ੍ਰਮਾਤਮਾ ਅੱਗੇ ਸਮਰਪਣ ਕਰ ਦੇਣਾ ਬਣਦਾ ਹੈ ਅਤੇ ਪੂਰਨ ਆਸਥਾ ਨਾਲ ਉਸ ਦੀ ਰਜ਼ਾ ਨੂੰ ਮੰਨ ਲੈਣਾ ਹੀ ਸਹੀ ਹੈ। ਜੀਵਨ ਵਿੱਚ ਹਮੇਸ਼ਾ ਪ੍ਰਾਪਤੀ ਦੀ ਕਾਮਨਾ ਕਰਦੇ ਰਹਿਣਾ ਸਹੀ ਨਹੀਂ , ਸਗੋਂ ਤਿਆਗ ਭਾਵਨਾ ਦਾ ਸਾਡੀ ਸੋਚ ਅਤੇ ਵਿਵਹਾਰ ਵਿੱਚ ਆਉਣਾ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ। ਜਦੋਂ ਇਹ ਭਾਵਨਾ ਮਨ ਅੰਦਰ ਵਿਕਸਿਤ ਹੋ ਗਈ ਤਾਂ ਕਈ ਔਗੁਣ ਖ਼ੁਦ – ਬ – ਖ਼ੁਦ ਖੰਭ ਲਾ ਉੱਡ ਜਾਂਦੇ ਨੇ। ਜੀਵਨ ਵਿੱਚ ਆਪਣੇ ਕੰਮ ਧੰਦੇ ਤੋਂ ਇਲਾਵਾ ਕਿਸੇ ਨਾ ਕਿਸੇ ਰੁਚੀ ਨੂੰ ਵੀ ਜ਼ਰੂਰ ਪਹਿਲ ਦਿਓ।
ਕੋਈ ਨਾ ਕੋਈ ਰੁਚੀ ਸਾਨੂੰ ਜੀਵਨ ਦੀ ਲੈਅ ਬਣਾਈ ਰੱਖਣ ਵਿੱਚ ਅਗ੍ਰਣੀ ਭੂਮਿਕਾ ਨਿਭਾਉਂਦੀ ਹੈ। ਭਾਵੇਂ ਹਰ ਰੋਜ਼ ਤਾਂ ਨਾ ਸਹੀ , ਪਰ ਕਦੇ – ਕਦੇ ਕਲਪਨਾ ਦੀ ਉਡਾਰੀ ਨੂੰ ਖੰਭ ਲਾ ਕੇ ਉੱਡਣ ਦਿਆ ਕਰੋ। ਕਲਪਨਾ ਸਾਡੇ ਵਿੱਚ ਨਵੀਂ ਤਾਜ਼ਗੀ ਤੇ ਆਸ ਜਾਗ੍ਰਿਤ ਕਰ ਦਿੰਦੀ ਹੈ। ਕਲਪਨਾ ਨਾਲ ਮਨ , ਤਨ , ਦਿਮਾਗ , ਦਿਲ , ਭਾਵਨਾਵਾਂ ਤੇ ਸੋਚ ਨੂੰ ਜੋ ਅਲੌਕਿਕ ਅਨੰਦ ਮਿਲ਼ਦਾ ਹੈ , ਉਸ ਨੂੰ ਕਲਮ ਬਿਆਨ ਨਹੀਂ ਕਰ ਸਕਦੀ। ਹਮੇਸ਼ਾ ਦੂਸਰਿਆਂ ਨੂੰ ਖ਼ੁਸ਼ੀ , ਸਕੂਨ, ਆਨੰਦ ਪ੍ਰਦਾਨ ਕਰਨ ਦੀ ਕੋਸ਼ਿਸ਼ ਤੇ ਇੱਛਾ ਮਨ ਤੇ ਕਰਮ ਵਿੱਚ ਰੱਖੋ।
ਦੂਸਰੇ ਦੀਆਂ ਗੱਲਾਂ ਤੇ ਭਾਵਨਾਵਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਨ – ਸਮਝਣ ਦੀ ਕੋਸ਼ਿਸ਼ ਕਰਨਾ ਵੀ ਜੀਵਨ ਵਿੱਚ ਜ਼ਰੂਰੀ ਹੈ; ਕਿਉਂਕਿ ਅੱਜ ਹਰ ਕੋਈ ਆਪਣੀ ਗੱਲ ਸੁਣਾਉਣ ਨੂੰ ਤਵੱਜੋ ਦਿੰਦਾ ਹੈ, ਕੋਈ ਕਿਸੇ ਨੂੰ ਸੁਣਦਾ – ਸਮਝਦਾ ਘੱਟ ਹੀ ਹੈ। ਦੂਸਰਿਆਂ ਨਾਲ ਚਲਾਕੀ ਵਰਤਣ ਦੀ ਕੋਸ਼ਿਸ਼ ਕਰਨਾ ਸਾਡੇ ਚਰਿੱਤਰ ਸਾਡੀ ਸੋਚ ‘ਤੇ ਪ੍ਰਸ਼ਨ ਚਿੰਨ ਲਗਾ ਦਿੰਦਾ ਹੈ। ਇਸ ਲਈ ਅਜਿਹਾ ਕਰਨ ਤੋਂ ਗੁਰੇਜ਼ ਕਰੋ। ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਕਿ ਮੇਰੇ ਅਨੁਭਵ , ਮੇਰੀ ਸੋਚ ਤੇ ਮੇਰੇ ਵਿਚਾਰ ਮੇਰੇ ਪਿਆਰੇ ਪਾਠਕਾਂ ਤੀਕ ਪਹੁੰਚ ਸਕਣ ਤੇ ਉਹ ਸੁਚਾਰੂ – ਜੀਵਨ ਬਸਰ ਕਰ ਸਕਣ । ਦੋਸਤੋ ! ਬਾਕੀ ਕਦੇ ਫੇਰ ਸਹੀ ….
ਤੁਹਾਡਾ ਆਪਣਾ ,